ਕੁਲਦੀਪ ਸਿੰਘ
ਨਵੀਂ ਦਿੱਲੀ, 2 ਜੂਨ
ਮੁੱਖ ਅੰਸ਼
- ਗੁਰਮਿਤ ਸਿਧਾਂਤ ਸੰਸਾਰ ਨੂੰ ਸੇਧ ਦਿੰਦੇ ਰਹਿਣਗੇ: ਬੁਲਾਰੇ
ਵਿਰਾਸਤ ਸਿੱਖਇਜ਼ਮ ਟਰੱਸਟ ਦੀ ਯੂਥ ਟੀਮ ਨੇ ਬੱਚਿਆਂ ਨੂੰ ਗੁਰਮਤਿ ਦੀ ਸੇਧ ਦੇਣ ਦੇ ਮਕਸਦ ਨਾਲ ‘ਮਾਤਾ ਪਿਤਾ ਅਤੇ ਬੱਚੇ’ ਵਿਸ਼ੇ ’ਤੇ ਵੈਬਿਨਾਰ ਕਰਵਾਇਆ। ਇਸ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਿੰਸੀਪਲ ਹਰਭਜਨ ਸਿੰਘ (ਸਪੈਸ਼ਲ ਕੰਸਲਟੇਟਿਵ ਸਟੇਟਸ ਵਿੱਦ ਯੂਐੱਨਓ) ਨੇ ਆਨਲਾਈਨ ਸ਼ਿਰਕਤ ਕੀਤੀ। ਸਬੰਧਿਤ ਵਿਸ਼ੇ ’ਤੇ ਚਰਚਾ ਕਰਦਿਆਂ ਪ੍ਰਿੰ. ਹਰਭਜਨ ਸਿੰਘ ਨੇ ਕਿਹਾ ਕਿ ਗੁਰਮਤਿ ਦੀ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਦੂਜੇ ਬੁਲਾਰੇ ਅਤੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸੰਸਾਰ ਹੈ, ਓਦੋਂ ਤਕ ਗੁਰਮਤਿ ਦੇ ਸਿਧਾਂਤ ਸੰਸਾਰ ਨੂੰ ਨਿਵੇਕਲੇ ਰੂਪ ਵਿਚ ਸੇਧ ਦਿੰਦੇ ਰਹਿਣਗੇ। ਉਦਯੋਗਪਤੀ ਤਲਵਿੰਦਰ ਸਿੰਘ ਸਭਰਵਾਲ ਨੇ ਪ੍ਰੋਗਰਾਮ ‘ਚ ਜੁੜੇ ਸਰੋਤਿਆਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ, ‘‘ਮੈਂ ਗੁਰਮਤਿ ਤੋਂ ਅਨਜਾਣ ਹੋਣ ਕਰਕੇ ਨਿਘਾਰ ਵੱਲ ਜਾ ਰਿਹਾ ਸੀ, ਪਰ ਜਿਸ ਦਿਨ ਤੋਂ ਮੇਰੇ ਮਾਤਾ ਜੀ ਨੇ ਮੈਨੂੰ ਗੁਰਮਤਿ ਦੀ ਰਾਹ ’ਤੇ ਤੁਰਨ ਦੀ ਸੇਧ ਦਿੱਤੀ ਉਸ ਦਿਨ ਤੋਂ ਮੇਰਾ ਜੀਵਨ ਅਤੇ ਕਾਰੋਬਾਰ ਦੋਵੇਂ ਤਰੱਕੀ ਕਰਦੇ ਗਏ।’’ ਅਖ਼ੀਰ ’ਚ ਸਿੰਗਾਪੁਰ ਤੋਂ ਜੁੜੇ ਟਰੱਸਟ ਦੇ ਅੰਤਰਿਮ ਮੈਂਬਰ ਗੁਰਬਚਨ ਕੌਰ ਅਤੇ ਦਿੱਲੀ ਤੋਂ ਟਰੱਸਟ ਦੇ ਅੰਤਰਿਮ ਮੈਂਬਰ ਅਣਿਮੇਸ਼ਵਰ ਕੌਰ ਅਤੇ ਵੈਬੀਨਰ ਦਾ ਸੰਚਾਲਨ ਕਰ ਰਹੇ ਬਨਿੰਦਰ ਸਿੰਘ ਨੇ ਵੀ ਆਪਣੀ ਟੀਮ ਦੇ ਮੈਂਬਰਾਂ ਹਰਮਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਕੌਰ ਅਤੇ ਰਵਿੰਦਰ ਕੌਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ।