ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਦੇ ਜੰਤਰ-ਮੰਤਰ ’ਤੇ ਆਯੋਜਿਤ ‘ਜਨਤਾ ਕੀ ਅਦਾਲਤ ਮੈਂ ਕੇਜਰੀਵਾਲ’ ਮੀਟਿੰਗ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਭਾਜਪਾ ਨੇ ਉਸ ਨੂੰ ਅਰਵਿੰਦ ਕੇਜਰੀਵਾਲ ਤੋਂ ਵੱਖ ਕਰਨ ਲਈ ਕਈ ਧਮਕੀਆਂ ਦਿੱਤੀਆਂ, ਪਰ ਉਨ੍ਹਾਂ ਦਾ ਸੁਨੇਹਾ ਲੈ ਕੇ ਆਉਣ ਵਾਲਿਆਂ ਨੂੰ ਉਸ ਨੇ ਜਵਾਬ ਦਿੱਤਾ ਕਿ ਦੁਨੀਆ ਦੇ ਕਿਸੇ ਰਾਵਣ ਵਿੱਚ ਲਕਸ਼ਮਣ ਨੂੰ ਰਾਮ ਤੋਂ ਵੱਖ ਕਰਨ ਦੀ ਤਾਕਤ ਨਹੀਂ ਹੈ। ਕੇਜਰੀਵਾਲ ਤਾਨਾਸ਼ਾਹੀ ਦੇ ਰਾਵਣ ਵਿਰੁੱਧ ਰਾਮ ਬਣ ਕੇ ਇਹ ਲੜਾਈ ਲੜਦਾ ਰਹੇ, ਉਹ ਲਕਸ਼ਮਣ ਬਣ ਕੇ ਉਸ ਨਾਲ ਖੜ੍ਹਾ ਰਹੇਗਾ। ਉਨ੍ਹਾ ਕਿਹਾ ਕਿ ਉਹ ਵੀ ਕੇਜਰੀਵਾਲ ਨਾਲ ਜਨਤਾ ਦੀ ਕਚਹਿਰੀ ਵਿੱਚ ਜਾਣਗੇ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਉਦੋਂ ਹੀ ਬੈਠੇਗਾ ਜਦੋਂ ਜਨਤਾ ਸਾਡੀ ਇਮਾਨਦਾਰੀ ਨੂੰ ਪ੍ਰਵਾਨ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਲੋਕ ਬਹੁਤ ਖੁਸ਼ ਹਨ ਕਿ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ ਪਰ ਇਸ ਗੱਲ ਤੋਂ ਵੀ ਦੁਖੀ ਹਨ ਕਿ ਉਹ ਹੁਣ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹੇ। ਦਿੱਲੀ ਦੇ ਲੋਕਾਂ ਨੂੰ ਭਰੋਸਾ ਹੈ ਕਿ ਅਗਲੇ ਤਿੰਨ-ਚਾਰ ਮਹੀਨਿਆਂ ਬਾਅਦ ਅਰਵਿੰਦ ਕੇਜਰੀਵਾਲ ਮੁੜ ਦਿੱਲੀ ਦੇ ਮੁੱਖ ਮੰਤਰੀ ਹੋਣਗੇ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਝੂਠਾ ਕੇਸ ਹੈ। ਜਦੋਂ ਕੇਸ ਦੀ ਸੁਣਵਾਈ ਸ਼ੁਰੂ ਹੋਵੇਗੀ ਤਾਂ ਉਹ ਦੋ ਸਵਾਲਾਂ ਦਾ ਵੀ ਸਾਹਮਣਾ ਨਹੀਂ ਕਰ ਸਕੇਗਾ। ਇਸ ਮਾਮਲੇ ਵਿੱਚ ਅਜਿਹੀ ਝੂਠੀ ਕਹਾਣੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਪੱਤਰਕਾਰ ਸੀ ਤਾਂ 2002 ਵਿੱਚ ਪੰਜ ਲੱਖ ਵਿੱਚ ਛੋਟਾ ਜਿਹਾ ਘਰ ਖਰੀਦਿਆ ਸੀ। ਉਨ੍ਹਾਂ ਨੇ ਉਹ ਘਰ ਖੋਹ ਲਿਆ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ। ਬੈਂਕ ਖਾਤੇ ਵਿੱਚ ਤਨਖਾਹ ਦੇ 10 ਲੱਖ ਰੁਪਏ ਸਨ, ਉਹ ਪੈਸੇ ਵੀ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ।