ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਵਾਰਡਬੰਦੀ ਦੇ ਡਰਾਫਟ ਵਿੱਚ ਕਮੀਆਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਵੱਲੋਂ ਹੱਦਬੰਦੀ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਵਿੱਚ ਦਲਿਤ ਤੇ ਘੱਟ ਗਿਣਤੀ ਭਾਈਚਾਰੇ ਨੂੰ ਨਜ਼ਰਅੰਦਾਜ਼ ਕਰਨ ਲਈ ਭਾਜਪਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਤੇ ਆਮ ਆਦਮੀ ਪਾਰਟੀ ਨੇ ਆਪਣੀ ਵਾਰਡਬੰਦੀ ਵਿੱਚ ਤਬਦੀਲੀ ਲਈ ਦਲਿਤ ਅਤੇ ਘੱਟ ਗਿਣਤੀ ਭਾਈਚਾਰੇ ਨੂੰ ਵੱਖ ਕਰਨ ਦੀ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਵਫ਼ਦ ਨੇ ਹੱਦਬੰਦੀ ਦੇ ਖਰੜੇ ਦੀ ਡੂੰਘਾਈ ਨਾਲ ਘੋਖ ਕਰਨ ਤੋਂ ਬਾਅਦ ਕਦਮ-ਦਰ-ਕਦਮ ਇਤਰਾਜ਼ ਤੇ ਸੁਝਾਅ ਪੇਸ਼ ਕੀਤੇ ਹਨ ਅਤੇ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵਾਰਡਾਂ ਵਿੱਚ ਵੰਡਣ ਦੇ ਮੁੱਦੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ। ਪ੍ਰਧਾਨ ਨੇ ਕਿਹਾ ਕਿ ਵਾਰਡਬੰਦੀ ਪੂਰੀ ਤਰ੍ਹਾਂ ਦਲਿਤ-ਘੱਟਗਿਣਤੀ ਭਾਈਚਾਰੇ ਨਾਲ ਬਦਸਲੂਕੀ ਕਰਨ ਦੇ ਇਰਾਦੇ ਨਾਲ ਤਿਆਰ ਕੀਤੀ ਗਈ ਹੈ ਜਿਸ ’ਤੇ ਕਾਂਗਰਸ ਦੇ ਵਫ਼ਦ ਨੇ ਦਿੱਲੀ ਰਾਜ ਚੋਣ ਕਮਿਸ਼ਨ ਅੱਗੇ ਗੰਭੀਰ ਸਵਾਲ ਉਠਾਏ ਹਨ ਜਿਸ ਵਿੱਚ ਆਬਾਦੀ ਸੰਤੁਲਨ ਦਲਿਤਾਂ ਤੇ ਘੱਟ ਗਿਣਤੀਆਂ ਦੀ ਬਰਾਬਰ ਭਾਗੀਦਾਰੀ ਲਈ ਵਾਰਡ ਤੇ ਸੁਝਾਅ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਾਰਡਬੰਦੀ ਵਿੱਚ ਆਮ ਆਦਮੀ ਪਾਰਟੀ ਦਾ ਵਫ਼ਦ ਸਿਰਫ਼ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਚੋਣ ਕਮਿਸ਼ਨ ਨੂੰ ਮਿਲਿਆ ਸੀ ਕਿਉਂਕਿ ਦਿੱਲੀ ਕਾਂਗਰਸ ਲਗਾਤਾਰ ਦੋਸ਼ ਲਾ ਰਹੀ ਸੀ ਕਿ ਵਾਰਡਬੰਦੀ ਨੂੰ ਲੈ ਕੇ ਆਮ ਆਦਮੀ ਪਾਰਟੀ ਭਾਜਪਾ ਨਾਲ ਖੜ੍ਹੀ ਹੈ ਇਸ ਲਈ ਚੁੱਪ ਧਾਰੀ ਹੋਈ ਹੈ।