ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਨਵੰਬਰ
ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਸਥਾਈ ਕਮੇਟੀ ਦਾ ਗਠਨ ਨਾ ਕੀਤੇ ਜਾਣ, ਹਾਊਸ ਟੈਕਸ ਵਿੱਚ ਵਾਧੇ ਦੇ ਵਿਰੋਧ ਵਿੱਚ ਅੱਜ ਦਿੱਲੀ ਨਗਰ ਨਿਗਮ (ਐਮਸੀਡੀ) ਦੀ ਮੀਟਿੰਗ ਵਿੱਚ ਵਿਘਨ ਪਾਇਆ। ਵਿਰੋਧੀ ਧਿਰ ਦੇ ਕੌਂਸਲਰਾਂ ਦੇ ਨਾਅਰੇਬਾਜ਼ੀ ਦਰਮਿਆਨ ਸਦਨ ਦੀ ਮੀਟਿੰਗ ਦੁਪਹਿਰ 2.19 ਵਜੇ ਸ਼ੁਰੂ ਹੋਈ। ਇਸ ਦੌਰਾਨ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ (ਆਪ) ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ‘ਸਥਾਈ ਕਮੇਟੀ ਬਣਾਓ’ ਅਤੇ ‘ਹਾਊਸ ਟੈਕਸ ਵਾਪਸ ਲਓ’ ਵਰਗੀਆਂ ਮੰਗਾਂ ਸਬੰਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਭਾਜਪਾ ਨੇ ਦਿੱਲੀ ਵਿੱਚ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ ਵੀ ਚੁੱਕਿਆ।
ਭਾਜਪਾ ਕੌਂਸਲਰ ਸਥਾਈ ਕਮੇਟੀ ਬਣਾਉਣ ਦੀ ਮੰਗ ਨੂੰ ਲੈ ਕੇ ਮੇਅਰ ਸਾਹਮਣੇ ਪਹੁੰਚੇ ਅਤੇ ਆਪਣੀ ਮੰਗ ਦੇ ਹੱਕ ਵਿੱਚ ਤਖਤੀਆਂ ਲਹਿਰਾਈਆਂ। ਕਾਂਗਰਸੀ ਕੌਂਸਲਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਵਿਰੋਧੀ ਧਿਰ ਦੇ ਆਗੂ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ‘ਆਪ’ ਨੇ ਲੋਕ ਹਿੱਤਾਂ ਦੇ ਮੁੱਦੇ ’ਤੇ ਨਿਗਮ ’ਚ ਸ਼ਾਰਟ ਨੋਟਿਸ ਨਹੀਂ ਲਾਇਆ ਸਗੋਂ ਟਰਾਂਸਫਰ ਪੋਸਟਿੰਗ ’ਤੇ ਜ਼ੋਰ ਲਾਇਆ ਹੈ। ਜ਼ਿਕਰਯੋਗ ਹੈ ਕਿ ਸਥਾਈ ਕਮੇਟੀ ਨਾ ਬਣਨ ਕਰਕੇ ਨਿਗਮ ਦੇ ਕੰਮ ਰੁਕੇ ਹੋਏ ਹਨ।
ਮੀਟਿੰਗ ਵਿੱਚ ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਵਾਰਡ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਪਨੌਤੀ ਕਹਿਣ ’ਤੇ ਵੀ ਭਾਜਪਾ ਕੌਂਸਲਰਾਂ ਨੇ ਹੰਗਾਮਾ ਕੀਤਾ। ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੀਤੀ ਨੇ ਸਦਨ ਵਿੱਚ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀਆਂ ਡਰੇਨਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਕੋਈ ਇਨ੍ਹਾਂ ’ਤੇ ਪੈਦਲ ਹੀ ਲੰਘ ਸਕਦਾ ਹੈ। ਨਾਲੀਆਂ ਦੀ ਸਫ਼ਾਈ ਨਹੀਂ ਹੋ ਰਹੀ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਦਿੱਲੀ ਵਿੱਚ ਕੁੱਤਿਆਂ ਦੀ ਦਹਿਸ਼ਤ ਦਾ ਮੁੱਦਾ ਉਠਾਇਆ ਅਤੇ ਸ਼ਹਿਰ ਵਿੱਚ ਕੁੱਤਿਆਂ ਦੇ ਵੱਢਣ ਦੇ ਅੰਕੜੇ ਜਾਰੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁੱਤਿਆ ਦੀ ਇੰਨੀ ਭਰਮਾਰ ਕਾਰਨ ਲੋਕ ਆਪੋ-ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਡਰਦੇ ਹਨ।
ਕਾਂਗਰਸ ਦੀਆਂ ਮਹਿਲਾ ਕੌਂਸਲਰਾਂ ਵੱਲੋਂ ਮੇਅਰ ਦਫ਼ਤਰ ਬਾਹਰ ਪ੍ਰਦਰਸ਼ਨ
ਕਾਂਗਰਸ ਦੀਆਂ ਮਹਿਲਾ ਕੌਂਸਲਰਾਂ ਨੇ ਅੱਜ ਐੱਮਸੀਡੀ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ। ਕੌਂਸਲਰਾਂ ਨੇ ਦੋਸ਼ ਲਾਇਆ ਕਿ ‘ਆਪ’ ਕੌਂਸਲਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੀਟਿੰਗ ਦੌਰਾਨ ਜਨਤਕ ਮੁੱਦੇ ਉਠਾਉਣ ਲਈ ਕੀ ਉਹ ‘ਪੈਸੇ’ ਲੈਂਦੇ ਹਨ? ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਅਪਮਾਨਜਨਕ ਢੰਗ ਨਾਲ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਮਸਲੇ ਹੱਲ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਕੋਲ ਲਿਆਉਣ। ਪ੍ਰਦਰਸ਼ਨਕਾਰੀਆਂ ਨੇ ਕੌਂਸਲਰ ਤੋਂ ਮੁਆਫੀ ਮੰਗਣ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਮਸਲਾ ਉਠਾਉਣ ਗਏ ਤਾਂ ਮੇਅਰ ਦੇ ਸਟਾਫ਼ ਅਤੇ ‘ਆਪ’ ਕੌਂਸਲਰਾਂ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ। ਮਹਿਲਾ ਕੌਂਸਲਰਾਂ ਨੇ ਟਿੱਪਣੀ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਹਾਊਸ ਰਿਕਾਰਡਿੰਗ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਥੋਂ ਨਹੀਂ ਉੱਠਣਗੀਆਂ।
6500 ਨਵੀਆਂ ਨੌਕਰੀਆਂ ਦਾ ਮਤਾ ਪਾਸ
ਦਿੱਲੀ ਨਗਰ ਨਿਗਮ ਵਿਚ 6500 ਤੋਂ ਵੱਧ ਨਵੀਆਂ ਨੌਕਰੀਆਂ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ, ‘‘ਦਿੱਲੀ ਵਾਸੀਆਂ ਲਈ ਅੱਜ ਇੱਕ ਹੋਰ ਖੁਸ਼ਖਬਰੀ ਹੈ। ਅੱਜ ਅਸੀਂ ਦਿੱਲੀ ਨਗਰ ਨਿਗਮ ਵਿੱਚ 6589 ਨਵੀਆਂ ਨੌਕਰੀਆਂ ਦਾ ਮਤਾ ਪਾਸ ਕੀਤਾ ਹੈ। ਇਨ੍ਹਾਂ ਨਵੀਆਂ ਨੌਕਰੀਆਂ ਵਿੱਚ 2949 ਸੁਰੱਖਿਆ ਗਾਰਡ ਅਤੇ 3640 ਸਫਾਈ ਕਰਮਚਾਰੀ ਸ਼ਾਮਲ ਹੋਣਗੇ।’’ ਉਨ੍ਹਾਂ ਐਕਸ ’ਤੇ ਕਿਹਾ, ‘‘ਐਮਸੀਡੀ ਸਕੂਲਾਂ ਵਿੱਚ ਹੁਣ ਸਫਾਈ ਲਈ ਵੱਖਰੇ ਸਫ਼ਾਈ ਸੇਵਕ ਅਤੇ ਸੁਰੱਖਿਆ ਲਈ ਸੁਰੱਖਿਆ ਗਾਰਡ ਹੋਣਗੇ। ਦਿੱਲੀ ਸਰਕਾਰ ਵਾਂਗ ਅਸੀਂ ਵੀ ਨਗਰ ਨਿਗਮ ’ਚ ਪਹਿਲ ਦੇ ਆਧਾਰ ’ਤੇ ਸਿੱਖਿਆ ‘ਤੇ ਕੰਮ ਕਰ ਰਹੇ ਹਾਂ। ਇਹ ਨਵੀਆਂ ਨੌਕਰੀਆਂ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਣਗੀਆਂ। ਸਾਡਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਵਧੀਆ ਵਾਤਾਵਰਣ ਦੇਣਾ ਹੈ। ਅਸੀਂ ਸਿੱਖਿਆ ਦੇ ਖੇਤਰ ਵਿੱਚ ਕਿਸੇ ਵੀ ਪੱਧਰ ‘ਤੇ ਕੋਈ ਕਮੀ ਨਹੀਂ ਰਹਿਣ ਦੇਵਾਂਗੇ।’’