ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਵਿਸ਼ਵ ਪੰਜਾਬੀ ਸੰਸਥਾ ਤੇ ਸਨ ਫਾਊਂਡੇਸ਼ਨ ਦੇ ਮੁਖੀ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜਸਭਾ ਮੈਂਬਰ ਬਣਨ ’ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਵੱਲੋਂ ਸੰਗਤ ਤੇ ਉੱਘੀਆਂ ਸ਼ਖਸੀਅਤਾਂ ਵੱਲੋਂ ਸਾਹਨੀ ਨੂੰ ਸਿਰੋਪਾਓ ਅਤੇ ਗੁਲਦਸਤਾ ਭੇਂਟ ਕਰਦਿਆਂ ਸਨਮਾਨਿਤ ਕੀਤਾ ਗਿਆ।
ਹਰਮਨਜੀਤ ਸਿੰਘ ਨੇ ਕਿਹਾ ਕਿ ਵਿਕਰਮਜੀਤ ਸਿੰਘ ਸਾਹਨੀ ਜੋ ਕਿ ਰਾਜੌਰੀ ਗਾਰਡਨ ਦੇ ਵਸਨੀਕ ਵੀ ਰਹੇ ਹਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਬਤੌਰ ਰਾਜਸਭਾ ਮੈਂਬਰ ਚੁਣਿਆ ਹੈ ਇਸ ਲਈ ਉਨ੍ਹਾਂ ਆਪ ਆਗੂਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਾਹਨੀ ਵਲੋਂ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਸਮੇਂ-ਸਮੇਂ ’ਤੇ ਕਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ਰਾਜੌਰੀ ਗਾਰਡਨ ਸਿੰਘ ਸਭਾ ਨੂੰ ਆਕਸੀਜਨ ਕਨਸਨਟਰੇਟਰ ਆਦਿ ਭੇਟ ਕੀਤੇ ਅਤੇ ਹਾਲ ਵਿਚ ਹੀ ਮੋਤੀਆਬਿੰਦ ਆਪਰੇਸ਼ਨ ਲਈ ਮਸ਼ੀਨਾਂ ਵੀ ਸਾਹਨੀ ਵੱਲੋਂ ਦਿੱਤੀਆਂ ਗਈਆਂ ਅਤੇ ਕੀਮੋਥੈਰੇਪੀ ਸੈਂਟਰ ਲਈ ਸੰਪੂਰਣ ਸਹਿਯੋਗ ਦਿੱਤਾ ਗਿਆ। ਇਸ ਤੋਂ ਇਲਾਵਾ ਕੌਮ ਦੇ ਜਿੰਨੇ ਵੀ ਮਸਲੇ ਹਨ ਉਨ੍ਹਾਂ ਨੂੰ ਹਲ ਕਰਵਾਉਣ ਲਈ ਵੀ ਸੰਸਦ ’ਚ ਆਵਾਜ਼ ਚੁਕਣਗੇ। ਹਰਬੰਸ ਸਿੰਘ ਭਾਟੀਆ, ਐਨ.ਐਸ.ਭਾਟੀਆ, ਸੇਵਾਮੁਕਤ ਏ.ਸੀ.ਪੀ.ਅਮਰਜੀਤ ਸਿੰਘ ਬਾਜਵਾ, ਭੁਪਿੰਦਰ ਸਿੰਘ ਬਾਵਾ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਰਾਜਾ ਬਖਸ਼ੀ, ਅਵਤਾਰ ਸਿੰਘ ਹਿੱਤ ਤੇ ਕਈ ਪਤਵੰਤੇ ਸੱਜਣ ਮੌਜੂਦ ਰਹੇ।