ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਰਾਂਤੀਕਾਰੀ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 6 ਅਪਰੈਲ 1928 ਨੂੰ ਨੌਜਵਾਨ ਭਾਰਤ ਸਭਾ ਦਾ ਸੰਗਠਨ ਕਾਇਮ ਕਰਕੇ ਮੈਨੀਫੈਸਟੋ ਲਿਖਿਆ ਗਿਆ ਜੋ ਮੈਨੀਫੈਸਟੋ ਉਸ ਸਮੇਂ ਲਿਖਿਆ ਸੀ ਅੱਜ ਵੀ ਉਹੀ ਹਾਲਾਤ ਬਣੇ ਹੋਏ ਹਨ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰਸ਼ੇਖਰ ਆਜ਼ਾਦ, ਸ਼ਿਵ ਵਰਮਾ, ਯਸ਼ਪਾਲ ਤੇ ਭਗਵਤੀ ਚਰਨ ਵੋਹਰਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਲੋਕਾਂ ਦੀ ਮੁਕਤੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਆਪਣੇ ਦੇਸ਼ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ ਪਛਾਨਣ ਦੀ ਲੋੜ ਪਵੇਗੀ।
ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਭਾਜਪਾ ਸਰਕਾਰ ਫਿਰਕੂ ਫਾਸ਼ੀਵਾਦੀ ਕਦਮਾਂ ’ਤੇ ਚੱਲ ਰਹੀ ਹੈ। ਕਦੇ ਨਸਲ ਦਾ ਮੁੱਦਾ, ਕਦੇ ਜਾਤਪਾਤ ਦਾ ਮੁੱਦਾ ਬਣਾ ਕੇ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੀ ਹੈ, ਪਰ ਕਿਸਾਨਾਂ ਦੀ ਸੂਝਵਾਨ ਲੀਡਰਸ਼ਿਪ ਨੇ ਭਾਜਪਾ ਸਰਕਾਰ ਦੀ ਹਰ ਚਾਲ ਫੇਲ੍ਹ ਕਰ ਦਿੱਤੀ ਹੈ। ਇਸ ਮੌਕੇ ਮਹਿਲਾ ਆਗੂਆਂ ਨੇ ਕਿਹਾ ਕਿ ਅੱਜ ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬੇ ਜਾਗ ਪਏ ਹਨ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਫੇਲ੍ਹ ਕਰਨ ਵਾਲੇ ਸਿਆਸੀ ਲੋਕਾਂ ਨੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਪਾਣੀਆਂ ਦੇ ਮਸਲੇ ’ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਹਰਿਆਣੇ ਦੇ ਲੋਕਾਂ ਨੇ ਸਾਫ਼ ਕਹਿ ਦਿੱਤਾ ਕਿ ਪਾਣੀਆਂ ਦਾ ਮਸਲਾ ਅਸੀਂ ਆਪੇ ਨਜਿੱਠ ਲਵਾਂਗੇ। ਉਨ੍ਹਾਂ ਕਿਹਾ ਕਿ ਲੜਾਈ ਬਹੁਤ ਵੱਡੀ ਹੈ।ਸਿਆਸੀ ਲੋਕ ਸੰਘਰਸ਼ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਜ ਕਰਨ ਵਾਲੇ ਹਾਕਮ ਸਾਰੇ ਲੁਟੇਰੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਦੀ ਮੋਦੀ ਹਕੂਮਤ ਲੋਕਾਂ ਦੇ ਮੂੰਹ ਵਿੱਚੋਂ ਰੋਟੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਜਾ ਰਹੀ ਹੈ।