ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਦਸੰਬਰ
ਕੋਵਿਡ-19 ਦੇ ਵਧਦੇ ਖ਼ਤਰੇ ਦੇ ਵਿਚਕਾਰ ਦਿੱਲੀ ਦੇ ਸਰੋਜਨੀ ਨਗਰ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਹੁਣ ਬਾਜ਼ਾਰ 25 ਤੇ 26 ਦਸੰਬਰ ਨੂੰ ਔਡ-ਈਵਨ ਸਕੀਮ ਦੇ ਆਧਾਰ ’ਤੇ ਖੁੱਲ੍ਹਿਆ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐੱਨਡੀਐੱਮਸੀ) ਨੇ ਸਵੇਰੇ ਪੌਸ਼ ਮਾਰਕੀਟ ਵਿੱਚ ਕਬਜ਼ਿਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕਰ ਲਿਆ, ਜਿਨ੍ਹਾਂ ਦੀਆਂ ਮੰਡੀ ਵਿੱਚ ਕਬਜ਼ੇ ਵਾਲੀ ਜ਼ਮੀਨ ’ਤੇ ਦੁਕਾਨਾਂ ਹਨ। ਦਿੱਲੀ ਪੁਲੀਸ ਵੀ ਵੱਡੇ ਇਕੱਠਾਂ ਨੂੰ ਕਾਬੂ ਕਰਨ ਲਈ ਹਰਕਤ ਵਿੱਚ ਆ ਗਈ ਹੈ। ਐੱਨ.ਡੀ.ਐੱਮ.ਸੀ ਤੇ ਸਿਵਲ ਡਿਫੈਂਸ ਸਟਾਫ਼ ਮਿਲ ਕੇ ਇਹ ਯਕੀਨੀ ਬਣਾ ਰਹੇ ਹਨ ਕਿ ਲੋਕ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ। ਕੌਮੀ ਰਾਜਧਾਨੀ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ’ਤੇ ਦਿੱਲੀ ਹਾਈ ਕੋਰਟ ਦੁਆਰਾ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਐੱਨਡੀਐੱਮਸੀ ਨੇ ਮਾਰਕੀਟ ਦੁਕਾਨਦਾਰਾਂ-ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਸੀ। ਅਦਾਲਤ ਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਲੋਕਾਂ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਸਰੋਜਨੀ ਨਗਰ ਪੁਲੀਸ ਸਟੇਸ਼ਨ ਦੇ ਹਾਊਸ ਅਫਸਰ ਨੂੰ ਤਲਬ ਕੀਤਾ ਸੀ। ਵੱਡੇ ਇਕੱਠਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਸੀ ਅਜਿਹੀ ਸਥਿਤੀ ਕੋਵਿਡ-19 ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦਾ ਕਾਰਨ ਬਣੇਗੀ।
ਦੁਕਾਨਦਾਰ ਕੁਲਦੀਪ ਸਿੰਘ ਸਾਹਨੀ ਨੇ ਦੱਸਿਆ ਕਿ ਇੱਥੇ 200 ਦੇ ਕਰੀਬ ਇੱਕ ਹਿੱਸੇ ਵਿੱਚ ਦੁਕਾਨਾਂ ਹਨ ਤੇ ਸਰੋਜਨੀ ਨਗਰ ਦੇ ਦੂਜੇ ਬਾਜ਼ਾਰ ਵਿੱਚ ਕਰੀਬ 120 ਦੁਕਾਨਾਂ ਤੇ ਸਬਜ਼ੀ ਮੰਡੀ ਵਾਲੇ ਇਲਾਕੇ ਵਿੱਚ 150 ਤੋਂ ਵੱਧ ਦੁਕਾਨਾਂ ਜਿਸਤ-ਟਾਂਕ ਫਾਰਮੂਲੇ ਮੁਤਾਬਕ ਖੋਲ੍ਹੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਨਾਲ ਭੀੜ ਨਹੀਂ ਘਟੀ, ਸਗੋਂ ਜੋ ਗਾਹਕ ਉਕਤ ਸਾਰੀਆਂ ਦੁਕਾਨਾਂ ਵਿੱਚ ਵੰਡੇ ਜਾ ਰਹੇ ਸਨ, ਉਹ ਹੁਣ ਸਰੋਜਨੀ ਨਗਰ ਵਿੱਚ ਸਥਿਤ ਸਾਰੀਆਂ ਦੁਕਾਨਾਂ ਦੀ ਬਜਾਏ ਅੱਧੀਆਂ ਦੁਕਾਨਾਂ ਵਿੱਚ ਸਾਮਾਨ ਖਰੀਦ ਰਹੇ ਹਨ। ਇਸ ਕਰਕੇ ਦੁਕਾਨਾਂ ਵਿੱਚ ਭੀੜ ਹੈ।
ਕੌਮੀ ਰਾਜਧਾਨੀ ਵਿੱਚ 249 ਨਵੇਂ ਕੇਸ; ਇੱਕ ਮੌਤ
ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਸ਼ਨਿੱਚਰਵਾਰ ਨੂੰ 249 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ, ਜੋ ਕਿ 13 ਜੂਨ ਤੋਂ ਬਾਅਦ ਸਭ ਤੋਂ ਵੱਧ ਵਾਧਾ ਹੈ ਤੇ ਇੱਕ ਮੌਤ ਹੋਈ ਹੈ। ਜਦਕਿ ਪਾਜ਼ੇਟਿਵ ਦਰ 0.43 ਫ਼ੀਸਦ ਹੋ ਗਈ ਹੈ। ਦਿੱਲੀ ਵਿੱਚ ਕਰੋਨਾਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 25,104 ਹੋ ਗਈ ਹੈ। ਸ਼ਨਿੱਚਰਵਾਰ ਨੂੰ ਰੋਜ਼ਾਨਾ ਕੇਸਾਂ ਦੀ ਗਿਣਤੀ 0.43 ਫ਼ੀਸਦ ਦੀ ਪਾਜ਼ੇਟਿਵ ਦਰ ਦੇ ਨਾਲ 249 ਹੋ ਗਈ। ਇਹ ਵਾਧਾ 13 ਜੂਨ ਤੋਂ ਬਾਅਦ ਸਭ ਤੋਂ ਵੱਧ ਹੈ, ਜਦੋਂ 0.35 ਫ਼ੀਸਦ ਦੀ ਪਾਜ਼ੇਟਿਵ ਦਰ ਨਾਲ 255 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ ਉਸ ਦਿਨ 23 ਮੌਤਾਂ ਵੀ ਦਰਜ ਕੀਤੀਆਂ ਗਈਆਂ ਸਨ।
ਪਿਛਲੇ ਦੋ ਦਿਨਾਂ ’ਚ ਲਗਭਗ 1.5 ਕਰੋੜ ਰੁਪਏ ਦੇ ਜੁਰਮਾਨੇ
ਕੋਵਿਡ-19 ਵੇਰੀਐਂਟ ਓਮੀਕਰੋਨ ਦੇ ਵਧਦੇ ਡਰ ’ਤੇ ਕੌਮੀ ਰਾਜਧਾਨੀ ਵਿੱਚ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਸਰਕਾਰ ਨੇ ਦੱਸਿਆ ਕਿ ਉਸਨੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ’ਤੇ ਪਿਛਲੇ ਦੋ ਦਿਨਾਂ ਵਿੱਚ ਲਗਭਗ 1.5 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਹਨ। ਪ੍ਰੋਟੋਕੋਲ ਦੀ ਉਲੰਘਣਾ ਲਈ 163 ਐੱਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ। ਦਿੱਲੀ ਸਰਕਾਰ ਨੇ ਦੱਸਿਆ ਕਿ ਪੂਰਬੀ ਦਿੱਲੀ ਵਿੱਚ 1,245 ਤੇ ਉੱਤਰੀ ਦਿੱਲੀ ਵਿੱਚ 1446 ਕੇਸ ਦਰਜ ਕੀਤੇ ਗਏ ਹਨ।