ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਪਹਿਲੀ ਅਪਰੈਲ ਤੋਂ ਬੱਸ ਚਾਲਕਾਂ ਲਈ ਸ਼ੁਰੂ ਹੋਈ ਲੇਨ ਅਨੁਸ਼ਾਸਨ ਮੁਹਿੰਮ ਦੂਜੇ ਦਿਨ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ। ਕਾਰ, ਰਿਕਸ਼ਾ ਤੇ ਹੋਰ ਵਾਹਨਾਂ ਦੇ ਬੱਸਾਂ ਦੀ ਲੇਨ ਵਿੱਚ ਆਉਣ ਕਾਰਨ ਬੱਸ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਟਰਾਂਸਪੋਰਟ ਮਹਿਕਮੇ ਨੇ ਕਰੀਬ ਇਕ ਦਰਜਨ ਚਾਲਕਾਂ ਨੂੰ ਜੁਰਮਾਨਾ ਵੀ ਕੀਤਾ। ਦਿੱਲੀ ਦੀਆਂ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਰਿਹਾ ਤੇ ਬੱਸਾਂ ਵਿੱਚ ਵੀ ਇੱਕ ਤੋਂ ਦੋ ਘੰਟੇ ਦੀ ਦੇਰੀ ਹੋਈ। ਦਿੱਲੀ ਦੀਆਂ ਵੱਖ-ਵੱਖ ਥਾਵਾਂ ਤੋਂ ਬੱਸਾਂ ਦੇ ਡਰਾਈਵਰਾਂ ਨੇ ਆਪਰੇਸ਼ਨ ਵਿੱਚ ਦੇਰੀ ਹੋਣ ਦੀ ਗੱਲ ਕੀਤੀ। ਯਾਤਰੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਪੁਲੀਸ ਨੂੰ ਸਲਾਹ ਦਿੱਤੀ ਕਿ ਉਹ ਇਨਫੋਰਸਮੈਂਟ ਟੀਮਾਂ ਨਾਲ ਸਲਾਹ ਕਰਕੇ ਆਪਣੀ ਯੋਜਨਾ ਤਿਆਰ ਕਰੇ। ਇੱਕ ਅਧਿਕਾਰੀ ਨੇ ਦੱਸਿਆ ਕਿ 15 ਅਪਰੈਲ ਤੋਂ ਜੁਰਮਾਨਾ ਲਗਾਇਆ ਜਾਵੇਗਾ।