ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਅਕਤੂਬਰ
ਦਿੱਲੀ ਦੇ ਪਟੇਲ ਨਗਰ ਵਿੱਚ 12 ਅਕਤੂਬਰ ਦੀ ਰਾਤ ਨੂੰ ਇੱਕ ਨੌਜਵਾਨ ਦੀ ਕਥਿਤ ਕੁੱਟਮਾਰ ਕੀਤੇ ਜਾਣ ਮਗਰੋਂ ਉਸ ਦੀ ਅੱਜ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਖ਼ਬਰ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਇਸ ਕਾਰਨ ਹਾਲਾਤ ’ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਇਲਾਕੇ ਵਿੱਚ ਤਾਇਨਾਤ ਕੀਤੇ ਗਏ।
ਕੇਂਦਰੀ ਦਿੱਲੀ ਦੀ ਡੀਸੀਪੀ ਸ਼ਵੇਤਾ ਚੌਹਾਨ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਕਿਸੇ ਗੱਲ ਨੂੰ ਰੋਕਣ ਕਾਰਨ ਦੂਜੀ ਧਿਰ ਦੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਉੱਪਰ ਕਥਿਤ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਮੁਤਾਬਕ ਨਿਤੇਸ਼ (27) ਨੂੰ ਜ਼ਿਆਦਾ ਸੱਟਾਂ ਲੱਗੀਆਂ ਅਤੇ ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਨਿਤੇਸ਼ ਦੀ ਮੌਤ ਹੋ ਗਈ। ਇਸ ਮਗਰੋਂ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕੁੱਝ ਸਮਾਂ ਆਵਾਜਾਈ ਵੀ ਰੋਕੀ ਅਤੇ ਨਾਅਰੇਬਾਜ਼ੀ ਕੀਤੀ ਗਈ। ਡੀਸੀਪੀ ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਨਿਤੇਸ਼ ਨੂੰ ਜ਼ਿਆਦਾ ਸੱਟਾਂ ਲੱਗੀਆਂ ਸਨ ਉਸ ਉੱਪਰ ਇੱਟਾਂ ਨਾਲ ਵਾਰ ਕੀਤੇ ਗਏ ਸਨ। ਦੋਵਾਂ ਗੁੱਟਾਂ ਦਰਮਿਆਨ ਪੁਰਾਣੀ ਰੰਜ਼ਿਸ਼ ਹੈ ਅਤੇ ਉਨ੍ਹਾਂ ਦਾ ਅਪਰਾਧਕ ਪਿਛੋਕੜ ਹੈ। ਅਧਿਕਾਰੀ ਨੇ ਕਿਹਾ ਕਿ ਇਹ ਫ਼ਿਰਕੂਪੁਣੇ ਦੀ ਘਟਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਿਤੇਸ਼, ਅਲੋਕ ਤੇ ਮੌਂਟੀ ਇੱਕ ਗੁੱਟ ਦੇ ਹਨ ਤੇ ਦੂਜੇ ਗੁੱਟ ਦੇ ਤਿੰਨ ਨੌਜਵਾਨਾਂ ਦੀ ਪਛਾਣ ਉਫੀਜਾ, ਅਦਿਨਾਨ ਤੇ ਅਬਾਸ ਵਜੋਂ ਹੋਈ ਹੈ ਜੋ ਰਣਜੀਤ ਨਗਰ ਦੇ ਰਹਿਣ ਵਾਲੇ ਹਨ। ਇਹ ਤਿੰਨੋਂ ਮੋਟਰਸਾਈਕਲ ਉੱਪਰ ਬੈਠ ਕੇ ਆਏ ਸਨ। ਇਸੇ ਦੌਰਾਨ ਨਿਤੇਸ਼ ਨੇ ਮੋਟਰਸਾਈਕਲ ਤੋਂ ਇੱਕ ਜਣੇ ਨੂੰ ਸੁੱਟ ਦਿੱਤਾ ਜਿਸ ਮਗਰੋਂ ਮਾਮਲਾ ਵਧ ਗਿਆ। ਨਿਤੇਸ਼ ਦੀ ਮਾਂ ਨੇ ਦੱਸਿਆ ਕਿ ਉਹ ਪੈਸੇ ਦੇਣ ਲਈ ਉਧਰ ਗਿਆ ਸੀ।