ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਦਿੱਲੀ ਦੇ ਰੋਹਿਣੀ ਜ਼ਿਲ੍ਹੇ ਦੇ ਵਿਜੇ ਵਿਹਾਰ ਥਾਣੇ ਦੇ ਐੱਸਐੱਚਓ ਐੱਸਐੱਸ ਚਾਹਲ ਤੇ ਦੋ ਕਾਂਸਟੇਬਲ ਬਦਰੀ ਤੇ ਜਤਿੰਦਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੋਂ ਮੁਲਜ਼ਮ 2 ਲੱਖ ਰੁਪਏ ਦੀ ਨਗਦੀ ਸਮੇਤ ਫੜੇ ਗਏ ਹਨ। ਇਕ ਵਿਅਕਤੀ ਨੇ ਤਿੰਨਾਂ ਖਿਲਾਫ਼ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਐੱਸਐੱਚਓ ਨੇ ਇਕ ਪਲਾਟ ’ਤੇ ਉਸਾਰੀ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਕੁਝ ਲੋਕ ਉਸ ਕੋਲ ਆਏ ਤੇ ਉਸ ਨੂੰ ਉਸਾਰੀ ਦਾ ਕੰਮ ਬੰਦ ਕਰਨ ਲਈ ਕਿਹਾ। ਇਸ ਤੋਂ ਬਾਅਦ ਉਹ ਆਪਣੀ ਸ਼ਿਕਾਇਤ ਲੈ ਕੇ ਐੱਸ.ਐੱਚ.ਓ. ਕੋਲ ਗਿਆ। ਸ਼ਿਕਾਇਤ ਅਨੁਸਾਰ ਸ਼ੁਰੂ ’ਚ ਐੱਸਐੱਚਓ ਵੱਲੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਬੁੱਧਵਾਰ ਨੂੰ ਏ.ਸੀ.ਬੀ ਨੇ ਸ਼ਿਕਾਇਤਕਰਤਾ ਨੂੰ ਥਾਣੇ ਦੇ ਐਸ.ਐਚ.ਓ ਨੂੰ 2 ਲੱਖ ਰੁਪਏ ਨਾਲ ਭੇਜਿਆ ਤੇ ਸਾਰੀ ਕਾਰਵਾਈ ’ਤੇ ਨਜ਼ਰ ਰੱਖੀ ਗਈ। ਐੱਸਐੱਚਓ ਸੀਬੀਆਈ ਟੀਮ ਨੂੰ ਵੇਖ ਕੇ ਭੱਜ ਗਿਆ। ਅਧਿਕਾਰੀਆਂ ਨੇ ਪਿੱਛਾ ਕਰ ਕੇ ਐੱਸਐੱਚਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।