ਨਵੀਂ ਦਿੱਲੀ, 18 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਫਰਵਰੀ 2025 ਤੱਕ ਯਮੁਨਾ ਨੂੰ ਇਸ਼ਨਾਨ ਯੋਗ ਮਿਆਰਾਂ ਤੱਕ ਪਹੁੰਚਾਉਣ ਲਈ ਛੇ-ਨੁਕਾਤੀ ਕਾਰਜ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ ਅਤੇ ਪੁਰਾਣੇ ਨੂੰ ਤਕਨੀਕੀ ਤੌਰ ‘ਤੇ ਅੱਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਮੁਨਾ ਵਿੱਚ ਜਿਨ੍ਹਾਂ ਚਾਰ ਪ੍ਰਮੁੱਖ ਡਰੇਨਾਂ ਨਜ਼ਫਗੜ੍ਹ, ਬਾਦਸ਼ਾਹਪੁਰ, ਸਪਲੀਮੈਂਟਰੀ ਅਤੇ ਗਾਜ਼ੀਪੁਰ ਦਾ ਪਾਣੀ ਉਨ੍ਹਾਂ ਦੇ ਮੂਲ ਸਥਾਨ ’ਤੇ ਹੀ ਟਰੀਟ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਨੇਤਾ ਨੇ ਕਿਹਾ ਕਿ ਸਰਕਾਰ ਉਦਯੋਗਿਕ ਰਹਿੰਦ-ਖੂੰਹਦ ਨੂੰ ਯਮੁਨਾ ਵਿੱਚ ਛੱਡਣ ਵਾਲੇ ਉਦਯੋਗਾਂ ਨੂੰ ਬੰਦ ਕਰ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ‘ਝੁੱਗੀ-ਝੋਪੜੀ’ ਤੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਸੀਵਰੇਜ ਨੈੱਟਵਰਕ ਨਾਲ ਜੋੜਿਆ ਜਾਵੇਗਾ।