ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੂਨ
ਭਾਰਤੀ ਪੁਰਾਤੱਤਵ ਮਹਿਕਮੇ (ਏਐੱਸਆਈ) ਵੱਲੋਂ ਅੱਜ ਦੇਸ਼ ਦੇ ਅਹਿਮ ਸੈਲਾਨੀ ਕੇਂਦਰ ਖੋਲ੍ਹਣ ਦੇ ਫ਼ੈਸਲੇ ਮਗਰੋਂ ਦਿੱਲੀ ਦੇ ਪ੍ਰਸਿੱਧ ਸੈਲਾਨੀ ਕੇਂਦਰ, ਸਮਾਰਕ ਤੇ ਦਰਸ਼ਨੀ ਸਥਾਨ ਆਮ ਲੋਕਾਂ ਲਈ ਖੋਲ੍ਹੇ ਗਏ, ਜੋ ਕੋਵਿਡ-19 ਦੀ ਦੂਜੀ ਲਹਿਰ ਕਾਰਨ ਦੋ ਮਹੀਨੇ ਪਹਿਲਾਂ ਬੰਦ ਕਰ ਦਿੱਤੇ ਸਨ। ਜਾਣਕਾਰੀ ਮੁਤਾਬਿਤ ਦਿੱਲੀ ਅੰਦਰ ਸਭ ਤੋਂ ਵੱਧ 170 ਇਤਿਹਾਸਕ ਥਾਵਾਂ ਅਜਿਹੀਆਂ ਹਨ, ਜਿੱਥੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਸੈਲਾਨੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ। ਮਹਿਕਮੇ ਦੇ ਫ਼ੈਸਲੇ ਮਗਰੋਂ ਅੱਜ ਰਾਜਧਾਨੀ ਵਿੱਚ ਲਾਲ ਕਿਲਾ, ਹਮਾਯੂੰ ਦਾ ਮਕਬਰਾ, ਪੁਰਾਣਾ ਕਿਲਾ, ਕੁਤਬ ਮਿਨਾਰ, ਸਫ਼ਦਰਜੰਗ ਮਕਬਰਾ, ਹੌਜ਼ ਖ਼ਾਸ ਤੇ ਮਹਿਰੌਲੀ ਵਿੱਚ ਕਈ ਸਥਾਨ ਆਮ ਲੋਕਾਂ ਲਈ ਮੁੜ ਖੁੱਲ੍ਹ ਗਏ ਹਨ। ਇਸ ਤੋਂ ਇਲਾਵਾ ਕਈ ਅਹਿਮ ਅਜਾਇਬ ਘਰ ਵੀ ਖੋਲ੍ਹੇ ਗਏ। ਇਸ ਦੇ ਨਾਲ ਹੀ ਮਹਿਕਮੇ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਹਰੇਕ ਆਉਣ ਵਾਲੇ ਲਈ ਕੋਵਿਡ-19 ਨਿਯਮਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ ਤੇ ਭੀੜ ਨਾ ਹੋਣ ਦਿੱਤੀ ਜਾਵੇ। ਅੱਜ ਉਕਤ ਥਾਵਾਂ ਉਪਰ ਬਹੁਤ ਘੱਟ ਲੋਕ ਦੇਖੇ ਗਏ। ਕੌਮਾਂਤਰੀ ਸੈਲਾਨੀਆਂ ਦਾ ਆਉਣਾ ਬੰਦ ਹੈ ਕਿਉਂਕਿ ਕੌਮਾਂਤਰੀ ਹਵਾਈ ਉਡਾਣਾਂ ਬੰਦ ਹਨ ਤੇ ਘਰੇਲੂ ਸੈਲਾਨੀ ਵੀ ਕਰੋਨਾ ਦੇ ਡਰੋਂ ਅਜਿਹੀਆਂ ਥਾਵਾਂ ਉਪਰ ਜਾਣ ਤੋਂ ਕਤਰਾ ਰਹੇ ਹਨ। ਹਾਲਾਂਕਿ ਇਨ੍ਹਾਂ ਸਥਾਨਾਂ ਨੂੰ ਰੋਗਾਣੂ ਮੁਕਤ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕਾਂ ਵਿੱਚ ਕਰੋਨਾਵਾਇਰਸ ਦੀ ਦਹਿਸ਼ਤ ਹੈ। ਜ਼ਿਕਰਯੋਗ ਹੈ ਕਿ ਏਐੱਸਆਈ ਉਕਤ ਥਾਵਾਂ ਤੋਂ ਸਾਲਾਨਾ ਕਰੋੜਾਂ ਰੁਪਏ ਟਿਕਟਾਂ ਦੇ ਰੂਪ ਵਿੱਚ ਕਮਾਉਂਦਾ ਹੈ ਤੇ ਰੱਖ-ਰਖਾਓ ਵੀ ਕਰਦਾ ਹੈ। ਏਐੱਸਆਈ ਨੇ 14 ਜੂਨ ਨੂੰ ਫ਼ੈਸਲਾ ਕੀਤਾ ਸੀ ਕਿ ਦੇਸ਼ ਦੇ ਕੇਂਦਰੀ ਸੁਰੱਖਿਆ ਪ੍ਰਾਪਤ 3691 ਸਥਾਨ ਆਮ ਲੋਕਾਂ ਲਈ 16 ਜੂਨ ਨੂੰ ਖੋਲ੍ਹੇ ਜਾਣਗੇ, ਜਿਨ੍ਹਾਂ ਵਿੱਚ ਦਿੱਲੀ ਦੀਆਂ 170 ਇਤਿਹਾਸਕ ਥਾਵਾਂ ਹਨ।