ਨਵੀਂ ਦਿੱਲੀ, 17 ਅਕਤੂਬਰ
ਇੱਥੇ ਪ੍ਰਗਤੀ ਮੈਦਾਨ ਵਿੱਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਚਾਰ ਰੋਜ਼ਾ ਇੰਟਰਪੋਲ ਦੀ 90ਵੀਂ ਮਹਾਸਭਾ ਕਾਰਨ ਕੌਮੀ ਰਾਜਧਾਨੀ ਵਿੱਚ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਦਿੱਲੀ ਟਰੈਫਿਕ ਪੁਲੀਸ ਨੇ ਦਿੱਲੀ ਵਿੱਚ ਵੱਖ ਵੱਖ ਸੰਸਥਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਜਾਂ ਚਾਰ ਦਿਨਾਂ ਲਈ ਕੰਮ ਦੇ ਸਮੇਂ ਵਿੱਚ ਤਬਦੀਲੀ ਕਰਨ। ਇਹ ਮੀਟਿੰਗ ਭਾਰਤ ਵਿੱਚ ਕਰੀਬ 25 ਸਾਲਾਂ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਇਹ ਆਖ਼ਰੀ ਵਾਰ 1997 ਵਿੱਚ ਕੀਤੀ ਗਈ ਸੀ।
ਟਰੈਫਿਕ ਪੁਲੀਸ ਨੇ ਕਿਹਾ ਕਿ ਮੀਟਿੰਗ ਵਾਲੇ ਸਥਾਨ ਦੇ ਆਲੇ-ਦੁਆਲੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਵਾਜਾਈ ਸਬੰਧੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਬਦਲਵੇਂ ਰਾਹਾਂ ਦੀ ਚੋਣ ਕਰਨੀ ਚਾਹੀਦੀ ਹੈ। ਟਰੈਫਿਕ ਪੁਲੀਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਵੀਂ ਦਿੱਲੀ ਜ਼ਿਲ੍ਹੇ ਦੀਆਂ ਸੜਕਾਂ ’ਤੇ ਟਰੈਫਿਕ ਘਟਾਉਣਾ ਮਹੱਤਵਪੂਰਨ ਹੈ। ਇਹ ਕਾਰਪੋਰੇਸ਼ਨਾਂ, ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਪੁਲੀਸ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਗ਼ੈਰ-ਜ਼ਰੂਰੀ ਸੇਵਾਵਾਂ ਨਾਲ ਜੁੜੇ ਸਟਾਫ਼ ਮੈਂਬਰਾਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ। ਕਰਮਚਾਰੀਆਂ ਨੂੰ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ ਅਤੇ ਕੰਮ ਦੇ ਸਮੇਂ ਨੂੰ ਬਦਲਿਆ ਜਾ ਸਕਦਾ ਹੈ। ਆਮ ਵਿਅਕਤੀ ਆਉਣ ਜਾਣ ਲਈ ਬੱਸਾਂ ਅਤੇ ਮੈਟਰੋ ਦੀ ਵਰਤੋਂ ਕਰ ਸਕਦੇ ਹਨ ਜਾਂ ਕੁਝ ਦਿਨਾਂ ਲਈ ਆਪਣੇ ਕੰਮ ਅੱਗੇ ਪਾ ਦੇਣ। ਇਸ ਤਰ੍ਹਾਂ ਸੜਕਾਂ ਨੂੰ ਖਾਲੀ ਰੱਖਣ ਵਿੱਚ ਸਹਿਯੋਗ ਕਰ ਸਕਦੇ ਹਨ।
ਟਰੈਫਿਕ ਐਡਵਾਇਜ਼ਰੀ ਅਨੁਸਾਰ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਡੈਲੀਗੇਟ ਸੱਤ ਹੋਟਲਾਂ ਦਿ ਲਲਿਤ, ਦਿ ਇੰਪੀਰੀਅਲ, ਸ਼ਾਂਗਰੀ ਲਾ, ਲੇ ਮੈਰੀਡੀਅਨ, ਦਿ ਓਬਰਾਏ, ਹਯਾਤ ਰੀਜੈਂਸੀ ਅਤੇ ਦਿ ਅਸ਼ੋਕ ਵਿੱਚ ਰੁਕਣਗੇ। ਉਹ ਪ੍ਰਗਤੀ ਮੈਦਾਨ, ਜਵਾਹਰ ਲਾਲ ਨਹਿਰੂ ਸਟੇਡੀਅਮ ਅਤੇ ਹਵਾਈ ਅੱਡੇ ਤਕ ਯਾਤਰਾ ਕਰਨਗੇ। ਇਸ ਵਿੱਚ ਕਿਹਾ ਗਿਆ ਹੈ ਕਿ ਡੈਲੀਗੇਟਾਂ ਲਈ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਆਵਾਜਾਈ ਪ੍ਰਬੰਧ ਕੀਤੇ ਜਾਣਗੇ।
ਅਸ਼ੋਕਾ ਰੋਡ, ਜਨਪਥ, ਫਿਰੋਜ਼ਸ਼ਾਹ ਰੋਡ, ਬਾਰਾਖੰਬਾ ਰੋਡ, ਸਿਕੰਦਰਾ ਰੋਡ, ਮਥੁਰਾ ਰੋਡ, ਭੈਰੋਂ ਰੋਡ, ਸੁਬਰਾਮਨੀਅਮ ਭਾਰਤੀ ਮਾਰਗ, ਡਾ. ਜ਼ਾਕਿਰ ਹੁਸੈਨ ਮਾਰਗ, ਰਾਜੇਸ਼ ਪਾਇਲਟ ਮਾਰਗ, ਡਾ. ਏਪੀਜੇ ਅਬਦੁਲ ਕਲਾਮ ਮਾਰਗ, ਕਮਲ ਅਤਾਤੁਰਕ ਮਾਰਗ ’ਤੇ ਆਵਾਜਾਈ ਨੂੰ ਨਿਯਮਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੰਚਸ਼ੀਲ ਮਾਰਗ, ਸ਼ਾਂਤੀਪੱਥ, ਮਹਾਤਮਾ ਗਾਂਧੀ ਮਾਰਗ, ਮਹਾਰਿਸ਼ੀ ਰਮਨ ਮਾਰਗ, ਭੀਸ਼ਮ ਪਿਤਾਮਾ ਮਾਰਗ, ਸਰਦਾਰ ਪਟੇਲ ਮਾਰਗ, ਧੌਲਾ ਕੂਆਂ ਫਲਾਈਓਵਰ, ਗੁੜਗਾਓਂ ਰੋਡ, ਮਹਿਰਮ ਨਗਰ ਸੁਰੰਗ, ਐਰੋਸਿਟੀ ਅਤੇ ਟੀ3 ਅਪਰੋਚ ਰੋਡ ਨੂੰ ਨਿਯਮਤ ਕੀਤਾ ਜਾਵੇਗਾ। -ਪੀਟੀਆਈ