ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਫਰਵਰੀ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਅਮਰੀਕੀ ਵਪਾਰ ਪ੍ਰਤੀਨਿਧੀ (ਯੂਐੱਸਟੀਆਰ) ਵੱਲੋਂ ਤਿੰਨ ਭਾਰਤੀ ਬਾਜ਼ਾਰਾਂ, ਮੁੰਬਈ ਦੇ ਹੀਰਾ ਪੰਨਾ, ਦਿੱਲੀ ਦੇ ਪਾਲਿਕਾ ਬਾਜ਼ਾਰ ਤੇ ਟੈਂਕ ਰੋਡ, ਕੋਲਕਾਤਾ ਦੇ ਕਿਦਰਪੁਰ ਨੂੰ ਆਪਣੀ ਰਿਪੋਰਟ ਲਈ ਬਦਨਾਮ ਕਰਨ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੈਟ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ‘ਯੂਐੱਸਟੀਆਰ’ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਚਲਾ ਗਿਆ ਹੈ ਅਤੇ ਇਸ ਨੂੰ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਕਿਸੇ ਵੀ ਬਾਜ਼ਾਰ ਨੂੰ ਬੁਰਾ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ‘ਕੈਟ’ ਦੇ ਕੌਮੀ ਪ੍ਰਧਾਨ ਬੀਸੀ ਭਾਰਤੀ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਯੂਐੱਸਟੀਆਰ ਦੀ ਰਿਪੋਰਟ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂਐੱਸਟੀਆਰ ਨੇ ਉਪਰੋਕਤ ਬਾਜ਼ਾਰਾਂ ਵਿੱਚ ਜਾਅਲੀ ਟ੍ਰੇਡਮਾਰਕ ਜਾਂ ਕਾਪੀਰਾਈਟ ਚੋਰੀ ਕਰਨ ਦੀ ਰਣਨੀਤੀ ਦਰਸਾ ਕੇ ਕੌਮਾਂਤਰੀ ਖ਼ਰੀਦਦਾਰਾਂ ਨੂੰ ਨਿਰਾਸ਼ ਕੀਤਾ ਹੈ। ਭਾਰਤ ਜਾਂ ਭਾਰਤ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਬਿਨਾਂ ਕਿਸੇ ਠੋਸ ਸਬੂਤ ਦੇ ਇਹ ਰਿਪੋਰਟ ਬੇਬੁਨਿਆਦ ਹੈ ਤੇ ‘ਕੈਟ’ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।
ਕੈਟ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਕੋਲ ਆਪਣੀ ਨਾਰਾਜ਼ਗੀ ਦਰਜ ਕਰਵਾਏਗੀ ਤੇ ਆਪਣੀ ਕਾਨੂੰਨੀ ਟੀਮ ਨੂੰ ਇਸ ਮਾਮਲੇ ਦੀ ਕਾਨੂੰਨੀ ਕੋਣ ਤੋਂ ਜਾਂਚ ਕਰਨ ਲਈ ਕਿਹਾ ਹੈ ਤੇ ਜੇਕਰ ਕਾਨੂੰਨੀ ਟੀਮ ਵੱਲੋਂ ਸਲਾਹ ਦਿੱਤੀ ਗਈ ਤਾਂ ਉਹ ਅਦਾਲਤ ਵਿੱਚ ਜਾਵੇਗੀ।
ਉਨ੍ਹਾਂ ਕਿਹਾ ਕਿ ਕਈ ਅਮਰੀਕੀ ਕੰਪਨੀਆਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਸਜ਼ਾ ਦਿੱਤੀ ਗਈ ਹੈ ਅਤੇ ਅਮਰੀਕਾ ਦੇ ਅੰਦਰ ਵੀ ਇਹਨਾਂ ਕੰਪਨੀਆਂ ਨੂੰ ਅਮਰੀਕਾ ਦੇ ਵੱਖ-ਵੱਖ ਰਾਜਾਂ ਦੁਆਰਾ ਅਕਸਰ ਸਜ਼ਾ ਦਿੱਤੀ ਜਾਂਦੀ ਹੈ।