ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਇੱਥੋਂ ਦੇ ਖਜੂਰੀ ਖਾਸ ਇਲਾਕੇ ਵਿੱਚ ਕੁੱਝ ਵਿਅਕਤੀਆਂ ਨੇ 22 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ ਮਗਰੋਂ ਖਜੂਰੀ ਖਾਸ ਥਾਣੇ ਦੇ ਅਧਿਕਾਰੀ ਤੁਰੰਤ ਮੌਕੇ ਪਹੁੰਚੇ। ਉਦੋਂ ਤੱਕ ਹਸਪਤਾਲ ਵਿੱਚ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਅਨਵਾਰੁਲ ਹੱਕ ਵਾਸੀ ਪੂਰਨੀਆ, ਬਿਹਾਰ ਵਜੋਂ ਹੋਈ ਹੈ। ਪੀੜਤ ਸਕੂਲ ਬੈਗ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਹਾਇਤਾ ਲਈ ਦਿੱਲੀ ਪੁਲੀਸ ਦੇ ਆਪਰੇਸ਼ਨ ਵਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਬਾਅਦ ਪਤਾ ਲੱਗਿਆ ਕਿ ਕੁਝ ਲੜਕੇ ਅਨਵਾਰੁਲ ’ਤੇ ਚਾਕੂ ਨਾਲ ਹਮਲਾ ਕਰ ਕੇ ਫਰਾਰ ਹੋ ਗਏ ਸਨ। ਪੁਲੀਸ ਵੱਲੋਂ ਇਸ ਫੁਟੇਜ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।