ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਹਰਿਆਣਾ ਤੋਂ ਦਿੱਲੀ ਲਈ ਪਾਣੀ ਦੀ ਮੰਗ ਨੂੰ ਲੈ ਕੇ ‘ਇੰਡੀਆ’ ਗੱਠਜੋੜ ਤੋਂ ਸਮਰਥਨ ਮੰਗਿਆ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਕੌਮੀ ਰਾਜਧਾਨੀ ਵਿੱਚ ਪਾਣੀ ਦਾ ਸੰਕਟ ਭਾਜਪਾ ਵੱਲੋਂ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਪ੍ਰਦਰਸ਼ਨ ਕਰ ਕੇ ਨਾਟਕ ਕਰ ਰਹੇ ਹਨ, ਜੇਕਰ ਉਹ ਸੱਚਮੁੱਚ ਹੀ ਦਿੱਲੀ ਨੂੰ ਪਾਣੀ ਦਿਵਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਸਥਿਤ ਹਰਿਆਣਾ ਭਵਨ ਦੇ ਬਾਹਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਰਾਜ ਸਭਾ ਮੈਂਬਰ ਨੇ ਦੱਸਿਆ ਕਿ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਵੱਲੋਂ 21 ਜੂਨ ਤੋਂ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਤੋਂ ਦਿੱਲੀ ਦੇ ਹਿੱਸੇ ਦਾ ਪਾਣੀ ਲੈਣ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਮੈਂ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਦਿੱਲੀ ਦੀ ਪਾਣੀ ਨੂੰ ਲੈ ਕੇ ਇਸ ਲੜਾਈ ਵਿੱਚ ਸਾਡਾ ਸਾਥ ਦੇਣ, ਅਸੀਂ ਹਰਿਆਣਾ ਤੋਂ ਆਪਣੇ ਹਿੱਸੇ ਦਾ ਪਾਣੀ ਮੰਗ ਰਹੇ ਹਾਂ।’’ ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਪਾਣੀ ਦੇ ਸੰਕਟ ਲਈ ਭਾਜਪਾ, ਪ੍ਰਧਾਨ ਮੰਤਰੀ ਅਤੇ ਉਪ ਰਾਜਪਾਲ ਜ਼ਿੰਮੇਵਾਰ ਹਨ ਕਿਉਂਕਿ ਵਾਰ-ਵਾਰ ਕਹਿਣ ’ਤੇ ਵੀ ਹਰਿਆਣਾ ਨੇ ਸਾਡੇ ਹੱਕ ਦਾ ਪਾਣੀ ਸਾਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਹਾਉਣ ਵਾਲੇ ਪ੍ਰਧਾਨ ਮੰਤਰੀ ਦੇ ਨੱਕ ਹੇਠ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਾ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੱਸਣ ਕਿ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ, ਦਿੱਲੀ ਨੇ ਸਾਰੀਆਂ ਸੱਤ ਸੀਟਾਂ ਭਾਜਪਾ ਨੂੰ ਦਿੱਤੀਆਂ ਹਨ, ਫਿਰ ਵੀ ਉਨ੍ਹਾਂ ਦਾ ਹੱਕ ਕਿਉਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ ਸਮਝਣਾ ਪਵੇਗਾ ਕਿ ਭਾਜਪਾ ਵਾਲੇ ਉਨ੍ਹਾਂ ਦੇ ਕਿੰਨੇ ਹਮਦਰਦ ਹਨ। ਉਹ ਪਾਣੀ ਦੇ ਸੰਕਟ ਨੂੰ ਹੱਲ ਕਰਨ ਦੀ ਬਜਾਏ ਹੋਰ ਵਧਾਉਣ ਦਾ ਕੰਮ ਕਰ ਰਹੇ ਹਨ। ਜੇਕਰ ਹਰਿਆਣਾ ਦੀ ਭਾਜਪਾ ਸਰਕਾਰ ਦਿੱਲੀ ਦੇ ਹੱਕ ਦਾ 100 ਐੱਮਸੀਡੀ ਪਾਣੀ ਦਿੰਦੀ ਤਾਂ ਰਾਜਧਾਨੀ ਦੇ 28 ਲੱਖ ਲੋਕਾਂ ਨੂੰ ਪਾਣੀ ਮਿਲ ਸਕਦਾ ਸੀ।