ਨਵੀਂ ਦਿੱਲੀ, 3 ਜੁਲਾਈ
ਮਹਾਂਰਾਸ਼ਟਰ ਦੇ ਕੁੱਝ ਹਿੱਸਿਆਂ ਵਿਚ ਸਾਹਮਣੇ ਆਏ ਜ਼ੀਕਾ ਵਾਇਰਸ ਦੇ ਮਾਮਲਿਆਂ ਦੇ ਮੱਦਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਇਸ ਪ੍ਰਤੀ ਚੌਕਸੀ ਵਧਾਉਣ ਲਈ ਕਿਹਾ ਹੈ। ਡਾਇਰੈਕਟਰ ਜਨਰਲ ਅਤੁਲ ਗੋਇਲ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸੂਬਿਆਂ ਨੂੰ ਗਰਭਵਤੀ ਮਹਿਲਾਵਾਂ ਦੀ ਜਾਂਚ ਅਤੇ ਸੰਕਰਮਿਤ ਮਹਿਲਾਵਾਂ ਦੇ ਭਰੂਣ ਦੇ ਵਿਕਾਸ ‘ਤੇ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮੰਤਰਾਲੇ ਵੱਲੋਂ ਸਿਹਤ ਸੰਸਥਾਵਾਂ ਨੂੰ ਡੇਂਗੂ ਵਾਲੇ ਮੱਛਰ ਤੋਂ ਮੁਕਤ ਰੱਖਣ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ ।
ਜਾਣੋ ਕੀ ਹੈ ਜ਼ੀਕਾ ਵਾਇਰਸ
ਜ਼ੀਕਾ ਡੇਂਗੂ ਅਤੇ ਚਿਕਨ ਗੁਨੀਆ ਵਾਂਗ ਏਡੀਜ਼ ਮੱਛਰ(ਡੇਂਗੂ ਮੱਛਰ) ਤੋਂ ਫੈਲਣ ਵਾਲੀ ਬਿਮਾਰੀ ਹੈ। ਇਹ ਗਰਭਵਤੀ ਔਰਤਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ‘ਮਾਈਕੋਸੇਫਲੀ’ ਦਾ ਕਾਰਨ ਬਣਦਾ ਹੈ। ‘ਮਾਈਕੋਸੇਫਲੀ’ ਵਿਚ ਗਰਭਵਤੀ ਔਰਤਾਂ ਦੇ ਬੱਚਿਆਂ ਦਾ ਸਿਰ ਉਮੀਦ ਨਾਲੋ ਬਹੁਤ ਛੋਟਾ ਹੁੰਦਾ ਹੈ, ਜਿਸ ਕਾਰਨ ਇਹ ਵਾਇਰਸ ਵੱਡੀ ਚਿੰਤਾ ਦਾ ਕਾਰਣ ਬਣਦਾ ਹੈ।
ਸਾਲ 2024 ਦੌਰਾਨ 2 ਜੁਲਾਈ ਤੱਕ ਜ਼ੀਕਾ ਵਾਇਰਸ ਨਾਲ ਸਬੰਧਤ ਪੁਣੇ ਵਿਚ ਛੇ, ਕੋਹਲਾਪੁਰ ਅਤੇ ਸੰਗਮਨੇਰ ਵਿਚ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ। -ਪੀਟੀਆਈ