ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਮਾਰਚ
ਦਿੱਲੀ ਪੁਲੀਸ ਨੇ ਦਿੱਲੀ ਦੇ ਪ੍ਰਗਤੀ ਮੈਦਾਨ ਖੇਤਰ ਵਿੱਚ ਭੈਰੋਂ ਮਾਰਗ ’ਤੇ ਮੁਕਾਬਲੇ ਦੌਰਾਨ ਕਈ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ। ਇਹ ਮੁਕਾਬਲਾ ਪਹਿਲੀ ਵਾਰ ਦਿੱਲੀ ਵਿੱਚ ਹੋਇਆ ਜਦੋਂ ਇੱਕ ਮਹਿਲਾ ਵਰਕਰ ਮੁਕਾਬਲੇ ਵਾਲੀ ਟੀਮ ਵਿੱਚ ਸ਼ਾਮਲ ਹੋਈ। ਪੁਲੀਸ ਨੇ ਕਿਹਾ ਕਿ ਦੋਵੇਂ ਲੁਟੇਰੇ ਮਕੋਕਾ (ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ) ਦੇ ਤਹਿਤ ਕਤਲ, ਕਤਲ ਦੀ ਕੋਸ਼ਿਸ਼ ਤੇ ਲੁੱਟਮਾਰ ਦੀਆਂ ਕਈ ਵਾਰਦਾਤਾਂ ‘ਚ ਲੋੜੀਂਦੇ ਸਨ। ਐੱਸਆਈ ਪ੍ਰਿਯੰਕਾ ਨੂੰ ਮੁਕਾਬਲੇ ਦੌਰਾਨ ਲੁਟੇਰਿਆਂ ਨੇ ਵੀ ਗੋਲੀ ਮਾਰ ਦਿੱਤੀ ਸੀ ਪਰ ਬੁਲੇਟ ਪਰੂਫ ਜੈਕਟ ਕਾਰਨ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਰੋਹਿਤ ਚੌਧਰੀ ਉੱਤੇ ਚਾਰ ਲੱਖ ਰੁਪਏ ਦਾ ਇਨਾਮ ਸੀ ਜਦੋਂਕਿ ਉਸ ਦੇ ਸਾਥੀ ਪ੍ਰਵੀਨ ਉਰਫ ਟੀਟੂ ਉੱਤੇ ਦੋ ਲੱਖ ਰੁਪਏ ਦਾ ਇਨਾਮ ਸੀ। ਮੁਕਾਬਲੇ ਦੌਰਾਨ ਦੋਵਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਸੀ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਦੀ ਅਪਰਾਧ ਸ਼ਾਖਾ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਰੋਹਿਤ ਚੌਧਰੀ ਤੇ ਉਸ ਦਾ ਸਾਥੀ ਨੀਲੀ ਕਾਰ ਵਿੱਚ ਸਵਾਰ ਹੋ ਕੇ ਭੈਰੋ ਮਾਰਗ ਤੋਂ ਲੰਘਣਗੇ ਜਿਸ ਤੋਂ ਬਾਅਦ ਨੇੜੇ ਭੈਰੋ ਮਾਰਗ ’ਤੇ ਇੱਕ ਜਾਲ ਵਿਛਾ ਦਿੱਤਾ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ ਚਾਰ ਵਜੇ ਪੁਲੀਸ ਨੇ ਇੱਕ ਨੀਲੀ ਕਾਰ ਨੂੰ ਰਿੰਗ ਰੋਡ ਤੋਂ ਆਉਂਦੇ ਵੇਖਿਆ ਉਨ੍ਹਾਂ ਨੇ ਬੈਰੀਕੇਡ ’ਤੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਬੈਰੀਕੇਡ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਟੀਮ ਨੇ ਸਵੈ-ਰੱਖਿਆ ‘ਚ ਵੀ ਫਾਇਰਿੰਗ ਕੀਤੀ। ਗੋਲੀਬਾਰੀ ਦੇ ਦੌਰਾਨ ਇੱਕ ਗੋਲੀ ਏਸੀਪੀ ਪੰਕਜ ਦੀ ਬੁਲੇਟ ਪਰੂਫ ਜੈਕਟ ਵਿੱਚ ਲੱਗੀ ਜਦੋਂ ਇੱਕ ਗੈਂਗਸਟਰ ਤੇ ਉਸ ਦੇ ਸਾਥੀ ਵੱਲੋਂ ਚਲਾਈ ਗਈ ਇੱਕ ਗੋਲੀ ਸਬ ਇੰਸਪੈਕਟਰ ਪ੍ਰਿਯੰਕਾ ਦੀ ਬੁਲੇਟ ਪਰੂਫ ਜੈਕਟ ਵਿੱਚ ਲੱਗੀ। ਪ੍ਰਿਯੰਕਾ ਦਿੱਲੀ ਪੁਲੀਸ ਦੀ ਪਹਿਲੀ ਮਹਿਲਾ ਪੁਲੀਸ ਮੁਲਾਜ਼ਮ ਹੈ ਜੋ ਮੁਕਾਬਲੇ ਦੀ ਟੀਮ ਵਿੱਚ ਸ਼ਾਮਲ ਹੋਈ। ਪੁਲੀਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਲੱਤ ਵਿੱਚ ਗੋਲੀ ਲੱਗੀ ਤੇ ਉਨ੍ਹਾਂ ਨੂੰ ਤੁਰੰਤ ਪੀਸੀਆਰ ਵੈਨ ਵਿੱਚ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ।