ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਇੰਡੀਅਨ ਯੂਥ ਕਾਂਗਰਸ ਨੇ ਨਵੀਂ ਦਿੱਲੀ ਵਿੱਚ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਰਿਹਾਇਸ਼ ਦੇ ਬਾਹਰ ਵਾਤਾਵਰਨ ਪ੍ਰਭਾਵ ਮੁਲਾਂਕਣ ਨੋਟੀਫਿਕੇਸ਼ਨ 2020 (ਈਆਈਏ) ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੀ ਅਗਵਾਈ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਦੇ ਨਿਰਦੇਸ਼ਾਂ ‘ਤੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਹਰੀਸ਼ ਪਵਾਰ ਨੇ ਕੀਤੀ। ਇਸ ਮੌਕੇ ਪਵਾਰ ਨੇ ਕਿਹਾ ਕਿ ‘ਸੂਟ-ਬੂਟ ਕੀ ਸਰਕਾਰ’ ਆਪਣੇ ਉਦਯੋਗਪਤੀ ਮਿੱਤਰਾਂ ਨੂੰ ਮੁਨਾਫਾ ਦੇ ਕੇ ਪੈਸੇ ਨਾਲ ਅਤੇ ਦੇਸ਼ ਦੇ ਲੋਕਾਂ ਦੀ ਜਾਨ ਦੀ ਕੀਮਤ ‘ਤੇ ਵਾਤਾਵਰਨ ਨੂੰ ਖਰੀਦਣਾ ਚਾਹੁੰਦੀ ਹੈ। ਉਦਯੋਗਪਤੀਆਂ ਦੇ ਲਾਭ ਲਈ ਈ.ਆਈ.ਏ. ਨੋਟੀਫਿਕੇਸ਼ਨਾਂ ਰਾਹੀਂ ਦੇਸ਼ ਦੇ ਵਾਤਾਵਨ ਪ੍ਰਣਾਲੀ ਨੂੰ ਦਾਅ ‘ਤੇ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਤਰ੍ਹਾਂ, ਈਆਈਏ ਦਾ ਡਰਾਫਟ ਸਿਰਫ ਅਤੇ ਸਿਰਫ ਕੁਝ ਕੁ ਮੁਨਾਫਿਆਂ ਨੂੰ ਮੁਨਾਫਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਦੌਰਾਨ ਸ੍ਰੀਨਿਵਾਸ ਨੇ ਕਿਹਾ ਕਿ ਅਰਥਚਾਰੇ ਨੂੰ ਤਬਾਹ ਕਰ ਕੇ, ਨੌਜਵਾਨਾਂ ਦੇ ਰੁਜ਼ਗਾਰ ਖੋਹ ਕੇ ਹੁਣ ਕੇਂਦਰ ਸਰਕਾਰ ਆਪਣੇ ਦੋਸਤਾਂ ਦੇ ਲਾਭ ਲਈ ਵਾਤਾਵਰਨ ਤਬਾਹੀ ਵਜੋਂ ਈਆਈਏ 2020 ਦਾ ਖਰੜਾ ਲੈ ਕੇ ਆ ਗਈ ਹੈ। ਇਹ ਸਰਕਾਰ ਲੋਕ ਵਿਰੋਧੀ ਤੇ ਲੋਕਤੰਤਰ ਵਿਰੋਧੀ ਹੈ। ਸ੍ਰੀਨਿਵਾਸ ਨੇ ਕਿਹਾ ਕਿ ਈਆਈਏ 2020 ਦਾ ਖਰੜਾ ਭਾਰਤ ਦੇ ਵਾਤਾਵਰਨ, ਜੀਵ-ਵਿਭਿੰਨਤਾ, ਵਾਤਾਵਰਨ, ਜੀਵ-ਜੰਤੂ, ਪੌਦੇ, ਗਰੀਬ ਆਦਿਵਾਸੀਆਂ ਤੇ ਵਾਂਝੇ ਵਰਗਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਦੇ ਜੀਵਨ ਨੂੰ ਖ਼ਤਰੇ ’ਚ ਪਾਉਣ ਦੀ ਸਾਜ਼ਿਸ਼ ਹੈ। ਇਹ ਕੁਦਰਤੀ ਸਰੋਤਾਂ ਦੀ ਲੁੱਟ ਨੂੰ ਉਤਸ਼ਾਹਤ ਕਰੇਗਾ। ਇਸ ਪ੍ਰਦਰਸ਼ਨ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਅਤੇ ਕਈ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ।