ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੁਲਾਈ
ਭਾਰਤੀ ਯੂਥ ਕਾਂਗਰਸ ਨੇ ਅੱਜ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਵਧਦੀ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ। ਇਸ ਮੌਕੇ ਭਾਰਤੀ ਯੂਥ ਕਾਂਗਰਸ ਨੇ ਇਥੇ ਕੌਮੀ ਰਾਜਧਾਨੀ ਵਿੱਚ ਮੁਜ਼ਾਹਰਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ‘ਬਹੁਤ ਹੋਈ ਮਹਿੰਗਾਈ ਕੀ ਮਾਰ’ ਦਾ ਨਾਅਰਾ ਦਿੱਤਾ ਸੀ, ਇਸ ਨਾਅਰੇ ਦਾ ਕੀ ਬਣਿਆ? ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਝੂਠ ਬੋਲ ਕੇ ‘ਅੱਛੇ ਦਿਨ ਆਨੇ ਵਾਲੇ ਹੈਂ’ ਦਾ ਲਾਰਾ ਲਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨੂੰ ਅੱਛੇ ਦਿਨਾਂ ਦੇ ਲਾਰੇ ਲਾ ਕੇ ਮਹਿੰਗਾਈ ਦੇ ਖੂਹ ਵਿੱਚ ਸੁੱਟਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਯੂਥ ਕਾਂਗਰਸ ਦੇ ਆਗੂ ਰਾਇਸਿਨਾ ਮਾਰਗ ’ਤੇ ਇੱਕਠੇ ਹੋਏ, ਜਿਥੋਂ ਉਨ੍ਹਾਂ ਸੰਸਦ ਭਵਨ ਵੱਲ ਮਾਰਚ ਆਰੰਭ ਕੀਤਾ। ਇਸ ਮੌਕੇ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਪ੍ਰੈੱਸ ਕਲੱਬ ਆਫ਼ ਇੰਡੀਆ ਤੋਂ ਪਹਿਲਾਂ ਰੋਕ ਲਿਆ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਉੱਥੇ ਸੜਕ ’ਤੇ ਹੀ ਧਰਨਾ ਲਾ ਦਿੱਤਾ ਤੇ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਖ਼ਿਲਾਫ਼ ਰੋਸ ਨਾਅਰੇਬਾਜ਼ੀ ਕੀਤੀ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਮਹਿੰਗਾਈ ਦੇ ਵਿਰੋਧ ਵਿੱਚ ਨਾਅਰੇ ਲਿਖੇ ਹੋਏ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਲਾਰਿਆਂ ਦਾ ਨਤੀਜਾ ਇਹ ਨਿਕਲਿਆ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਲੋਕਾਂ ਦੀਆਂ ਥਾਲੀਆਂ ਮਹਿੰੰਗਾਈ ਦੀ ਅੱਗ ਵਿੱਚ ਸੜ ਰਹੀਆਂ ਹਨ। ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦਿਨੋਂ ਦਿਨ ਹੋਰ ਮਹਿੰਗੀਆਂ ਹੋ ਰਹੀਆਂ ਹਨ ਤੇ ਇਹ ਲਗਾਤਾਰ ਵੱਧ ਰਹੀ ਲੁੱਟ ਲੋਕਾਂ ਦੀਆਂ ਜੇਬਾਂ ਖਾਲੀ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਨਿੱਤ ਦਿਨ ਮਹਿੰਗਾਈ ਬਾਰੇ ਨਵੇਂ ਬਿਆਨ ਦੇ ਦਿੰਦੇ ਹਨ ਤੇ ਸਿਰਫ਼ ਝੂਠ ਦੇ ਆਸਰੇ ਉਹ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਸਭ ਲੰਬਾ ਸਮਾਂ ਨਹੀਂ ਚੱਲੇਗਾ ਤੇ ਛੇਤੀ ਹੀ ਲੋਕ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਨੂੰ ਸਿਰੇ ਤੋਂ ਨਕਾਰ ਦੇਣਗੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਜਾਲ ਵਿਛਾਇਆ ਜਾ ਰਿਹਾ ਹੈ ਤੇ ਇਹ ਹੀ ਅਸਲ ਮਾਇਨਿਆਂ ਵਿੱਚ ਮੋਦੀ ਸਰਕਾਰ ਦਾ ‘ਸੁਨਹਿਰੀ ਯੁੱਗ’ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਮਹਿੰਗਾਈ ਕਾਰਨ ਪ੍ਰੇਸ਼ਾਨ ਹੈ ਤੇ ਦੂਜੇ ਪਾਸੇ ਬੇਰੁਜ਼ਗਾਰੀ ਕਾਰਨ ਨੌਜਵਾਨ ਵਰਗ ਨੂੰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਯੂਥ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਜੇਕਰ ਸਰਕਾਰ ਚਾਹੇ ਤਾਂ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ। ਜੇਕਰ ਡੀਜ਼ਲ ਦੀ ਕੀਮਤ ਘਟਦੀ ਹੈ ਤਾਂ ਟਰਾਂਸਪੋਰਟ ਦਾ ਖਰਚਾ ਘਟੇਗਾ, ਸਬਜ਼ੀਆਂ ਅਤੇ ਜ਼ਰੂਰੀ ਚੀਜ਼ਾਂ ਸਸਤੀਆਂ ਹੋਣਗੀਆਂ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ, ਨਹੀਂ ਤਾਂ ਸੜਕ ਤੋਂ ਪਾਰਲੀਮੈਂਟ ਤੱਕ ਸੰਘਰਸ਼ ਜਾਰੀ ਰਹੇਗਾ।