ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜੁਲਾਈ
ਦੱਖਣੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾ ਨੇਮਾਂ ਦੀ ਉਲੰਘਣਾ ਹੋਣ ’ਤੇ ਲਾਜਪੱਤ ਨਗਰ ਦਾ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ, ਜੋ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਇਸ ਤੋਂ ਇਲਾਵਾ ਸਦਰ ਬਾਜ਼ਾਰ ’ਚ ਰੂੰਈ ਮੰਡੀ 6 ਜੁਲਾਈ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਇਲਾਕਾ ਦਿੱਲੀ ਦੇ ਮਹਿੰਗੇ ਤੇ ਮਸ਼ਹੂਰ ਸ਼ੋਅ ਰੂਮਾਂ ਤੇ ਦੁਕਾਨਾਂ ਲਈ ਪ੍ਰਸਿੱਧ ਹੈ, ਜਿੱਥੇ ਆਮ ਹਾਲਾਤ ਵਿੱਚ ਵੀ ਰੋਜ਼ਾਨਾ ਭੀੜ ਰਹਿੰਦੀ ਹੈ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਵੱਲੋਂ ਉਕਤ ਮਾਰਕੀਟਾਂ ਬੰਦ ਕਰਨ ਦੇ ਹੁਕਮ ਐਤਵਾਰ ਨੂੰ ਜਾਰੀ ਕੀਤੇ ਗਏ। ਦੱਖਣੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਐਸੋਸੀਏਸ਼ਨਾਂ ਨੂੰ ਨੋਟਿਸ ਭੇਜ ਕੇ ਮੰਗਲਵਾਰ ਤੱਕ ਜਵਾਬ ਮੰਗਿਆ ਹੈ। ਦੱਖਣ-ਪੂਰਬੀ ਜ਼ਿਲ੍ਹੇ ਦੇ ਐੱਸਡੀਐੱਮ ਪਦਮਾਕਰ ਰਾਮ ਤ੍ਰਿਪਾਠੀ ਨੇ ਕਿਹਾ ਕਿ ਨਿਰੀਖਣ ਦੌਰਾਨ ਲਾਜਪੱਤ ਨਗਰ ਕੇਂਦਰੀ ਮਾਰਕੀਟ ’ਚ ਕਰੋਨਾ ਨੇਮਾਂ ਦੀ ਉਲੰਘਣਾ ਹੁੰਦੀ ਮਿਲੀ ਹੈ। ਡੀਡੀਐੱਮਏ ਨੇ ਹੁਕਮਾਂ ਵਿੱਚ ਕਿਹਾ, ‘ਦੱਸਿਆ ਜਾਂਦਾ ਹੈ ਕਿ ਉਕਤ ਮਾਰਕੀਟ (ਲਾਜਪਤ ਨਗਰ ਕੇਂਦਰੀ ਮਾਰਕੀਟ) ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’ ਮਾਰਕੀਟ ਐਸੋਸੀਏਸ਼ਨਾਂ ਕਰੋਨਾ ਨੇਮਾਂ ਦੀ ਪਾਲਣਾ ਯਕੀਨ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਅਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੂੰ ਲਾਜਪਤ ਨਗਰ ਮਾਰਕੀਟ ਇਲਾਕੇ ’ਚ ਉਕਤ ਹੁਕਮ ਲਾਗੂ ਕਰਵਾਉਣ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਕੋਤਵਾਲੀ ਦੇ ਐੱਸਡੀਐੱਮ ਅਰਵਿੰਦ ਰਾਣਾ ਨੇ ਹੁਕਮ ਜਾਰੀ ਕਰਦਿਆਂ ਸਦਰ ਬਾਜ਼ਾਰ ਦੀ ਰੂੰਈ ਮੰਡੀ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਕਰੋਨਾ ਨੇਮਾਂ ਦੀ ਪਾਲਣਾ ਨਾ ਕਰਨ ਕਰਕੇ ਸਥਾਨਕ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਉਕਤ ਕਾਰਨਾਂ ਕਰਕੇ ਹੀ ਪੂਰਬੀ ਦਿੱਲੀ ਦਾ ਲਕਸ਼ਮੀ ਨਗਰ ਬਾਜ਼ਾਰ 29 ਜੂਨ ਨੂੰ ਰਾਤ 10 ਵਜੇ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸੇ ਤਰ੍ਹਾਂ ਪੁਰਾਣੀ ਦਿੱਲੀ ਦਾ ਸਦਰ ਬਾਜ਼ਾਰ ਦਾ ਇੱਕ ਹਿੱਸਾ ਵੀ ਬੰਦ ਕਰਨਾ ਪਿਆ ਸੀ।