ਪੱਤਰ ਪ੍ਰੇਰਕ
ਮੂਨਕ, 5 ਜੂਨ
ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਹਮੀਰਗੜ੍ਹ ਦੇ ਬੱਸ ਸਟੈਂਡ ਵਿਖੇ ਟਿੱਪਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ (58) ਅਤੇ ਨਾਜ਼ਰ ਸਿੰਘ (53) ਵਾਸੀ ਹਮੀਰਗੜ੍ਹ ਵਜੋਂ ਹੋਈ ਹੈ। ਪ੍ਰਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰ ਸਿੰਘ ਤੇ ਨਾਜ਼ਰ ਸਿੰਘ ਪਾਣੀ ਦਾ ਕੈਂਪਰ ਲੈ ਕੇ ਖੇਤ ਜਾ ਰਹੇ ਸਨ। ਜਦੋਂ ਉਹ ਹਮੀਰਗੜ੍ਹ ਬੱਸ ਸਟੈਂਡ ਨੇੜੇ ਲੰਘ ਰਹੇ ਸਨ ਤਾਂ ਮੂਨਕ ਵਾਲੇ ਪਾਸਿਓਂ ਆ ਰਹੇ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਤਫਤੀਸ਼ੀ ਅਫਸਰ ਗੁਰਮੀਤ ਸਿੰਘ ਝਲੂਰ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਦੋਵੇਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।