ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਕਤੂਬਰ
ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲ, ਵਸੰਤ ਵਿਹਾਰ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਵੱਲੋਂ ਖ਼ਾਲਸਾ ਸਕੂਲਾਂ ਦੀਆਂ ਵੱਖ-ਵੱਖ ਸ਼ਖਾਵਾਂ ਵਿੱਚ ਕਾਰਜਸ਼ੀਲ ਪੰਜਾਬੀ ਅਧਿਆਪਕਾਂ ਤੇ ਧਾਰਮਿਕ ਵਿੱਦਿਆ ਖੇਤਰ ਨਾਲ ਜੁੜੇ ਸੱਜਣਾਂ ਲਈ ਕਾਰਜਸ਼ਾਲਾ ਲਾਈ ਗਈ। ਪੰਜਾਬ ਦੇ ਫਤਹਿਗੜ੍ਹ ਸਾਹਿਬ ਤੋਂ ਆਏ ਡਾ. ਸਿਕੰਦਰ ਸਿੰਘ ਨੇ ਭਾਸ਼ਾਈ ਗਿਆਨ ਦਿੱਤਾ ਤੇ ਪੰਜਾਬੀ ਨਾਲ ਜੁੜੀਆਂ ਬਾਰੀਕੀਆਂ ਤੋਂ ਅਧਿਆਪਕਾਂ ਨੂੰ ਜਾਣੂ ਕਰਵਾਇਆ। ਮੈਨੇਜਰ ਉਂਕਾਰ ਸਿੰਘ (ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦਾ ਗਿਆਨ ਦੇਣਾ ਨਵੀਂ ਪਨੀਰੀ ਲਈ ਲਾਜ਼ਮੀ ਹੈ ਕਿਉਂਕਿ ਆਧੁਨਿਕ ਦੌਰ ਵਿੱਚ ਨਵੇਂ ਬੱਚੇ ਭਾਸ਼ਾਈ ਗਿਆਨ ਤੋਂ ਵਾਂਝੇ ਨਾ ਰਹਿਣ ਇਸ ਲਈ ਇਹ ਉਪਰਾਲਾ ਕੀਤਾ ਗਿਆ। ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਦਿੱਲੀ ਵਿੱਚ ਪੰਜਾਬੀਆਂ ਦੀ ਚੋਖੀ ਗਿਣਤੀ ਹੈ ਪਰ ਪੰਜਾਬੀ ਦਿਨੋ-ਦਿਨ ਪਿਛੜਦੀ ਜਾ ਰਹੀ ਹੈ।