ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੁਰਨਾਮ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ ਤੇ ਇਕ ਵੱਡਾ ਜਥਾ ਕਿਸਾਨ ਸੰਸਦ ਦਿੱਲੀ ਲਈ ਫੁੱਲਾਂ ਦੇ ਹਾਰ ਪਾ ਕੇ ਨਾਅਰਿਆਂ ਤੇ ਜੈਕਾਰਿਆਂ ਨਾਲ ਰਵਾਨਾ ਕੀਤਾ ਗਿਆ। ਇਸ ਮੌਕੇ ਨਕਸਲੀ ਲਹਿਰ ਦੇ ਸ਼ਹੀਦ ਬਾਬਾ ਬੂਝਾ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਬੂਟਾ ਸਿੰਘ ਚਿਮਨੇਵਾਲਾ ਤੇ ਬਲਦੇਵ ਭਾਈਰੂਪਾ ਨੇ ਕਿਹਾ ਕਿ ਕਿਸਾਨ ਸੰਸਦ ਦੇ ਚੌਥੇ ਦਿਨ ਜ਼ਰੂਰੀ ਵਸਤਾਂ ਸੋਧ ਐਕਟ 2020 ਤੇ ਮਹਿਲਾ ਕਿਸਾਨ ਸੰਸਦ ਵਲੋਂ ਜਾਰੀ ਬਹਿਸ ਨੂੰ ਅੱਗੇ ਤੋਰਦਿਆਂ ਇਸ ਨੂੰ ਆਮ ਖਪਤਕਾਰਾਂ ਦਾ ਵਿਰੋਧੀ ਕਰਾਰ ਦਿੱਤਾ ਗਿਆ। ਦਰਸ਼ਨ ਜਟਾਣਾ ਤੇ ਬੇਅੰਤ ਮਹਿਮਾ, ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਘੇਰਾਂਗੇ। ਪੰਜਾਬ ਤੋਂ ਉੱਠਿਆ ਅੰਦੋਲਨ ਭਾਜਪਾ ਦਾ ਪੂਰੇ ਮੁਲਕ ਵਿੱਚੋਂ ਬਿਸਤਰਾ ਗੋਲ ਕਰ ਕੇ ਰੱਖ ਦੇਵੇਗਾ। ਇਸ ਮੌਕੇ ਸ਼ਿੰਗਾਰਾ ਸਿੰਘ ਮਾਨ ਦੀ ਧਰਮ ਪਤਨੀ ਮਨਜੀਤ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।