ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਸਤੰਬਰ
ਇੱਥੇ ਅੱਜ ਸਵੇਰੇ ਕਰੋਲ ਬਾਗ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੱਧ ਦਿੱਲੀ ਦੇ ਸੰਘਣੀ ਆਬਾਦੀ ਵਾਲੇ ਖੇਤਰ ਬਾਪਾ ਨਗਰ ਵਿੱਚ ਸਵੇਰੇ 9 ਵਜੇ ਵਾਪਰੀ। ਪੁਲੀਸ ਡਿਪਟੀ ਕਮਿਸ਼ਨਰ (ਕੇਂਦਰੀ), ਐੱਮ ਹਰਸ਼ਵਰਧਨ ਨੇ ਕਿਹਾ ਕਿ ਪ੍ਰਸਾਦ ਨਗਰ ਪੁਲੀਸ ਸਟੇਸ਼ਨ ਨੂੰ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲੀ ਸੀ। ਲਗਪਗ 25 ਵਰਗ ਗਜ਼ ਦੇ ਪਲਾਟ ’ਤੇ ਦੋ ਮੰਜ਼ਿਲਾ ਢਾਂਚਾ ਬਣਿਆ ਸੀ। ਇਮਾਰਤ ਡਿੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਪਰ ਇਮਾਰਤ ਦੀ ਉਮਰ ਤੇ ਸ਼ਹਿਰ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਸ਼ ਦੇ ਪਾਣੀ ਦੇ ਰਿਸਣ ਕਾਰਨ ਇਹ ਹਾਦਸਾ ਵਾਪਰਿਆ ਜਾਪਦਾ ਹੈ।
ਦਿੱਲੀ ਦੇ ਮਨੋਨੀਤ ਮੁੱਖ ਮੰਤਰੀ ਆਤਿਸ਼ੀ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਪੀੜਤਾਂ ਦੀ ਮਦਦ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਆਤਿਸ਼ੀ ਨੇ ਲਿਖਿਆ ਕਿ ਇਹ ਘਟਨਾ ਦੁਖਦਾਈ ਹੈ। ਉਹ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਨਿਰਦੇਸ਼ ਦਿੰਦੇ ਹਨ ਕਿ ਉਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਕਰਨ ਤੇ ਇਹ ਯਕੀਨੀ ਬਣਾਉਣ ਕਿ ਜ਼ਖਮੀਆਂ ਦਾ ਤੁਰੰਤ ਇਲਾਜ ਕੀਤਾ ਜਾਵੇ। ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਆਤਿਸ਼ੀ ਨੇ ਕਿਹਾ ਕਿ ਇਸ ਸਾਲ ਬਹੁਤ ਬਾਰਿਸ਼ ਹੋਈ ਹੈ। ਜੇ ਕਿਸੇ ਨੂੰ ਮਕਾਨਾਂ ਦੇ ਢਾਂਚੇ ਵਿੱਚ ਖਤਰੇ ਦੇ ਸੰਕੇਤ ਨਜ਼ਰ ਆਉਂਦੇ ਹਨ ਤਾਂ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਸਰਕਾਰ ਜਲਦੀ ਕਾਰਵਾਈ ਕਰੇਗੀ।
ਮ੍ਰਿਤਕਾਂ ਲਈ ਕਰੋੜ ਅਤੇ ਜ਼ਖ਼ਮੀਆਂ ਲਈ ਪ੍ਰਤੀ ਵਿਅਕਤੀ ਪੰਜ ਲੱਖ ਰੁਪਏ ਮੁਆਵਜ਼ਾ ਮੰਗਿਆ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਮੇਅਰ ਡਾ. ਸ਼ੈਲੀ ਓਬਰਾਏ ਨੇ ਅਜਿਹੀਆਂ ਖਸਤਾ ਹਾਲ ਇਮਾਰਤਾਂ ਦੇ ਸਰਵੇਖਣ ਲਈ ਉਨ੍ਹਾਂ ਦੀਆਂ ਵਾਰ-ਵਾਰ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਬਾਪਾ ਨਗਰ ਵਿੱਚ ਅੱਜ ਇਮਾਰਤ ਡਿੱਗਣ ਦੀ ਘਟਨਾ ਲਈ ਉਨ੍ਹਾਂ ਦੀ ਲਾਪ੍ਰਵਾਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਮ੍ਰਿਤਕਾਂ ਲਈ 1 ਕਰੋੜ ਰੁਪਏ ਅਤੇ ਜ਼ਖਮੀਆਂ ਲਈ 5 ਲੱਖ ਰੁਪਏ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸਦਰ ਪਹਾੜਗੰਜ ਅਤੇ ਆਰ ਡਬਲਿਊਈਏ ਮੁਰੰਮਤ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਮੌਨਸੂਨ ਦੇ ਮੱਦੇਨਜ਼ਰ ਉਨ੍ਹਾਂ ਮੇਅਰ ਨੂੰ ਅਜਿਹੀਆਂ ਖਸਤਾ ਹਾਲ ਇਮਾਰਤਾਂ ਦਾ ਸਹੀ ਸਰਵੇਖਣ ਕਰਨ ਅਤੇ ਉਚਿਤ ਮੁਰੰਮਤ ਕਰਨ ਜਾਂ ਖਾਲੀ ਕਰਨ ਦੇ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਸੀ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮ੍ਰਿਤਕਾਂ ਲਈ 1 ਕਰੋੜ ਅਤੇ ਜ਼ਖਮੀਆਂ ਲਈ 5 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।