ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਈ
ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਅੱਜ ਤੋਂ ਦਿੱਲੀ ਵਿੱਚ ਪੜਾਅਵਾਰ ਸ਼ੁਰੂ ਕੀਤੀ ਜਾਣ ਵਾਲੀ ਗ਼ੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਮੁਹਿੰਮ ਤਹਿਤ ਮੁਸਲਿਮ ਬੁਹਗਿਣਤੀ ਇਲਾਕੇ ਸ਼ਾਹੀਨ ਬਾਗ਼ ਵਿੱਚ ਤੋੜ-ਫੋੜ ਦੀ ਕਾਰਵਾਈ ਦੌਰਾਨ ਦਿੱਲੀ-ਯੂਪੀ ਬਾਰਡਰ ਦੇ ਕਾਲਿੰਦੀ ਕੁੰਜ ਕੋਲ ਲੰਬਾ ਜਾਮ ਲੱਗ ਗਿਆ। ਸਵੇਰੇ ਦਿੱਲੀ ਤੇ ਨੋਇਡਾ ਵੱਲ ਜਾਣ-ਆਉਣ ਵਾਲੇ ਆਮ ਲੋਕਾਂ, ਨੌਕਰੀਪੇਸ਼ਾ ਤੇ ਕਾਰੋਬਾਰੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਲੱਗਣ ਦਾ ਕਾਰਨ ਦਿੱਲੀ ਪੁਲੀਸ ਦੀ ਵੱਡੀ ਪੱਧਰ ਉਪਰ ਸ਼ਾਹੀਨ ਬਾਗ਼ ਵਿੱਚ ਕੀਤੀ ਗਈ ਤਾਇਨਾਤੀ ਤੇ ਸਖ਼ਤ ਸੁਰੱਖਿਆ ਵਿਵਸਥਾ ਰਿਹਾ। ਇਸ ਇਲਾਕੇ ਦੇ ਹੋਰ ਖੇਤਰਾਂ ਤੱਕ ਜਾਮ ਦਾ ਅਸਰ ਦਿਖਾਈ ਦਿੱਤਾ। ਪੁਲੀਸ ਵੱਲੋਂ ਸ਼ਾਹੀਨ ਬਾਗ਼ ਨੂੰ ਜਾਂਦੇ ਰਾਹਾਂ ਨੂੰ ਬੰਦ ਕਰਨ ਕਰਕੇ ਸ਼ਾਹੀਨ ਬਾਗ਼, ਕਾਲਿੰਦੀ ਕੁੰਜ, ਜੈਤਪੁਰ, ਸਰਿਤਾ ਵਿਹਾਰ ਤੇ ਮਥੁਰਾ ਰੋਡ ਤੱਕ ਆਵਾਜਾਈ ਦਾ ਅਸਰ ਪਿਆ ਜਿਸ ਕਾਰਨ ਜਾਮ ਲੱਗ ਗਿਆ। ਪੁਲੀਸ ਵੱਲੋਂ ਆਵਾਜਾਈ ਦਾ ਰੁਖ਼ ਮੋੜਨ ਕਾਰਨ ਦੂਜੀਆਂ ਸੜਕਾਂ ਉਪਰ ਗੱਡੀਆਂ ਦੀ ਆਵਾਜਾਈ ਵਧ ਗਈ ਤੇ ਸਿੱਟੇ ਵੱਜੋਂ ਜਾਮ ਵਾਲੇ ਹਾਲਤ ਬਣ ਗਏ। ਫਰੀਦਾਬਾਦ ਤੋਂ ਨੋਇਡਾ ਗਏ ਲੇਖਕ ਸੁਰਿੰਦਰ ਸਿੰਘ ਉਬਰਾਏ ਜੋ ਕਾਲਿੰਦੀ ਕੁੰਜ ਕੋਲ ਜਾਮ ਵਿੱਚ ਫਸ ਗਏ ਨੇ ਦੱਸਿਆ ਕਿ ਆਪਣੀ ਕਾਰ ਨੂੰ ਉਹ ਨਾ ਅੱਗੇ ਲੈ ਜਾ ਪਾ ਰਹੇ ਸਨ ਤੇ ਨਾ ਹੀ ਪਰਤ ਸਕੇ। ਕਾਫੀ ਸਮਾਂ ਉਹ ਜਾਮ ਵਿੱਚ ਫਸੇ ਰਹੇ। ਕਈ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੋਇਡਾ ਦੀਆਂ ਸੰਸਥਾਵਾਂ ਵਿੱਚ ਜਾਣਾ ਸੀ ਪਰ ਜਾਮ ਨੇ ਤੰਗ ਕੀਤਾ। ਨੋਇਡਾ ਤੋਂ ਦਿੱਲੀ ਕਾਰੋਬਾਰ ਕਰਨ ਲਈ ਆਉਣ ਵਾਲੇ ਇੱਕ ਸੱਜਣ ਨੇ ਕਿਹਾ ਕਿ ਉਸ ਦਾ ਘੰਟੇ ਤੋਂ ਵੱਧ ਸਮਾਂ ਇਸ ਜਾਮ ਕਾਰਨ ਬਰਬਾਦ ਹੋਇਆ। ਜਾਮ ਉਦੋਂ ਖਤਮ ਹੋਇਆ ਜਦੋਂ ਬੁਲਡੋਜ਼ਰ ਵਾਪਸ ਚਲੇ ਗਏ ਤੇ ਟ੍ਰੈਫਿਕ ਪੁਲੀਸ ਨੇ ਸ਼ਾਹੀਨ ਬਾਗ਼ ਦੀ ਸੜਕ ਖੋਲ੍ਹ ਦਿੱਤੀ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਸੁਵਿਧਾ ਨਾ ਹੋਵੇ ਇਸ ਲਈ ਆਵਾਜਾਈ ਦਾ ਰੁਖ਼ ਮੋੜਿਆ ਗਿਆ ਤੇ ਭਾਰੀ ਗੱਡੀਆਂ ਸਮੇਤ ਹੋਰ ਵਾਹਨਾਂ ਨੂੰ ਬਦਲਵਾਂ ਰੂਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ਾਹੀਨ ਬਾਗ਼ ਵੱਲ ਜਾਣ ਵਾਲੀਆਂ ਗੱਡੀਆਂ ਨੂੰ ਜੀਡੀ ਬਿਰਲਾ ਰੋਡ ਤੋਂ ਕਾਲਿੰਦੀ ਕੁੰਜ ਤੇ ਅੱਗੋਂ ਕਰਾਊਨ ਪਲਾਜ਼ਾ ਤੋਂ ਆਵਾਜਾਈ ਦੋਨੋਂ ਪਾਸੇ ਜਾਰੀ ਰੱਖੀ ਗਈ। ਅਧਿਕਾਰੀਆਂ ਮੁਤਾਬਕ ਬਾਅਦ ਵਿੱਚ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ।