ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਗਾਜ਼ੀਪੁਰ-ਕਿਸਾਨ ਮੋਰਚੇ ਦੇ ਕਈ ਕਿਸਾਨ ਸੰਗਠਨਾਂ ਵੱਲੋਂ ਫਾਦਰ ਸਟੈਨ ਸਵਾਮੀ ਨੂੰ ਸ਼ਰਧਾਂਜਲੀ ਦਿੱਤੀ ਗਈ, ਉਹਨਾਂ ਨੂੰ ਝਾਰਖੰਡ ’ਚ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਲਈ ਇੱਕ ਸਮਰਪਿਤ ਯੋਧੇ ਵਜੋਂ ਯਾਦ ਕੀਤਾ ਗਿਆ। ਉਨ੍ਹਾਂ ਨੂੰ ਭੀਮਾ-ਕੋਰੇਗਾਓਂ ਮਾਮਲੇ ’ਚ ਝੂਠੇ ਫਸਾਉਣ, ਬਿਨਾਂ ਕਿਸੇ ਕਾਨੂੰਨੀ ਜ਼ਰੂਰਤ ਦੇ ਨਿਆਂਇਕ ਹਿਰਾਸਤ ’ਚ ਰੱਖਣ, ਉੱਚ ਮੈਡੀਕਲ ਸਹਾਇਤਾ ਤੋਂ ਵਾਂਝੇ ਰੱਖਣ ਅਤੇ ਬੁਢਾਪੇ ਅਤੇ ਸਿਹਤ ਸਮੱਸਿਆਵਾਂ ਦੇ ਬਾਵਜੂਦ ਜ਼ਮਾਨਤ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ ਕੀਤੀ ਗਈ। ਨਿਆਂ ਵਿਵਸਥਾ ਦੇ ਅਨਿਆਂ ਦਾ ਵੀ ਉਹ ਸ਼ਿਕਾਰ ਹੋਏ। ਕੱਲ੍ਹ ਵਾਲਮੀਕਿ ਕ੍ਰਾਂਤੀ ਦਲ, ਭਾਰਤੀ ਵਾਲਮੀਕਿ ਸੰਘ, ਦਿੱਲੀ ਵਾਲਮੀਕਿ ਚੌਪਲ, ਚਾਣਕਿਆਪੁਰੀ ਵਾਲਮੀਕੀ ਮੰਦਰ ਅਤੇ ਹੋਰਾਂ ਦੀ ਸ਼ਮੂਲੀਅਤ ਨਾਲ ਵਾਲਮੀਕਿ ਸਮਾਜ ਸੰਘ ਦੁਆਰਾ ਆਰੰਭੀ ਵਾਲਮੀਕਿ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ। ਇਹ ਮੰਨਿਆ ਗਿਆ ਕਿ ਭਾਜਪਾ-ਆਰਐਸਐਸ ਦੀਆਂ ਤਾਕਤਾਂ ਕਿਸਾਨਾਂ ਨੂੰ ਜਾਤੀ ਦੇ ਅਧਾਰ ’ਤੇ ਵੰਡਣਾ ਅਤੇ ਉਨ੍ਹਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀਆਂ ਹਨ।