ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਵਿੱਚ ਚਰਚਾ ਦਾ ਵਿਸ਼ਾ ਬਣੀ ਰਾਜੌਰੀ ਗਾਰਡਨ ਗੁਰਦੁਆਰਾ ਸਿੰਘ ਸਭਾ ਦੀ ਚੋਣ ਭਲਕੇ 4 ਸਤੰਬਰ ਨੂੰ ਹੋਵੇਗੀ। ਇਸ ਸਿੰਘ ਸਭਾ ਨਾਲ ਜੁੜੇ ਪੱਛਮੀ ਦਿੱਲੀ ਦੇ ਇਲਾਕਿਆਂ ਦੇ 7 ਹਜ਼ਾਰ ਸਿੱਖਾਂ ਦੀ ਵੋਟਰ ਸੂਚੀ ਮੁਤਾਬਕ ਭਲਕੇ ਸਵੇਰੇ 8 ਵਜੇ ਤੋਂ ਸ਼ਾਮ ਦੇ 5.45 ਵਜੇ ਤੱਕ ਵੋਟਾਂ ਪੈਣਗੀਆਂ। ਰਾਤ 8 ਵਜੇ ਗਿਣਤੀ ਸ਼ੁਰੂ ਹੋਵੇਗੀ ਤੇ 9 ਵਜੇ ਦੇ ਕਰੀਬ ਨਤੀਜਾ ਐਲਾਨਿਆ ਜਾਵੇਗਾ। ਇੱਥੇ ਇਸ ਵਾਰ ਮੁਕਾਬਲਾ ਮੌਜੂਦਾ ਪ੍ਰਧਾਨ ਹਰਮਨਜੀਤ ਸਿੰਘ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਮੈਂਬਰ ਇੰਦਰਜੀਤ ਸਿੰਘ ਦਰਮਿਆਨ ਹੈ। ਇਹ ਧਨਾਢ ਸਿੱਖਾਂ ਦਾ ਇਲਾਕਾ ਹੈ ਜਿੱਥੇ ਦਿੱਲੀ ਦੇ ਪ੍ਰਸਿੱਧ ਸਨਅਤਕਾਰ, ਕਾਰੋਬਾਰੀ ਤੇ ਵਪਾਰੀ ਵਰਗ ਦੇ ਮਹੱਤਵਪੂਰਨ ਲੋਕ ਰਹਿੰਦੇ ਹਨ। ਇਸ ਵਾਰ ਚੋਣ ਪ੍ਰਚਾਰ ਲਈ ਖਾਸਾ ਜ਼ੋਰ ਲੱਗਾ ਹੈ ਤੇ ਵੱਡੇ ਸਿੱਖ ਆਗੂਆਂ ਨੇ ਦੌਰੇ ਵੀ ਕੀਤੇ। ਸਰਨਾ ਧੜੇ ਵੱਲੋਂ ਹਰਵਿੰਦਰ ਸਿੰਘ ਸਰਨਾ ਨੇ ਵੀ ਪ੍ਰਚਾਰ ਕੀਤਾ ਜਦੋਂ ਕਿ ਹਰਮਨਜੀਤ ਸਿੰਘ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸਮਾਜ ਸੇਵੀ ਰਘੁਬੀਰ ਸਿੰਘ ਜੌੜਾ, ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਪਾਂਡਵ ਨਗਰ ਸਿੰਘ ਸਭਾ ਦੀ ਚੋਣ 11 ਨੂੰ
ਪੂਰਬੀ ਦਿੱਲੀ ਦੇ ਪਾਂਡਵ ਨਗਰ ਦੀ ਸਿੰਘ ਸਭਾ ਦੀ ਚੋਣ 11 ਸਤੰਬਰ ਨੂੰ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਰਨਾ ਧੜੇ ਵੱਲੋਂ ਚੋਣ ਲੜ ਚੁੱਕੇ ਤੇ ਮੌਜੂਦਾ ਪ੍ਰਧਾਨ ਮੰਗਲ ਸਿੰਘ ਮੁੜ ਮੈਦਾਨ ਵਿੱਚ ਹਨ ਜਦੋਂ ਕਿ ਦੂਜੇ ਧੜੇ ਦੇ ਉਮੀਦਵਾਰ ਚਮਕੌਰ ਸਿੰਘ ਹੈ ਜਿਸ ਨੂੰ ਦਿੱਲੀ ਕਮੇਟੀ ਦੇ ਮੌਜੂਦਾ ਹਾਕਮਾਂ ਦਾ ਸਮਰਥਨ ਹਾਸਲ ਹੈ। ਸ੍ਰੀ ਮੰਗਲ ਸਿੰਘ ਨੇ ਦੱਸਿਆ ਕਿ ਸਿੰਘ ਸਭਾ ਨਾਲ ਜੁੜੇ ਸਿੱਖਾਂ ਦੀ ਗਿਣਤੀ 980 ਹੈ।