ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਨਵੰਬਰ
ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹਨ। ਸਾਰੇ ਵਰਕਰ ਕੁੱਝ ਦਿਨਾਂ ਲਈ ਸਾਰੇ ਕੰਮ ਛੱਡ ਕੇ ਪਾਰਟੀ ਨੂੰ ਦਿੱਲੀ ਵਿੱਚ ਜਿਤਾਉਣ ਲਈ ਹੱਥ ਮਿਲਾਉਣ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਟੀ ਨੇ ਪਿਛਲੇ ਦੋ ਸਾਲਾਂ ਵਿੱਚ ਬਹਾਦਰੀ ਤੇ ਸਿਆਣਪ ਨਾਲ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਇਸ ਦੇਸ਼ ਨੇ ਰਾਜਨੀਤੀ ਵਿੱਚ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੜਕਾਂ ਵਰਗੇ ਜਨਤਕ ਮੁੱਦਿਆਂ ਬਾਰੇ ਸੁਣਿਆ ਹੈ।
ਚੋਣ ਪ੍ਰਚਾਰ ਲਈ ਕੰਮ ਤੋਂ ਛੁੱਟੀ ਲੈਣ ਦੀ ਅਪੀਲ
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇੱਕੋ ਇੱਕ ਉਮੀਦ ਹੈ। ਇਸ ਉਮੀਦ ਨੂੰ ਕਾਇਮ ਰੱਖਣਾ ਪਵੇਗਾ। ਇਸ ਨੂੰ ਹੋਰ ਅੱਗੇ ਲਿਜਾਣਾ ਪਵੇਗਾ। ਲੋੜ ਪੈਣ ’ਤੇ ਦੇਸ਼ ਲਈ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹੋ। ਹੋ ਸਕੇ ਤਾਂ ਦਿੱਲੀ ਚੋਣਾਂ ਲਈ ਆਪਣੇ ਕੰਮ ਤੋਂ ਛੁੱਟੀ ਲੈ ਕੇ ਕੁਝ ਮਹੀਨੇ ਇਨ੍ਹਾਂ ਚੋਣਾਂ ਲਈ ਆਪਣਾ ਪੂਰਾ ਸਮਾਂ ਲਗਾ ਦਿਓ। ਦਿੱਲੀ ਤੋਂ ਬਾਹਰਲੇ ਲੋਕਾਂ ਨੂੰ ਦਿੱਲੀ ਆਉਣਾ ਚਾਹੀਦਾ ਹੈ ਅਤੇ ਕੁਝ ਮਹੀਨਿਆਂ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਰਹਿਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਦਿੱਲੀ ਦੇ ਲੋਕਾਂ ਨੂੰ ਵੀ ਛੁੱਟੀ ਲੈ ਕੇ ਆਪਣਾ ਪੂਰਾ ਸਮਾਂ ਚੋਣਾਂ ਲਈ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਭਾਵੇਂ ਤੁਸੀਂ ਪੂਰਾ ਸਮਾਂ ਨਹੀਂ ਦੇ ਸਕਦੇ ਪਰ ਹਰ ਰੋਜ਼ ਕੁਝ ਘੰਟੇ ਜਾਂ ਹਰ ਹਫ਼ਤੇ ਕੁਝ ਘੰਟੇ ਜ਼ਰੂਰ ਦਿਓ।’