ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਯੂਨੀਵਰਸਿਟੀ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਸ ਵਿੱਚ ਕਈ ਵਿਭਾਗਾਂ ਦੇ ਮੁਖੀ ਅਧਿਆਪਕਾਂ, ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਹ ਯਾਤਰਾ 4 ਕਿਲੋਮੀਟਰ ਲੰਬੀ ਚੱਲੀ ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਿਰੰਗੇ ਫੜੇ ਹੋਏ ਸਨ ਤੇ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਾਏ। ਇਹ ਯਾਤਰਾ ‘ਹਰ ਘਰ ਤਿਰੰਗਾ’ ਦੀ ਕੌਮੀ ਪੱਧਰ ਦੀ ਮੁਹਿੰਮ ਤਹਿਤ ਕੱਢੀ ਗਈ। ਯਾਤਰਾ ਦੀ ਅਗਵਾਈ ਦਿੱਲੀ ਯੂਨੀਵਰਸਿਟੀ ਦੇ ਉਪ ਕੁਲਪਤੀ ਯੋਗੇਸ਼ ਸਿੰਘ ਨੇ ਕੀਤੀ ਤੇ ਇਸ ਯਾਤਰਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਹੋਰ ਲੋਕ ਵੀ ਸ਼ਾਮਲ ਸਨ। ਹਿੱਸਾ ਲੈਣ ਵਾਲਿਆਂ ਨੇ ਹੱਥਾਂ ਵਿੱਚ ਭਾਰਤੀ ਕੌਮੀ ਝੰਡੇ ਫੜੇ ਹੋਏ ਸਨ। ਉਪ ਕੁਲਪਤੀ ਵੱਲੋਂ ਵਰਸਿਟੀ ਵਿੱਚ ਗਾਂਧੀ ਦੇ ਬੁੱਤ ਕੋਲੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ ਤੇ ਕੈਂਪਸ ਵਿੱਚ ਘੁੰਮਦੀ ਹੋਈ ਆਖ਼ੀਰ ਵਿੱਚ ਕੈਂਪਸ ਅੰਦਰ ਹੀ ਇਹ ਯਾਤਰਾ ਖਤਮ ਹੋ ਗਈ। ਗਾਂਧੀ ਦਾ ਬੁੱਤ ’ਵਰਿਸਟੀ ਦੇ ਗੇਟ ਨੰਬਰ ਇੱਕ ਵਿੱਚ ਸਥਾਪਤ ਕੀਤਾ ਹੋਇਆ ਹੈ। ਯਾਤਰਾ ਦਾ ਪ੍ਰਬੰਧ ਵਿਦਿਆਰਥੀ ਭਲਾਈ ਵਿਭਾਗ ਦੇ ਡੀਨ ਪ੍ਰੋ. ਪੰਕਜ ਅਰੋੜਾ ਨੇ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਯਾਤਰਾ ਦਾ ਮਕਸਦ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪੁਖਤਾ ਕਰਨਾ ਤੇ ਕੌਮੀ ਗੌਰਵ ਨੂੰ ਵਧਾਉਣਾ ਅਤੇ ਦੇਸ਼ ਪ੍ਰਤੀ ਭਾਵਨਾ ਨੂੰ ਉਜਾਗਰ ਕਰਨਾ ਸੀ। ਇਸੇ ਦੌਰਾਨ ’ਵਰਿਸਟੀ ਵਿੱਚ 20 ਫੁੱਟ ਉੱਚੇ ਪੋਲਾਂ ਉਪਰ ਵੀ ਤਿਰੰਗਾ ਲਹਿਰਾਇਆ ਗਿਆ ਤੇ ਇਹ ਖੰਭੇ ਵੱਖ-ਵੱਖ ਥਾਵਾਂ ਉਪਰ ਯੂਨੀਵਰਸਿਟੀ ਕੈਂਪਸ ਵਿੱਚ ਗੱਡੇ ਗਏ ਹਨ। ਯਾਤਰਾ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਵਿਭਾਗਾਂ ਦੇ ਪ੍ਰੋਫੈਸਰਾਂ ਵਿਦਿਆਰਥੀਆਂ ਤੇ ਸੱਜੇ ਪੱਖੀ ਵਿਦਿਆਰਥੀ ਯੂਨੀਅਨਾਂ ਦੇ ਕਾਰਕੁਨ ਵੀ ਸ਼ਾਮਲ ਹੋਏ।
ਸਕੂਲੀ ਵਿਦਿਆਰਥੀਆਂ ਨੇ ਤਿਰੰਗਾ ਯਾਤਰਾ ਕੱਢੀ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਦੇ ਤਹਿਤ ਹਰ ਘਰ ਤਿੰਰਗਾ ਪ੍ਰੋਗਰਾਮ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਤਿਰੰਗਾ ਯਾਤਰਾ ਕੱਢੀ। ਇਸ ਨੂੰ ਸਕੂਲ ਦੀ ਪ੍ਰਿੰਸੀਪਲ ਦਿਵਿਆ ਕੌਸ਼ਿਕ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਤਿਰੰਗਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਲੰਘੀ ਤੇ ਬੱਚਿਆਂ ਨੇ ਦੇਸ਼ ਭਗਤੀ ਦੇ ਨਾਅਰੇ ਲਾਏ। ਇਸ ਮੌਕੇ ਸੰਜੇ ਠੁਕਰਾਲ, ਹਰਭਜਨ ਸਿੰਘ, ਪ੍ਰੋਮਿਲਾ ਸ਼ਰਮਾ, ਨੀਤੂ ਕਾਲੜਾ ਆਦਿ ਤੋਂ ਇਲਾਵਾ ਵਿਦਿਆਰਥੀ ਤੇ ਅਧਿਆਪਕ ਮੌਜੂਦ ਸਨ।