ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਈ
ਇਥੇ ਟਿਕਰੀ ਬਾਰਡਰ ਮੋਰਚੇ ਵਿੱਚ ਨੌਜਵਾਨ ਸੱਥ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਦਾ ਨਾਟਕ ‘ਲੀਰਾਂ’ ਪੇਸ਼ ਕੀਤਾ ਗਿਆ ।
ਨੌਜਵਾਨ ਸੱਥ ਦੇ ਆਗੂ ਹਰਵਿੰਦਰ ਸਿੰਘ ਰਾਮਗੜ੍ਹ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਗ਼ਦਰ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ। ਸ਼ਹੀਦ ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਬੁਲਾਰਾ ਸੀ, ਜਿਸ ਨੇ ਵਿਦੇਸ਼ਾਂ ਵਿੱਚ ਪਰਦੇਸੀ ਭਾਰਤੀਆਂ ਨੂੰ ਮੁਲਕ ਵਾਪਸ ਪਰਤਣ ਤੇ ਆਪਣੀ ਜ਼ਿੰਦਗੀ ਮੁਲਕ ਵਿੱਚ ਗ਼ਦਰ ਕਰਨ ਦੇ ਲੇਖੇ ਲਾਉਣ ਲਈ ਤਿਆਰ ਕੀਤਾ ਅਤੇ ਮੁਲਕ ਵਿੱਚ ਪਹੁੰਚ ਕੇ ਫ਼ੌਜੀ ਛਾਉਣੀਆਂ ਵਿੱਚ ਬਗਾਵਤ ਕਰਨ ਲਈ ਫੌਜਾਂ ਨੂੰ ਤਿਆਰ ਕੀਤਾ। ਗ਼ਦਰ ਪਾਰਟੀ ਵਿੱਚ ਵੱਡਾ ਹਿੱਸਾ ਪੰਜਾਬ ’ਚੋ ਤੇ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਗ਼ਦਰ ਪਾਰਟੀ ਦੀ ਸਿਆਸਤ ਨੂੰ ਧਰਮ ਤੋਂ ਵੱਖਰਾ ਰੱਖਿਆ ਗਿਆ ਸੀ। ਉਸ ਮੌਕੇ ਅੰਗਰੇਜ਼ ਆਪਣੀ ਬਸਤੀ ਬਣਾ ਕੇ ਮੁਲਕ ਵਿੱਚ ਰਾਜ ਕਰਦੇ ਸਨ। ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਆਈ ਲੀਡਰਸ਼ਿਪ ਗੱਦੀਆਂ ਤੇ ਬਿਰਾਜਮਾਨ ਹੋਈ ਮੁਲਕ ਸਿੱਧੀ ਗ਼ੁਲਾਮੀ ਦੀ ਥਾਂ ਚੋਰ ਗੁਲਾਮੀ ਦੀ ਲਪੇਟ ਵਿੱਚ ਆ ਗਿਆ। ਮੁਲਕ ਵਿੱਚ ਮੋਦੀ ਹਕੂਮਤ ਵੱਲੋਂ ਲਿਆਂਦੇ ਲੋਕ ਦੋਖੀ ਖੇਤੀ ਕਾਲੇ ਕਾਨੂੰਨ ਵੀ ਏਸੇ ਚੋਰ ਗੁਲਾਮੀ ਦਾ ਹੀ ਸਿੱਟਾ ਹਨ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਂਦਿਆਂ ਇਸ ਕਿਸਾਨ ਸੰਘਰਸ਼ ਨੂੰ ਫ਼ਿਰਕੂ ਤਾਕਤਾਂ ਤੋਂ ਬਚਾਉਣ ਦੀ ਲੋੜ ਹੈ ਤੇ ਅੱਜ ਦੇ ਸਮੇਂ ਲੋਕਾਂ ਦੀ ਮੁਕਤੀ ਲਈ ਅਤੇ ਬਿਹਤਰ ਸਮਾਜ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਪ੍ਰੇਰਨਾ ਲੈਂਦਿਆਂ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਜਥੇਬੰਦ ਹੋਣ ਦੀ ਲੋੜ ਹੈ। ਇਸ ਮੌਕੇ ਪਹੁੰਚੇ ਹੋਏ ਨੌਜਵਾਨਾਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਅਸ਼ਵਨੀ ਨੇ ਨਿਭਾਈ।