ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਆਪ’ ਸਰਕਾਰ ਕੌਮੀ ਰਾਜਧਾਨੀ ਵਿੱਚ ਸੜਕਾਂ ਦੀ ਮੁਰੰਮਤ ਸਮੇਤ ਰੁਕੇ ਹੋਏ ਵਿਕਾਸ ਕਾਰਜ ਮੁੜ ਸ਼ੁਰੂ ਕਰੇਗੀ, ਜਿਨ੍ਹਾਂ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ’ਚ ਜਾਣ ਮਗਰੋਂ ਭਾਜਪਾ ਨੇ ਕਥਿਤ ਤੌਰ ’ਤੇ ਰੋਕ ਦਿੱਤਾ ਸੀ। ਇੱਥੇ ਮੁੱਖ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਏਗੀ। ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੀਆਂ 89 ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਲਈ 74 ਟੈਂਡਰ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਆਗੂਆਂ ਨੇ ਕਈ ਨਿਰੀਖਣਾਂ ਦੌਰਾਨ ਕੁੱਲ 6,671 ਟੋਇਆਂ ਦੀ ਸ਼ਨਾਖਤ ਕੀਤੀ ਸੀ ਅਤੇ ਇਨ੍ਹਾਂ ’ਚੋਂ 3,454 ਨੂੰ ਪਹਿਲਾਂ ਹੀ ਭਰਿਆ ਜਾ ਚੁੱਕਾ ਹੈ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਭਾਜਪਾ ਨੇ ਦਿੱਲੀ ਸਰਕਾਰ ਦੇ ਕਈ ਕੰਮ ਰੋਕ ਦਿੱਤੇ ਸਨ। ਹੁਣ ਜੇਲ੍ਹ ’ਚੋਂ ਆਉਣ ਮਗਰੋਂ ਆਤਿਸ਼ੀ ਨਾਲ ਸੜਕਾਂ ਦਾ ਮੁਆਇਨਾ ਕੀਤਾ ਅਤੇ ਦੇਖਿਆ ਕਿ ਸੜਕਾਂ ਦੀ ਹਾਲਤ ਕਾਫ਼ੀ ਖਸਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਰੁਕੇ ਹੋਏ ਵਿਕਾਸ ਕਾਰਜ ਛੇਤੀ ਸ਼ੁਰੂ ਕੀਤੇ ਜਾਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ‘ਆਪ’ ਦੇ ਮੰਤਰੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ, ਜਿਸ ਕਾਰਨ ਲੋਕ ਭਲਾਈ ਦੇ ਅਹਿਮ ਪ੍ਰਾਜੈਕਟ ਠੱਪ ਹੋ ਗਏ ਸਨ ਪਰ ਹੁਣ ਸਭ ਕੁਝ ਲੀਹ ’ਤੇ ਲਿਆਂਦਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸਾਰੀਆਂ ਸਮੱਸਿਆਵਾਂ ਹੱਲ ਕਰੇਗੀ, ਜਿਨ੍ਹਾਂ ਵਿੱਚ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਦਿੱਲੀ ਦੇ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਦਵਾਈਆਂ ਦੀ ਘਾਟ, ਮੁਫਤ ਮੈਡੀਕਲ ਜਾਂਚ ਰੋਕਣਾ ਅਤੇ ਸੜਕ ਹਾਦਸਿਆਂ ਦਾ ਮੁਫਤ ਇਲਾਜ ਕਰਨ ਵਾਲੀ ਯੋਜਨਾ ਰੋਕਣਾ ਆਦਿ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ ‘‘ਮੈਨੂੰ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਦਵਾਈਆਂ ਦੀ ਭਾਰੀ ਕਮੀ ਦੇ ਨਾਲ-ਨਾਲ ਮੁਫਤ ਟੈਸਟਾਂ ਦੇ ਬੰਦ ਹੋਣ ਦੀ ਸੂਚਨਾ ਮਿਲੀ ਹੈ। ਦਿੱਲੀ ਵਿੱਚ ਸੜਕ ਹਾਦਸੇ ਦੇ ਪੀੜਤਾਂ ਦਾ ਮੁਫਤ ਇਲਾਜ ਕਰਨ ਵਾਲੀ ‘ਫਰਿਸ਼ਤੇ’ ਸਕੀਮ ਨੂੰ ਵੀ ਰੋਕ ਦਿੱਤਾ ਗਿਆ ਹੈ। ਮੈਂ ਸਾਰਿਆਂ ਨੂੰ ਭਰੋਸਾ ਦਿੰਦਾ ਹਾਂ ਕਿ ਅਸੀਂ ਰੁਕੀਆਂ ਹੋਈਆਂ ਯੋਜਨਾਵਾਂ ਨੂੰ ਮੁੜ ਬਹਾਲ ਕਰਾਂਗੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਮੁੱਖ ਮੰਤਰੀ ਆਤਿਸ਼ੀ ਨੂੰ ਕਿਹਾ ਹੈ ਕਿ ਭਲਾਈ ਯੋਜਨਾਵਾਂ ਮੁੜ ਚਲਾਈਆਂ ਜਾਣ ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ’’। -ਪੀਟੀਆਈ