ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਮਈ
ਮਾਲਵੀਆ ਨਗਰ ਦੇ ਮੁਧਕਰ ਰੇਨਬੋਅ ਬੱਚਾ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੋ ਗਈ ਹੈ। ਹਸਪਤਾਲ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਹਸਪਤਾਲ ਵਿੱਚ ਆਕਸੀਜਨ ਦੀ ਇਸ ਤਰ੍ਹਾਂ ਘਾਟ ਹੋਣ ਕਾਰਨ ਕਈ ਨਵੇਂ ਜਨਮੇ ਬੱਚਿਆਂ ਤੇ ਹੋਰ ਕਰੀਬ 50 ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੋ ਗਿਆ ਹੈ। ਹਸਪਤਾਲ ਵੱਲੋਂ ਕੇਂਦਰੀ ਸਿਹਤ ਮੰਤਰੀ ਨੂੰ ਵੀ ਇਸ ਕਮੀ ਦੀ ਜਾਣਕਾਰੀ ਦਿੱਤੀ ਗਈ। ਉਧਰ ‘ਆਪ’ ਦੇ ਵਿਧਾਇਕ ਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਘਵ ਚੱਢਾ ਨੇ ਆਕਸੀਜਨ ਦਾ ਪ੍ਰਬੰਧ ਕੀਤਾ।
ਹਸਪਤਾਲ ਦੇ ਡਾ. ਦਿਨੇਸ਼ ਨੇ ਦੱਸਿਆ ਕਿ ਸਵਾ ਬਾਰਾਂ ਵਜੇ ਤੋਂ ਬਾਅਦ ਅੱਧੇ ਘੰਟੇ ਲਈ ਹੀ ਆਕਸੀਜਨ ਹੀ ਬਚੀ ਹੈ। ਉਨ੍ਹਾਂ ਦੱਸਿਆ ਕਿ 25-30 ਨਵਜੰਮੇ ਆਈਸੀਯੂ ਵਿੱਚ ਹਨ ਤੇ ਉਨ੍ਹਾਂ ਵਿੱਚੋਂ 10 ਨੂੰ ਉੱਚ ਦਬਾਅ ਦੀ ਆਕਸੀਜਨ ਦਿੱਤੀ ਜਾ ਰਹੀ ਹੈ। ਡਾਕਟਰ ਨੇ ਕਿਹਾ ਕਿ ਇਹ ਰੋਜ਼ਾਨਾ ਦੀ ਗੱਲ ਹੈ ਤੇ ਬੀਤੇ 2-3 ਦਿਨਾਂ ਤੋਂ ਇਹੀ ਹਾਲਤ ਹਨ ਕਿਉਂਕਿ ਲੋੜ ਮੁਤਾਬਕ ਹਸਪਤਾਲ ਨੂੰ ਆਕਸੀਜਨ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਕਈ ਲੋਕ ਹਸਪਤਾਲ ਪੁੱਜੇ। ਹਸਪਤਾਲ ਨੇ ਗੈਸ ਸਪਲਾਈ ਕਰਨ ਲਈ ਐਂਬੂਲੈਂਸ ਵੀ ਭੇਜੀ।ਇਸ ਮਾਮਲੇ ਦਾ ਜਦੋਂ ‘ਆਪ’ ਵਿਧਾਇਕ ਰਾਘਵ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਰੈਨਬੋ ਬੱਚਾ ਹਸਪਤਾਲ ਲਈ ਰਾਜਘਾਟ ਰਿਸਪਾਂਸ ਪੁਆਇੰਟ ਤੋਂ ‘ਡੀ’ ਕਿਸਮ ਦੇ ਆਕਸੀਜਨ ਸਿਲੰਡਰ ਭੇਜੇ। ਉਨ੍ਹਾਂ ਕਿਹਾ ਕਿ ਦਿੱਲੀ ਕੋਲ ਆਕਸੀਜਨ ਦੇ ਸੀਮਿਤ ਸਾਧਨ ਹਨ ਤੇ ਆਕਸੀਜਨ ਸਪਲਾਈ ਦਿੱਲੀ ਨੂੰ ਘਟਾ ਦਿੱਤੀ ਗਈ ਹੈ ਪਰ ਆਪ ਸਰਕਾਰ ਵਲੋਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਰੋਨਾ ਕਾਰਨ 407 ਮਰੀਜ਼ਾਂ ਦੀ ਮੌਤ, 20,394 ਨਵੇਂ ਕੇਸ
ਦਿੱਲੀ ਚ ਕਰੋਨਾ ਕਾਰਨ ਬੀਤੇ 24 ਘੰਟਿਆਂ ਵਿੱਚ 407 ਲੋਕਾਂ ਦੀ ਮੌਤ ਹੋ ਗਈ। 20394 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ 92 ਹਜ਼ਾਰ ਤੋਂ ਵੱਧ ਹੋ ਗਈ ਹੈ। ਠੀਕ ਹੋਣ ਵਾਲੇ ਮਰੀਜ਼ 24444 ਹਨ ਤੇ ਪਾਜ਼ੇਟਿਵ ਦਰ 28.33% ਰਹੀ। ਅੱਜ 71997 ਲੋਕਾਂ ਦੀ ਜਾਂਚ ਕੀਤੀ ਗਈ। ਕਰੋਨਾ ਦੀ ਜ਼ੱਦ ਵਿੱਚ ਹਰ ਵਰਗ ਦੇ ਲੋਕ ਆ ਚੁੱਕੇ ਹਨ ਤੇ ਕੋਵਿਡ ਹਸਪਤਾਲਾਂ ਦੇ ਅੰਦਰ ਤੇ ਬਾਹਰ ਮਰੀਜ਼ਾਂ, ਤਾਮੀਰਦਾਰਾਂ ਦੀ ਭੀੜ ਹਾਲਤ ਬਿਆਨ ਕਰ ਰਹੀ ਹੈ। ਇਸੇ ਦੌਰਾਨ ਭਾਜਪਾ ਦੇ ਆਗੂਆਂ ਦਾ ਵਫ਼ਦ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੂੰ ਮਿਲਿਆ ਤੇ ਕਰੋਨਾ ਸੰਕਟ ਦੌਰਾਨ ਦਿੱਲੀ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਦੇ ਹੋਏ ਮਸਲੇ ਹੱਲ ਕਰਨ ਦੀ ਮੰਗ ਕੀਤੀ। ਵਫ਼ਦ ਨੇ ਹਸਪਤਾਲਾਂ ਵੱਲੋਂ ਕੋਵਿਡ ਬਿਸਤਰੇ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਨਾ ਦੇਣ ਤੇ ਘਰਾਂ ਵਿੱਚ ਇਕਾਂਤਵਾਸ ਤਹਿਤ ਇਲਾਜ ਅਧੀਨ ਮਰੀਜ਼ਾਂ ਤੱਕ ਦਿੱਲੀ ਸਰਕਾਰ ਵੱਲੋਂ ਸਹੂਲਤਾਂ ਨਾ ਦੇਣ ਦਾ ਦੋਸ਼ ਲਾਉਂਦੇ ਹੋਏ ਮਦਦ ਦੀ ਅਪੀਲ ਕੀਤੀ।
ਬਾਲਗਾਂ ਨੂੰ ਟੀਕੇ ਲਾਉਣ ਲਈ 77 ਸਕੂਲਾਂ ਦੀ ਨਿਸ਼ਾਨਦੇਹੀ
ਦਿੱਲੀ ਸਰਕਾਰ ਵੱਲੋਂ 3 ਮਈ ਤੋਂ ਸ਼ੁਰੂ ਕੀਤੀ ਜਾ ਰਹੀ 18 ਤੋਂ 44 ਸਾਲ ਦੇ ਲੋਕਾਂ ਲਈ ਕਰੋਨਾ ਟੀਕਾਕਰਨ ਮੁਹਿੰਮ ਲਈ 77 ਸਰਕਾਰੀ ਸਕੂਲਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਟੀਕੇ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਤੋਂ ਟੀਕਾਕਰਨ ਮੁਹਿੰਮ ਲਈ 77 ਸਰਕਾਰੀ ਸਕੂਲਾਂ ਨੂੰ ਤਿਆਰ ਕੀਤਾ ਗਿਆ ਹੈ। ਚੇਤੇ ਰਹੇ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਪ੍ਰਤੀਕ ਵੱਜੋਂ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਸੋਮਵਾਰ ਤੋਂ ਸਾਰੀ ਦਿੱਲੀ ਵਿੱਚ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਲੋਕ ਇਹ ਟੀਕਾ ਲਗਵਾਉਣ ਤਾਂ ਕਰੋਨਾ ਦੀ ਲਾਗ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਜੋ ਸਕੂਲ ਚੁਣੇ ਗਏ ਹਨ ਉਹ ਨੇੜੇ ਦੇ ਹਸਪਤਾਲਾਂ ਨਾਲ ਤਾਲਮੇਲ ਕਰਨਗੇ ਤੇ ਡਾਕਟਰੀ ਕਾਰਜ ਵਿੱਚ ਸਹਾਇਤਾ ਕਰਨਗੇ। ਕੇਜਰੀਵਾਲ ਨੇ ਦੱਸਿਆ ਸੀ ਕਿ ਦਿੱਲੀ ਨੂੰ ਨੌਜਵਾਨਾਂ ਨੂੰ ਟੀਕੇ ਲਾਉਣ ਲਈ ਪਹਿਲੀ ਟੀਕਾ ਸਪਲਾਈ ਪਹੁੰਚ ਗਈ ਹੈ। ਸੂਚੀਬੱਧ ਕੀਤੇ ਗਏ ਕੁਝ ਸਕੂਲਾਂ ਵਿਚ ਕੇਵੀ ਏਅਰ ਫੋਰਸ ਤੁਗਲਕਾਬਾਦ ਸੰਗਮ ਵਿਹਾਰ, ਸ਼ਹੀਦ ਹੇਮੂ ਕਲਾਣੀ ਜੀਐਸਬੀਵੀ ਲਾਜਪਤ ਨਗਰ, ਸਰਕਾਰੀ ਕੁੜੀਆਂ ਸ. ਸ. ਸਕੂਲ, 2-ਉੱਤਮ ਨਗਰ, ਸਰਵੋਦਿਆ ਕੰਨਿਆ ਵਿਦਿਆਲਾ, ਬਸੀਦੈਰਾਪੁਰ, ਸਰਵੋਦਿਆ ਵਿਦਿਆਲਾ, ਮਾਨਸਰੋਵਰ ਗਾਰਡਨ, ਸਰਵੋਦਿਆ ਬਾਲ ਵਿਦਿਆਲਾ, ਪੱਛਮ ਪਟੇਲ ਨਗਰ, ਈਸ਼ਾਨੀ ਸਰਕਾਰੀ ਗਰਲਜ਼ ਸਕੂਲ, ਸਾਕੇਤ, ਸਰਵੋਦਿਆ ਵਿਦਿਆਲਿਆ ਸੈਕਟਰ 3 ਰੋਹਿਨੀ ਆਦਿ ਸਕੂਲ ਸ਼ਾਮਲ ਹਨ।