ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਔਰਤਾਂ ਨੇ ਦਿੱਲੀ ਕਾਂਗਰਸ ਪ੍ਰਧਾਨ ਨੂੰ ਨਵੀਂ ਸ਼ਰਾਬ ਨੀਤੀ ਰੱਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ’ਤੇ ਵਧਾਈ ਦਿੱਤੀ ਹੈ। ਇਸ ਮੌਕੇ ਔਰਤਾਂ ਨੇ ਪ੍ਰਧਾਨ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਂਗਰਸੀ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਦਾ ਨਵੀਂ ਆਬਕਾਰੀ ਨੀਤੀ ਰੱਦ ਕਰਨ ਦਾ ਫ਼ੈਸਲਾ ਕਾਂਗਰਸ ਵਰਕਰਾਂ ਅਤੇ ਦਿੱਲੀ ਦੇ ਲੋਕਾਂ ਦੀ ਜਿੱਤ ਹੈ। ਇਸ ਨਵੀਂ ਸ਼ਰਾਬ ਨੀਤੀ ਵਿਰੁੱਧ ਲਗਾਤਾਰ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ ਹਨ ਤੇ ਪਾਰਟੀ ਕੋਲ ਲਿਖਤੀ ਸ਼ਿਕਾਇਤਾਂ ਸਬੂਤਾਂ ਸਮੇਤ ਹਨ। ਉਨ੍ਹਾਂ ਕਿਹਾ ਕਿ ਜਦੋਂ ਉਪ ਰਾਜਪਾਲ ਨੇ ਆਬਕਾਰੀ ਨੀਤੀ ਸਬੰਧੀ ਭ੍ਰਿਸ਼ਟਾਚਾਰ, ਬੇਨਿਯਮੀਆਂ ਅਤੇ ਨਿਯਮਾਂ ਦੀ ਉਲੰਘਣਾ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ, ਉਸ ਸਮੇਂ ਆਮ ਆਦਮੀ ਪਾਰਟੀ ਨੂੰ ਸ਼ਰਾਬ ਨੀਤੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ।
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਹਾਊਸ ਟੈਕਸ ਅਤੇ ਵਪਾਰ ਤੇ ਲਾਇਸੈਂਸ ਟੈਕਸ ਨੂੰ 500 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰਨ ਨਾਲ ਲੋਕਾਂ ’ਤੇ ਅਸਹਿ ਬੋਝ ਪਵੇਗਾ। ਐੱਮਸੀਡੀ ਦਾ ਇਹ ਫ਼ੈਸਲਾ ਲੋਕਾਂ ਦੀਆਂ ਜੇਬਾਂ ’ਤੇ ਨਾਜਾਇਜ਼ ਡਾਕਾ ਹੈ ਕਿਉਂਕਿ ਲੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਮੁਸ਼ਕਲਾਂ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਐੱਮਸੀਡੀ ਤੋਂ ਇਨ੍ਹਾਂ ਟੈਕਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦਾ ਰਲੇਵਾਂ ਕੀਤਾ ਗਿਆ ਸੀ ਅਤੇ ਐੱਮਸੀਡੀ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਭਾਜਪਾ ਆਗੂਆਂ ਨੇ ਇਹ ਪ੍ਰਭਾਵ ਫੈਲਾਇਆ ਸੀ ਕਿ ਕੇਂਦਰ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਐੱਮ.ਸੀ.ਡੀ. ਵਿੱਚ ਪੈਸੇ ਦੀ ਵਰਤੋਂ ਕਰੇਗਾ, ਇਸ ਦੀ ਬਜਾਏ ਹੁਣ ਲੋਕਾਂ ਅਤੇ ਵਪਾਰੀਆਂ ’ਤੇ ਟੈਕਸ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ।
ਤਿਲਕ ਨਗਰ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਅੱਜ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ (ਆਜ਼ਾਦੀ ਗੌਰਵ ਯਾਤਰਾ) ਨੂੰ ਸਮਰਪਿਤ ਪ੍ਰੋਗਰਾਮ ਉਲੀਕੇ ਗਏ। ਮੀਟਿੰਗ ਵਿੱਚ ਸੀਨੀਅਰ ਕਾਂਗਰਸੀ ਆਗੂ, ਜ਼ਿਲ੍ਹਾ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰ ਹਾਜ਼ਰ ਹੋਏ। ਪੰਜ ਅਗਸਤ ਨੂੰ ਮਹਿੰਗਾਈ ਖ਼ਿਲਾਫ਼ ਵੱਡੇ ਅੰਦੋਲਨ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 9 ਤੋਂ 15 ਅਗਸਤ ਤੱਕ ਪੈਦਲ ਯਾਤਰਾਵਾਂ ਕੀਤੀਆਂ ਜਾਣਗੀਆਂ।