ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਨੂੰ ਦੱਸਿਆ ਗਿਆ ਹੈ ਕਿ ਕੌਮੀ ਰਾਜਧਾਨੀ ਵਿੱਚ ਮਈ ਮਹੀਨੇ ਲਈ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾ ਨਹੀਂ ਲਗਾਇਆ ਜਾ ਸਕੇਗਾ। ਇਸ ਲਈ ਉਨ੍ਹਾਂ ਕੇਂਦਰ ਸਰਕਾਰ ਦਾ ਇੱਕ ਪੱਤਰ ਦਿਖਾਇਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੇ ਰਾਜਾਂ ਅਤੇ ਨਿੱਜੀ ਹਸਪਤਾਲਾਂ ਨੂੰ ਭੇਜੇ ਗਏ ਕਰੋਨਾ ਟੀਕਿਆਂ ਦੀ ਗਿਣਤੀ ਜਨਤਕ ਕਰੇ। ਸ੍ਰੀ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਨੂੰ ਲਿਖਤੀ ਦੱਸਿਆ ਗਿਆ ਹੈ ਕਿ ਮਈ ਵਿੱਚ 45 ਸਾਲ ਤੋਂ ਵੱਧ ਉਮਰ ਵਰਗ ਲਈ ਹੋਰ 3.83 ਹੋਰ ਟੀਕੇ ਮੁਹੱਈਆ ਕਰਵਾਏ ਜਾਣਗੇ ਪਰ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਹੋਰ ਟੀਕੇ ਨਹੀਂ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਲੋਂ ਟੀਕੇ ਲਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤੇ ਦੋਨਾਂ ਵਰਗਾਂ ਲਈ ਤਿਆਰੀ ਕੀਤੀ ਹੋਈ ਹੈ। ਜੋ ਟੀਕੇ ਪਹਿਲਾਂ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਲਾਏ ਜਾ ਰਹੇ ਸਨ, ਹੁਣ ਸਰਕਾਰੀ ਸਕੂਲਾਂ ਵਿੱਚ ਵੀ ਆਰੰਭੇ ਗਏ ਹਨ। ਉਨ੍ਹਾਂ ਕਿਹਾ ਕਿ ‘ਵਾਕ-ਇਨ’ ਟੀਕਾਕਰਨ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਫਿਲਹਾਲ ਦਿੱਲੀ ਵਿੱਚ 45 ਸਾਲਾਂ ਤੋਂ ਉਪਰ ਦੀ ਉਮਰ ਦੇ ਲੋਕਾਂ ਲਈ ਅਗਲੇ 4 ਦਿਨ ਦੇ ਹੀ ਟੀਕੇ ਰਹਿ ਗਏ ਪਰ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਛੇਤੀ ਹੀ ਸੂਬਾ ਸਰਕਾਰ ਨੂੰ 3 ਲੱਖ ਤੋਂ ਵੱਧ ਟੀਕੇ ਮਿਲ ਜਾਣਗੇ। ਉਨ੍ਹਾਂ ਪ੍ਰੇਸ਼ਾਨੀ ਦਾ ਸਬੱਬ ਦੱਸਿਆ ਕਿ 18-45 ਸਾਲ ਦੀ ਉਮਰ ਦੇ ਲੋਕਾਂ ਲਈ ਦਿੱਲੀ ਕੋਲ ਲਾਉਣ ਲਈ ਹੁਣ ਸਿਰਫ਼ 3 ਦਿਨ ਦੇ ਟੀਕੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ 3 ਵਾਰ ਲਿਖਿਆ ਜਾ ਚੁੱਕਾ ਹੈ ਕਿ 18 ਸਾਲ ਤੋਂ ਉਪਰ ਦੀ ਉਮਰ ਦੇ ਲੋਕਾਂ ਲਈ ਵੀ ਵਾਧੂ ਮਾਤਰਾ ਵਿੱਚ ਟੀਕੇ ਸਪਲਾਈ ਕੀਤੇ ਜਾਣ।
ਜੇਕਰ ਅਜਿਹਾ ਨਹੀਂ ਹੁੰਦਾ ਤਾਂ ਚਾਰ ਦਿਨਾਂ ਦੇ ਅੰਦਰ ਸਾਨੂੰ ਇਸ ਉਮਰ ਦੇ ਲੋਕਾਂ ਲਈ ਖੋਲ੍ਹੇ ਟੀਕਾ ਕੇਂਦਰ ਬੰਦ ਕਰਨੇ ਪੈਣਗੇ। ਇਸ ਤੋਂ ਪਹਿਲਾਂ ਵੀ ਟੀਕਿਆਂ ਦੀ ਅਣਹੋਂਦ ਕਾਰਨ 100 ਕੇਂਦਰ ਬੰਦ ਕੀਤੇ ਜਾ ਚੁੱਕੇ ਹਨ। ੍ਸ੍ਰੀ ਸਿਸੋਦੀਆ ਨੇ ਮੰਗ ਕੀਤੀ ਕਿ ਕੇਂਦਰ ਵੱਲੋਂ ਜੋ ਟੀਕੇ ਨਿਜੀ ਹਸਪਤਾਲਾਂ ਤੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ, ਉਨ੍ਹਾਂ ਦੇ ਵੇਰਵੇ ਜਨਤਕ ਕੀਤੇ ਜਾਣ ਤਾਂ ਜੋ ਪਾਰਦਰਸ਼ੀ ਤਰੀਕੇ ਨਾਲ ਸਾਰਾ ਪਤਾ ਲੱਗ ਸਕੇ ਕਿ ਕਿਸ ਨੂੰ ਕਿੰਨੇ ਟੀਕੇ ਮਿਲੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕਰੋਨਾ ਦੀ ਲਾਗ ਘਟੀ ਹੈ ਜਿਸ ਕਰਕੇ ਹਸਪਤਾਲਾਂ ਉਪਰ ਵੀ ਦਬਾਅ ਘਟਿਆ ਹੈ। ਜਿੰਨੀ ਮਾਤਰਾ ਵਿੱਚ ਦਿੱਲੀ ਨੂੰ ਟੀਕੇ ਸਪਲਾਈ ਕੀਤੇ ਜਾ ਰਹੇ ਹਨ, ਉਸੇ ਮੁਤਾਬਕ ਦਿੱਲੀ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਟੀਕੇ ਲਾਏ ਜਾ ਰਹੇ ਹਨ।
ਦਿੱਲੀ ਵਿੱਚ ਕਰੋਨਾ ਕਾਰਨ 340 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਕਰੋਨਾਵਾਇਰਸ ਦੇ 4,524 ਤਾਜ਼ੇ ਕੇਸ ਦਰਜ ਕੀਤੇ ਗਏ। ਇਸ ਨਾਲ ਕੌਮੀ ਰਾਜਧਾਨੀ ਵਿੱਚ ਕੋਵਿਡ- 19 ਦੇ ਕੇਸਾਂ ਦੀ ਗਿਣਤੀ 13.98 ਲੱਖ ਤੋਂ ਵੱਧ ਹੋ ਗਈ ਹੈ ਜਦੋਂਕਿ ਮਰਨ ਵਾਲਿਆਂ ਦੀ ਗਿਣਤੀ 21,846 ਹੋ ਗਈ ਹੈ। ਦਿੱਲੀ ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 340 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦਿੱਲੀ ਵਿੱਚ ਇੱਕ ਦਿਨ ਵਿਚ 10,000 ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿਚ ਕੋਵਿਡ -19 ਦੀ ਸਕਾਰਾਤਮਕਤਾ ਦਰ 8.42% ਤੱਕ ਘਟ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ- 19 ਦੇ 53,756 ਟੈਸਟ ਕੀਤੇ ਗਏ ਸਨ। ਕੌਮੀ ਰਾਜਧਾਨੀ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ ਚਾਹੇ 1398391 ਹੈ ਤੇ ਇਨ੍ਹਾਂ ਵਿੱਚੋਂ 1320496 ਮਰੀਜ਼ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 56049 ਹੈ ਤੇ ਘਰਾਂ ਵਿੱਚ ਇਕਾਂਤਵਾਸ ਰਹਿ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 35141 ਹੈ ਤੇ ਇਹ ਦਿਨੋਂ ਦਿਨ ਹੇਠਾਂ ਆ ਰਹੀ ਹੈ। -ਪੱਤਰ ਪ੍ਰੇਰਕ