ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਦੇ ਮੰਤਰੀ ਸਤਿੰਦਰ ਜੈਨ ਨੇ ਅੱਜ ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬਵਾਨਾ ਦੇ ਘੋਗਾ ਡਰੇਨ ਅਤੇ ਸਨੋਥ ਝੀਲ ਵਿੱਚ ਕੁਦਰਤੀ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਨਿਰੀਖਣ ਕੀਤਾ।
ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਘੋਗਾ ਡਰੇਨ ਦੀ ਕੁਦਰਤੀ ਐੱਸਟੀਪੀ ਦੀ ਸਮਰੱਥਾ ਪ੍ਰਤੀ ਦਿਨ 10 ਲੱਖ ਲਿਟਰ ਤੋਂ ਵਧਾ ਕੇ 50 ਲੱਖ ਲਿਟਰ ਪ੍ਰਤੀ ਦਿਨ ਕਰਨ। ਇਸ ਤੋਂ ਇਲਾਵਾ ਕੇਜਰੀਵਾਲ ਸਰਕਾਰ ਬਵਾਨਾ ਵਿੱਚ 6 ਏਕੜ ਜ਼ਮੀਨ ‘ਤੇ ਸਨੋਥ ਝੀਲ ਨੂੰ ਮੁੜ ਸੁਰਜੀਤ ਕਰ ਰਹੀ ਹੈ। ਸਨੋਥ ਝੀਲ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ । ਸ੍ਰੀ ਜੈਨ ਨੇ ਨਿਰਮਾਣ ਸਥਾਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਬਵਾਨਾ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀਈਟੀਪੀ) ਤੋਂ ਲਗਪਗ 3 ਐੱਮਜੀਡੀ ਪਾਣੀ ਨੂੰ ਰੀਸਾਈਕਲ ਕੀਤਾ ਜਾਵੇਗਾ ਤੇ ਸਨੋਥ ਝੀਲ ਨੂੰ ਮੁੜ ਸੁਰਜੀਤ ਕਰਨ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਸਨੋਥ ਝੀਲ ਦਾ ਮੁੜ ਨਿਰਮਾਣ ਕਰੇਗੀ ਇਸ ਨੂੰ ਪਿਕਨਿਕ ਸਪੌਟ ਵਿੱਚ ਬਦਲ ਦਿੱਤਾ ਜਾਵੇਗਾ। ਝੀਲ ਵਿੱਚ ਬੱਚਿਆਂ ਲਈ ਖੇਡ ਦੇ ਮੈਦਾਨ, ਪਿਕਨਿਕ ਗਾਰਡਨ, ਵਾਕਵੇਅ, ਛਠ ਪੂਜਾ ਘਾਟ ਤੇ ਆਮ ਲੋਕਾਂ ਲਈ ਜਿਮ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਝੀਲ ਦੇ ਦੁਆਲੇ ਕਈ ਤਰ੍ਹਾਂ ਦੇ ਰੁੱਖ ਜਿਵੇਂ ਕਿ ਨਿੰਮ, ਸੇਮਲ, ਚੰਪਾ ਤੇ ਬਾਬੂਲ ਵੀ ਲਗਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦਾ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਇਸ ਪ੍ਰਾਜੈਕਟ ਨੂੰ ਚਲਾ ਰਿਹਾ ਹੈ।
ਇਸ ਦੌਰਾਨ ਮੰਤਰੀ ਸਤਿੰਦਰ ਜੈਨ ਨੇ ਘੋਗਾ ਡਰੇਨ ਵਿੱਚ ਕੁਦਰਤੀ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਵੀ ਦੌਰਾ ਕੀਤਾ। ਇਹ ਐਸਟੀਪੀ ਵੈਟਲੈਂਡ ਸਿਸਟਮ ਤੇ ਅਧਾਰਤ ਹੈ ਤੇ ਬਿਨਾ ਬਿਜਲੀ ਦੇ ਪ੍ਰਤੀ ਦਿਨ 10 ਲੱਖ ਲਿਟਰ ਗੰਦਾ ਪਾਣੀ ਸਾਫ਼ ਕਰਦਾ ਹੈ। ਇਸ ਸਬੰਧੀ ਸ੍ਰੀ ਜੈਨ ਅੱਗੇ ਕਿਹਾ ਕਿ ‘ਰੀਸਾਈਕਲ’ ਕੀਤੇ ਪਾਣੀ ਦੀ ਵਰਤੋਂ ਨੇੜਲੇ ਖੇਤਰ ਵਿੱਚ ਇੱਕ ਝੀਲ ਬਣਾ ਕੇ ਧਰਤੀ ਹੇਠਲੇ ਪਾਣੀ ਰੀਚਾਰਜ ਕਰਨ ਲਈ ਕੀਤੀ ਜਾਵੇਗੀ।