ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਉੱਤਰ-ਪੂਰਬੀ ਦਿੱਲੀ ਦੇ ਜੋਤੀ ਨਗਰ ਖੇਤਰ ਵਿੱਚ ਅੱਜ ਇੱਕ ਵੈਨ ਅਤੇ ਇੱਕ ਡੀਟੀਸੀ ਬੱਸ ਦੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਹਨ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਟੱਕਰ ਜੋਤੀ ਨਗਰ ’ਚ ਲੋਨੀ ਗੋਲ ਚੱਕਰ ਨੇੜੇ ਫਲਾਈਓਵਰ ’ਤੇ ਦੁਪਹਿਰ ਲਗਪਗ 12.30 ’ਤੇ ਹੋਈ ਹੈ ਅਤੇ ਇਸ ਵੈਨ ਦੀ ਵਰਤੋਂ ਟੈਕਸੀ ਵਜੋਂ ਕੀਤੀ ਜਾ ਰਹੀ ਸੀ।
ਡੀਟੀਸੀ ਬੱਸ ਭਜਨਪੁਰਾ ਤੋਂ ਨੰਦਨਗਰੀ ਵੱਲ ਜਾ ਰਹੀ ਸੀ ਤੇ ਸਾਹਮਣੇ ਵਾਲੇ ਪਾਸੇ ਤੋਂ ਈਕੋ ਵੈਨ ਆ ਰਹੀ ਸੀ। ਅਚਾਨਕ ਵੈਨ ਡਿਵਾਈਡਰ ਟੱਪ ਕੇ ਸਾਹਮਦੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇੇ ਵਿੱਚ ਇਕ ਔਰਤ ਸਣੇ ਤਿੰਨ ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚੋਂ ਔਰਤ ਦੀ ਪਛਾਣ ਸਵਿਤਾ (55) ਵਜੋਂ ਹੋਈ ਹੈ, ਜਦਕਿ ਬਾਕੀ ਦੋਵੇਂ ਮ੍ਰਿਤਕਾਂ ਦੀ ਪਛਾਣ ਹਾਲੇ ਹੋਣੀ ਬਾਕੀ ਹੈ। ਦੂਜੇ ਪਾਸੇ ਈਕੋ ਵੈਨ ਵਿੱਚ 11 ਜਣੇ ਸਵਾਰ ਸਨ। ਹਾਦਸੇ ਵਿੱਚ ਅੱਠ ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ।
ਜ਼ਖਮੀਆਂ ਦੀ ਪਛਾਣ ਨਿਤੇਸ਼ (25), ਉਸ ਦੀਆਂ 14 ਅਤੇ 9 ਸਾਲ ਦੀਆਂ ਦੋ ਭੈਣਾਂ, ਨੰਦ ਕਿਸ਼ੋਰ ਚੌਧਰੀ (45), ਉਸ ਦੀ ਪਤਨੀ ਰੀਨਾ (42), ਉਨ੍ਹਾਂ ਦਾ 14 ਸਾਲਾ ਬੇਟਾ ਈਕੋ ਵੈਨ ਡਰਾਈਵਰ ਮੋਤੀ ਸਿੰਘ (35) ਤੇ ਮਨਜ਼ੂਰ ਅੰਸਾਰੀ (35)ਵਜੋਂ ਹੋਈ ਹੈ। ਡੀਸੀਪੀ ਨੇ ਕਿਹਾ ਕਿ ਜੋਤੀ ਨਗਰ ਪੁਲੀਸ ਸਟੇਸ਼ਨ ਵਿੱਚ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।