ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਫਰਵਰੀ
ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਿੱਚ ਵਰਤੇ ਜਾਂਦੇ 50 ਕਿਲੋ ਰਸਾਇਣ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਕਥਿਤ ਮਾਸਟਰਮਾਈਂਡ ਇੱਕ ਤਾਮਿਲ ਫਿਲਮ ਨਿਰਮਾਤਾ ਫਿਲਹਾਲ ਫਰਾਰ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ। ਅਧਿਕਾਰੀਆਂ ਮੁਤਾਬਕ ਚਾਰ ਮਹੀਨਿਆਂ ਤੱਕ ਨਿਗਰਾਨੀ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਦਿੱਲੀ ਵਿਚਲੇ ਸਰਗਨੇ ਆਸਟਰੇਲੀਆ ਨੂੰ ਇੱਕ ਹੋਰ ਸ਼ਿਪਮੈਂਟ ਭੇਜਣ ਦੀ ਤਿਆਰੀ ਕਰ ਰਹੇ ਸਨ। ਸਪੈਸ਼ਲ ਸੈੱਲ ਨੇ 24 ਘੰਟੇ ਨਿਗਰਾਨੀ ਕੀਤੀ ਤੇ ਪੱਛਮੀ ਦਿੱਲੀ ਦੇ ਬਸਾਈ ਦਾਰਾਪੁਰ ਵਿੱਚ ਇੱਕ ਗੋਦਾਮ ਉਪਰ ਨਜ਼ਰ ਰੱਖੀ। 15 ਫਰਵਰੀ ਨੂੰ ਸਪੈਸ਼ਲ ਸੈੱਲ ਨੇ ਗੋਦਾਮ ’ਤੇ ਛਾਪਾ ਮਾਰਿਆ ਤੇ 50 ਕਿਲੋਗ੍ਰਾਮ ਰਸਾਇਮਣ ਬਰਾਮਦ ਕੀਤਾ।