ਕੁਲਦੀਪ ਸਿੰਘ
ਨਵੀਂ ਦਿੱਲੀ, 15 ਸਤੰਬਰ
ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ.) ਵਲੋਂ ਵਸੰਤ ਕੁੰਜ ਵਿੱਚ ਆਪਣੇ ਮੁੱਖ ਦਫ਼ਤਰ ਦੇ ਆਡੀਟੋਰੀਅਮ ‘ਚ ਹਿੰਦੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ‘ਚ ਮੁੱਖ ਮਹਿਮਾਨ ਵਜੋਂ ਡਾ. ਕੁਮੁਦ ਸ਼ਰਮਾ (ਪ੍ਰਿੰਸੀਪਲ, ਮਹਿਲਾ ਮਹਾਂਵਿਦਿਆਲਾ, ਸ਼ਾਮਲੀ) ਨੇ ਹਾਜ਼ਰੀ ਭਰੀ। ਉਨ੍ਹਾਂ ਇਸ ਮੌਕੇ ‘ਡਿਜੀਟਲ ਯੁੱਗ ਤੱਕ ਪਹੁੰਚਣ ‘ਚ ਹਿੰਦੀ ਦੀ ਯਾਤਰਾ’ ਵਿਸ਼ੇ ‘ਤੇ ਵਿਚਾਰ ਪੇਸ਼ ਕੀਤੇ। ਆਰੰਭ ‘ਚ ਡਾ. ਕੁਮੁਦ ਸ਼ਰਮਾ ਨੇ ਕਿਹਾ ਕਿ ਅਜੋਕੇ ਡਿਜੀਟਲ ਯੁੱਗ ‘ਚ ਬੱਚੇ ਮੋਬਾਈਲ ਅਤੇ ਇਲੈਕਟ੍ਰੌਨਿਕ ਖਿਡੌਣਿਆਂ ਨਾਲ ਖੇਡਦੇ ਹਨ, ਪਰ ਪਹਿਲਾਂ ਬੱਚੇ ਲੱਕੜੀ ਦੇ ਖਿਡੌਣਿਆਂ, ਖੋ-ਖੋ, ਗੁੱਲੀ ਡੰਡਾ, ਕੰਚੇ ਆਦਿ ਖੇਡਾਂ ਦਾ ਆਨੰਦ ਮਾਣਦੇ ਸਨ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਡਿਜੀਟਲ ਯੁੱਗ ਵਿਚ ਹਿੰਦੀ ਦੀ ਵਿਕਾਸ ਯਾਤਰਾ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਕਰੋਨਾ ਕਾਲ ਵਿਚ ਹਿੰਦੀ ਦਾ ਮਾਣ ਵਧਿਆ ਹੈ। ਕਈ ਹਿੰਦੀ ਪ੍ਰੋਗਰਾਮ ਵੈਬਿਨਾਰ ਦੁਆਰਾ ਆਨਲਾਈਨ ਕਰਵਾਏ ਜਾ ਰਹੇ ਹਨ।
ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ‘ਨਿਸ਼ੰਕ’ ਵਲੋਂ ਭੇਜੇ ਸੰਦੇਸ਼ ਨੂੰ ਸਹਾਇਕ ਨਿਦੇਸ਼ਕ (ਰਾਜਭਾਸ਼ਾ) ਰਾਕੇਸ਼ ਕੁਮਾਰ ਨੇ ਪੜ੍ਹਿਆ, ਜਿਸ ਵਿਚ ਸ੍ਰੀ ਨਿਸ਼ੰਕ ਨੇ ਹਿੰਦੀ ਦਿਵਸ ‘ਤੇ ਵਧਾਈ ਦਿੰਦਿਆਂ ਹਿੰਦੀ ਵਿਚ ਕੰਮ ਕਰਨ ਲਈ ਵੀ ਪ੍ਰੇਰਿਆ।
ਦੱਸਣਯੋਗ ਹੈ ਕਿ ਕਰੋਨਾ ਦੇ ਮੱਦੇਨਜ਼ਰ ਐੱਨਬੀਟੀ ਦੇ 150 ਕਰਮਚਾਰੀਆਂ ਨੇ ਆਪੋ ਆਪਣੇ ਵਿਭਾਗਾਂ ਵਿਚ ਬੈਠ ਕੇ ਵੈਬਿਨਾਰ ਲਿੰਕ ਰਾਹੀਂ ਜਦਕਿ ਟਰੱਸਟ ਦੇ ਆਡੀਟੋਰੀਅਮ ਵਿਚ ਲਗਪਗ 30 ਅਧਿਕਾਰੀਆਂ/ਕਰਮਚਾਰੀਆਂ ਨੇ ਇਸ ਭਾਸ਼ਣ ਦਾ ਲਾਹਾ ਲਿਆ। ਇਸ ਪ੍ਰੋਗਰਾਮ ਦਾ ਸੰਚਾਲਨ ਰਵਿੰਦਰ ਸਿੰਘ ਨੇ ਕੀਤਾ।