ਨਵੀਂ ਦਿੱਲੀ, 25 ਅਕਤੂਬਰ
ਦਿੱਲੀ ਪੁਲੀਸ ਨੇ ਹਰਿਆਣਾ ਦੇ ਮਦੀਨਾ ਖੇਤਰ ਵਿੱਚ ਇੱਕ 19 ਸਾਲਾ ਲੜਕੀ ਦੀ ਹੱਤਿਆ ਅਤੇ ਉਸ ਦੀ ਲਾਸ਼ ਦਫ਼ਨਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਜੂ ਉਰਫ ਸਲੀਮ (ਪੀੜਤ ਦਾ ਦੋਸਤ) ਅਤੇ ਪੰਕਜ ਵਜੋਂ ਹੋਈ ਹੈ। 22 ਅਕਤੂਬਰ ਨੂੰ ਪੀੜਤਾ ਦੇ ਭਰਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਕੁੱਝ ਦਿਨਾਂ ਤੋਂ ਲਾਪਤਾ ਹੈ। ਉਸ ਨੂੰ ਸ਼ੱਕ ਸੀ ਕਿ ਸੰਜੂ ਇਸ ਵਿੱਚ ਸ਼ਾਮਲ ਹੋ ਸਕਦਾ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ। ਲੜਕੀ ਦਾ ਫ਼ੋਨ ਬੰਦ ਆ ਰਿਹਾ ਸੀ।’ ਜਾਂਚ ਦੌਰਾਨ ਪੁਲੀਸ ਨੇ ਸੰਜੂ ਅਤੇ ਪੰਕਜ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੋਸ਼ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ 21 ਅਕਤੂਬਰ ਨੂੰ ਇਕ ਕਾਰ ਕਿਰਾਏ ’ਤੇ ਲਈ ਸੀ ਜਿਸ ਵਿੱਚ ਉਹ ਪੀੜਤਾ ਨੂੰ ਲੈ ਕੇ ਗਏ ਸਨ।
ਅਧਿਕਾਰੀ ਨੇ ਕਿਹਾ, ‘ਮੁਲਜ਼ਮਾਂ ਨੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਮਦੀਨਾ ਪਿੰਡ ਵਿੱਚ ਉਸ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਦਫ਼ਨਾਉਣ ਦੀ ਗੱਲ ਕਬੂਲ ਕੀਤੀ ਹੈ। ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਦੀ ਟੀਮ ਨੇ ਮਦੀਨਾ ਖੇਤਰ ’ਚੋਂ ਲਾਸ਼ ਬਰਾਮਦ ਕੀਤੀ।’ ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੇਸ ਦਰਜ ਕਰ ਲਿਆ ਹੈ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੇ ਤੀਜੇ ਦੋਸ਼ੀ ਰਿਤਿਕ ਦੀ ਤਲਾਸ਼ ਕਰ ਰਹੇ ਹਨ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਪਰਿਵਾਰ ਦੇ ਕੁਝ ਮੈਂਬਰ ਇਹ ਵੀ ਦਾਅਵਾ ਕਰ ਰਹੇ ਹਨ ਕਿ ਪੀੜਤਾ ਗਰਭਵਤੀ ਸੀ ਅਤੇ ਟੀਮਾਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। -ਪੀਟੀਆਈ