ਜੋਗਿੰਦਰ ਸਿੰਘ ਸੁੰਨੜ
ਵੈਨਕੂਵਰ:
ਸਰੀ ਦੇ ਆਰੀਆ ਬੈਂਕੁਇਟ ਹਾਲ ਵਿੱਚ ਬੀਸੀ ਦੀਆਂ ਮੌਡਰੇਟ ਸਿੱਖ ਸੁਸਾਇਟੀਆਂ ਦਾ ਇਕੱਠ ਹੋਇਆ। ਇਸ ਇਕੱਠ ਦੌਰਾਨ ਪਿਛਲੇ ਸਮੇਂ ਦੌਰਾਨ ਨਾਮ ਨਿਹਾਦ ਸਤਿਕਾਰ ਕਮੇਟੀ ਅਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਲਗਾਤਾਰ ਮੌਡਰੇਟ ਕਮੇਟੀਆਂ ਦੇ ਪ੍ਰਬੰਧ ਵਾਲੇ ਗੁਰੂਘਰਾਂ ਵਿੱਚ ਦਖਲਅੰਦਾਜ਼ੀ ਕਰਕੇ ਹੁਲੜਬਾਜ਼ੀ ਕਰਨ, ਆਨੰਦ ਕਾਰਜ ਦੀ ਰਸਮ ਦੌਰਾਨ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਜਬਰੀ ਚੁੱਕਣ, ਬਜ਼ੁਰਗ ਪੈਨਸ਼ਨਰਾਂ ਲਈ ਕੌਂਸਲੇਟ ਵੱਲੋਂ ਲਗਾਏ ਜਾਂਦੇ ਲਾਈਫ ਸਰਟੀਫਿਕੇਟ ਕੈਂਪਾਂ ਦੌਰਾਨ ਪ੍ਰਬੰਧਕਾਂ, ਅਧਿਕਾਰੀਆਂ ਤੇ ਬਜ਼ੁਰਗਾਂ ਨਾਲ ਬਦਸਲੂਕੀ ਕਰਨ ਅਤੇ ਨਗਰ ਕੀਰਤਨ ਦੌਰਾਨ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਅਤੇ ਮਾੜੇ ਵਿਹਾਰ ਦੀ ਨਿੰਦਾ ਕੀਤੀ ਗਈ। ਇਕੱਠ ਦੌਰਾਨ ਇਨ੍ਹਾਂ ਤਾਕਤਾਂ ਖਿਲਾਫ਼ ਇਕਮੁੱਠ ਹੋਣ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਮੌਡਰੇਟ ਸਿੱਖ ਸੁਸਾਇਟੀਆਂ ਦੇ ਪ੍ਰਬੰਧ ਵਿੱਚ ਦਖਲ ਦੇਣ ਵਾਲੇ ਹੁਲੜਬਾਜ਼ਾਂ ਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ਼ ਡਟ ਕੇ ਖੜ੍ਹਨ ਦਾ ਮਤਾ ਪਾਸ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੈਨਕੂਵਰ ਦੇ ਗੁਰੂ ਘਰ ਵਿੱਖ ਕੌਂਸਲੇਟ ਕੈਂਪ ਦੌਰਾਨ ਲਾਈਫ ਸਰਟੀਫਿਕੇਟ ਲੈਣ ਆਏ ਬਜ਼ੁਰਗ ਪੈਨਸ਼ਰਾਂ ਨੂੰ ਵਿਖਾਵਾਕਾਰੀਆਂ ਨੇ ਧਮਕੀਆਂ ਦਿੱਤੀਆਂ ਸਨ। ਮੰਚ ਦਾ ਸੰਚਾਲਨ ਕਰਦਿਆਂ ਖਾਲਸਾ ਦੀਵਾਨ ਸੁਸਾਇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਸਾਰੀਆਂ ਸੁਸਾਇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਸ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮੌਡਰੇਟ ਸਿੱਖ ਸੁਸਾਇਟੀਆਂ ਖਿਲਾਫ਼ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ।
ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ ਕੁਲਦੀਪ ਸਿੰਘ ਥਾਂਦੀ ਨੇ ਉਕਤ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਕੁਲਵੰਤ ਸਿੰਘ ਢੇਸੀ ਨੇ ਅਤੇ ਪ੍ਰੀਤ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਨਾਰਥ ਅਮਰੀਕਾ ਹਿੰਦੂ ਐਸੋਸੀਏਸ਼ਨ ਦੇ ਬੁਲਾਰੇ ਵਿਜੈ ਚੱਕਰਵਰਤੀ ਅਤੇ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਪ੍ਰਧਾਨ ਹਰਜੀਤ ਸਿੰਘ ਸੋਹਪਾਲ ਨੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਉੱਪਰ ਜ਼ੋਰ ਦਿੱਤਾ। ਇਸ ਮੌਕੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਮੀ, ਜਸਵਿੰਦਰ ਸਿੰਘ ਹੇਅਰ, ਦਰਸ਼ਨ ਮਾਹਲ, ਗੁਰਦੇਵ ਸਿੰਘ ਬਰਾੜ, ਗੁਰਬਖ਼ਸ਼ ਸਿੰਘ ਬਾਗੀ ਸੰਘੇੜਾ, ਗਿਆਨੀ ਹਰਕੀਰਤ ਸਿੰਘ, ਸਾਬਕਾ ਪ੍ਰਧਾਨ ਗੁਰੂ ਰਵਿਦਾਸ ਸਭਾ ਬਿਲ ਬਸਰਾ, ਸਾਬਕਾ ਸਕੱਤਰ ਰਾਮਗੜ੍ਹੀਆ ਸੁਸਾਇਟੀ, ਸਰੀ ਮਨਜੀਤ ਸਿੰਘ ਪਨੇਸਰ, ਪ੍ਰਧਾਨ ਖਾਲਸਾ ਦੀਵਾਨ ਸੁਸਾਇਟੀ, ਐਬਟਸਫੋਰਡ ਮਨਿੰਦਰ ਸਿੰਘ ਗਿੱਲ ਅਤੇ ਪ੍ਰਤੀਨਿਧ ਲਕਸ਼ਮੀ ਨਾਰਾਇਣ ਮੰਦਿਰ ਪ੍ਰਸ਼ੋਤਮ ਗੋਇਲ ਆਦਿ ਨੇ ਵੀ ਸੰਬੋਧਨ ਕੀਤਾ।
ਸੰਪਰਕ: 403-681-8689