ਨਵੀਂ ਦਿੱਲੀ, 30 ਅਪਰੈਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 18 ਤੋਂ 44 ਉਮਰ ਵਰਗ ਦੇ ਲੋਕਾਂ ਨੂੰ ਭਲਕੇ 1 ਮਈ ਤੋਂ ਕੋਵਿਡ ਟੀਕਾਕਰਨ ਕੇਂਦਰਾਂ ਦੇ ਬਾਹਰ ਕਤਾਰਾਂ ਨਾ ਲਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸਾਫ਼ ਕਰ ਦਿੱਤਾ ਕਿ 1 ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਦੇ ਤੀਜੇ ਗੇੜ ਲਈ ਅਜੇ ਤੱਕ ਉਨ੍ਹਾਂ ਕੋਲ ਵੈਕਸੀਨ ਦੀਆਂ ਖੁਰਾਕਾਂ ਨਹੀਂ ਪੁੱਜੀਆਂ ਹਨ। ਕੇਜਰੀਵਾਲ ਨੇ ਵਰਚੁਅਲੀ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਗਲੇ ਇਕ ਦੋ ਦਿਨਾਂ ਵਿੱਚ 18-44 ਉਮਰ ਵਰਗ ਦੇ ਟੀਕਾਕਰਨ ਲਈ ਕੋਵੀਸ਼ੀਲਡ ਦੀਆਂ 3 ਲੱਖ ਦੇ ਕਰੀਬ ਵੈਕਸੀਨਾਂ ਮਿਲ ਜਾਣਗੀਆਂ। ਚੇਤੇ ਰਹੇ ਕਿ ਕਰੋਨਾ ਤੋਂ ਬਚਾਅ ਲਈ ਦੇਸ਼ ਭਰ ਵਿੱਚ ਟੀਕਾਕਰਨ ਦਾ ਤੀਜਾ ਗੇੜ 1 ਮਈ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲੱਗਣਗੇ। ਹਾਲਾਂਕਿ ਦਿੱਲੀ ਤੇ ਕੁਝ ਹੋਰਨਾਂ ਰਾਜਾਂ ਨੇ ਵੈਕਸੀਨ ਦੀਆਂ ਖੁਰਾਕਾਂ ਦੀ ਕਿੱਲਤ ਦੇ ਹਵਾਲੇ ਨਾਲ ਭਲਕ ਤੋਂ ਤੀਜਾ ਪੜਾਅ ਸ਼ੁਰੂ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕੋਵੀਸ਼ੀਲਡ ਤੇ ਕੋਵੈਕਸੀਨ ਦੀਆਂ 67-67 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ, ‘ਜੇ ਸਾਨੂੰ ਕੰਪਨੀਆਂ ਵੱਲੋਂ ਵਾਜਬ ਮਾਤਰਾ ਵਿੱਚ ਵੈਕਸੀਨਾਂ ਦੀ ਸਪਲਾਈ ਮਿਲ ਜਾਂਦੀ ਹੈ ਤਾਂ ਅਸੀਂ ਅਗਲੇ ਤਿੰਨ ਮਹੀਨਿਆਂ ’ਚ ਹਰ ਦਿੱਲੀ ਵਾਸੀ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਹੈ।’ -ਪੀਟੀਆਈ
‘ਆਪ’ ਵਿਧਾਇਕ ਵੱਲੋਂ ਦਿੱਲੀ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ
ਨਵੀਂ ਦਿੱਲੀ: ‘ਆਪ’ ਵਿਧਾਇਕ ਸ਼ੋਇਬ ਇਕਬਾਲ ਨੇ ਕੋਵਿਡ-19 ਕੇਸਾਂ ਵਿੱਚ ਆਏ ਵੱਡੇ ਉਛਾਲ ਦੇ ਹਵਾਲੇ ਨਾਲ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ। ਮਟੀਆ ਮਹਿਲ ਹਲਕੇ ਤੋਂ ਵਿਧਾਇਕ ਸ਼ੋਇਬ ਨੇ ਕਿਹਾ ਕਿ ਨਾ ਉਹ ਤੇ ਨਾ ਹੀ ਸਰਕਾਰ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਲੋਕਾਂ ਦੀ ਕੋਈ ਮਦਦ ਕਰ ਸਕੀ ਹੈ। ਇਕਬਾਲ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ, ‘ਮੈਂ ਪ੍ਰੇਸ਼ਾਨ ਹਾਂ ਕਿਉਂਕਿ ਇਕ ਵਿਧਾਇਕ ਹੋਣ ਦੇ ਨਾਤੇ ਕਿਸੇ ਦੇ ਕੰਮ ਨਹੀਂ ਆ ਸਕਿਆ। ਸਾਡੀ ਸਰਕਾਰ ਲੋਕਾਂ ਨਾਲ ਨਹੀਂ ਖੜ੍ਹ ਸਕੀ। ਛੇ ਵਾਰ ਵਿਧਾਇਕ ਬਣਨ ਦੇ ਬਾਵਜੂਦ ਕੋਈ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਮੈਂ ਕਿਸੇ ਨਾਲ ਸੰਪਰਕ ਨਹੀਂ ਕਰ ਸਕਦਾ।’ ਇਕਬਾਲ ਦੀ ਇਸ ਮੰਗ ਬਾਰੇ ਆਮ ਆਦਮੀ ਦਾ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਨੇ ਵੀ ਦਿੱਲੀ ’ਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ਕੀਤੀ ਹੈ। ਸਿਨਹਾ ਨੇ ਦੋਸ਼ ਲਾਇਆ ਕਿ ਕੌਮੀ ਰਾਜਧਾਨੀ ’ਚ ਕਰੋਨਾਵਾਇਰਸ ਦੇ ਮੌਜੂਦਾ ਸੰਕਟ ਦਰਮਿਆਨ ਲੋਕ ਬਹੁਤ ਬੇਹੱਦ ਮੁਸ਼ਕਲ ਹਾਲਾਤ ’ਚੋਂ ਲੰਘ ਰਹੇ ਹਨ, ਤੇ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ, ਜਿਸ ਕਰਕੇ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। -ਪੀਟੀਆਈ