ਮਨਦੀਪ ਪੂਨੀਆ
ਪੁਰਾਤਨ ਵਿਰਸਾ ਅਤੇ ਇਤਿਹਾਸ ਕਿਸੇ ਵੀ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦਾ ਹੈ। ਅਜਿਹਾ ਵਿਰਸਾ ਜਿਸ ਨੂੰ ਕਿਸੇ ਵੀ ਕੀਮਤ ਉੱਪਰ ਦੁਬਾਰਾ ਹਾਸਲ ਨਹੀਂ ਕੀਤਾ ਜਾ ਸਕਦਾ, ਪਰ ਸੰਭਾਲਿਆ ਜ਼ਰੂਰ ਜਾ ਸਕਦਾ ਹੈ। ਯੂਰਪ ਦੇ ਹਰ ਦੇਸ਼ ਨੇ ਆਪਣੇ ਪੁਰਾਤਨ ਵਿਰਸੇ ਅਤੇ ਸਭਿਆਚਾਰ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਜ਼ਰੇ ਸਮੇਂ ਦੇ ਰਹਿਣ-ਸਹਿਣ, ਖਾਣ-ਪੀਣ, ਸਮਾਜ ਵਿੱਚ ਵਿਚਰਨ ਦੇ ਤੌਰ ਤਰੀਕੇ ਦੱਸਣ ਦਾ ਚੰਗਾ ਉਪਰਾਲਾ ਸਿੱਧ ਹੁੰਦੇ ਹਨ। ਨੌਰਵੇ ਦਾ ਨਾਰਵਿਜਨ ਲੋਕ ਅਜਾਇਬ ਘਰ ਅਤੇ ਇਸ ਦਾ ਸੰਸਥਾਪਕ ਹਾਂਸ ਅੱਲ ਇਸ ਦੀ ਇੱਕ ਚੰਗੀ ਉਦਾਹਰਨ ਹੈ।
ਨਾਰਵਿਜਨ ਲੋਕ ਅਜਾਇਬ ਘਰ ਰਾਜਧਾਨੀ ਓਸਲੋ ਦੇ ਸਭ ਤੋਂ ਆਲੀਸ਼ਾਨ ਅਤੇ ਸ਼ਾਂਤ ਇਲਾਕੇ ਬਿਗਦੋਈ ਵਿੱਚ ਸਥਾਪਿਤ ਹੈ। ਇਹ ਇਤਿਹਾਸਕ ਸਭਿਆਚਾਰਕ ਅਜਾਇਬ ਘਰ ਇੱਥੋਂ ਦੇ ਪੰਦਰਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਰਹਿਣ ਸਹਿਣ ਦੀ ਝਲਕ ਪੇਸ਼ ਕਰਦਾ ਹੈ। ਖੁੱਲ੍ਹੇ ਆਸਮਾਨ ਹੇਠ ਬਣੇ ਇਸ ਅਜਾਇਬ ਘਰ ਵਿੱਚ 150 ਤੋਂ ਜ਼ਿਆਦਾ ਪੁਰਾਣੇ ਘਰ, ਵੱਖ ਵੱਖ ਕਿੱਤਿਆਂ ਅਤੇ ਧਰਮ ਨਾਲ ਸਬੰਧਿਤ ਇਮਾਰਤਾਂ ਹਨ ਜੋ ਨੌਰਵੇ ਦੇ ਵੱਖ ਵੱਖ ਸ਼ਹਿਰਾਂ ਅਤੇ ਦੂਰ ਨੇੜੇ ਦੇ ਪਿੰਡਾਂ ਤੋਂ ਲਿਆ ਕੇ ਉਵੇਂ ਦੇ ਉਵੇਂ ਹੀ ਸਥਾਪਿਤ ਕੀਤੇ ਗਏ ਹਨ।
ਇਹ ਅਜਾਇਬ ਘਰ ਨੌਰਵੇ ਦੇ ਪ੍ਰਸਿੱਧ ਲਾਇਬ੍ਰੇਰੀਅਨ ਅਤੇ ਇਤਿਹਾਸਕਾਰ ਹਾਂਸ ਅੱਲ ਦੁਆਰਾ 1894 ਵਿੱਚ ਸਥਾਪਤ ਕੀਤਾ ਗਿਆ ਸੀ। ਉਸ ਨੂੰ ਇਹ ਅਜਾਇਬ ਘਰ ਬਣਾਉਣ ਦੀ ਪ੍ਰੇਰਨਾ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਮੌਜੂਦ ਬਹੁਤ ਵੱਡੇ ਪੁਰਾਤਨ ਅਜਾਇਬ ਘਰ ਤੋਂ ਮਿਲੀ ਸੀ। ਇਸ ਅਜਾਇਬ ਘਰ ਦਾ ਉਦੇਸ਼ ਨੌਰਵੇ ਦੇ ਲੋਕਾਂ ਦੇ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਜੀਵਨ ਨੂੰ ਰੌਸ਼ਨ ਰੱਖਣਾ ਸੀ। ਇਸ ਦੀ ਸ਼ੁਰੂਆਤ ਆਰਜ਼ੀ ਪ੍ਰਦਰਸ਼ਨੀ ਨਾਲ ਓਸਲੋ ਸ਼ਹਿਰ ਦੇ ਇੱਕ ਅਪਾਰਟਮੈਂਟ ਵਿੱਚ 1896 ਵਿੱਚ ਸ਼ੁਰੂ ਹੋਈ। 1896 ਵਿੱਚ ਹਾਂਸ ਅੱਲ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਰਾਜ ਪਰਿਵਾਰ ਦੀ ਬਿਗਦੋਈ ਸਥਿਤ ਜ਼ਮੀਨ ਵਿੱਚੋਂ 50 ਏਕੜ ਜ਼ਮੀਨ ਖ਼ਰੀਦ ਲਈ ਅਤੇ ਪ੍ਰਦਰਸ਼ਨੀ ਦੀਆਂ ਚੀਜ਼ਾਂ ਨੂੰ ਇੱਥੇ ਲਿਆਉਣਾ ਸ਼ੁਰੂ ਕਰ ਦਿੱਤਾ। ਭਾਵੇਂ ਇਸ ਦਾ ਕੰਮ ਨਾਲੋਂ ਨਾਲ ਚੱਲ ਰਿਹਾ ਸੀ, ਪਰ ਸਾਲ 1901 ਵਿੱਚ ਇੱਕ ਸੱਭਿਆਚਾਰਕ ਪ੍ਰਦਰਸ਼ਨੀ ਵਾਲੀ ਸੰਸਥਾ ਨੂੰ ਕਿਰਾਏ ਉੱਪਰ ਦੇ ਕੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਸੀ। 1907 ਵਿੱਚ ਇਸ ਅੰਦਰ ਹੋਰ ਦਿਲਚਸਪ ਵਾਧਾ ਕੀਤਾ ਗਿਆ ਜਿਸ ਵਿੱਚ ਰਾਜਾ ਆਸਕਰ ਦੂਜੇ ਨਾਲ ਸਬੰਧਿਤ ਇਮਾਰਤਾਂ ਨੂੰ ਵੀ ਇਸ ਅੰਦਰ ਲਿਆਂਦਾ ਗਿਆ। ਆਸਕਰ ਦੂਜਾ 1872 ਤੋਂ ਲੈ ਕੇ 1907 ਤੱਕ ਸਵੀਡਨ ਦਾ ਰਾਜਾ ਰਿਹਾ, ਪਰ ਉਹ 1905 ਤੱਕ ਨੌਰਵੇ ਦਾ ਰਾਜਾ ਵੀ ਰਿਹਾ ਸੀ ਕਿਉਂਕਿ 7 ਜੂਨ 1905 ਤੱਕ ਨੌਰਵੇ ਸਵੀਡਨ ਦੇ ਨਾਲ ਯੂਨੀਅਨ ਵਿੱਚ ਸ਼ਾਮਲ ਸੀ। ਇਸੇ ਹੀ ਸਮੇਂ 1907 ਵਿੱਚ ਨੌਰਵੇ ਦੇ ਸ਼ਹਿਰ ਗੋਲ ਤੋਂ 1157- 1216 ਈਸਵੀ ਦੀ ਬਣੀ ਗੋਲ ਸਟੇਵ ਚਰਚ ਨੂੰ ਲਿਆਂਦਾ ਗਿਆ। ਇੱਥੇ ਹੀ 1865 ਦੀ ਇੱਕ ਇਮਾਰਤ ਨੂੰ ਵੀ ਓਸਲੋ ਸ਼ਹਿਰ ਤੋਂ ਚੁੱਕ ਕੇ ਇੱਥੇ ਰੱਖਿਆ ਗਿਆ ਜਿਸ ਦੇ ਨੌਂ ਫਲੈਟਾਂ ਵਿੱਚੋਂ ਸੱਤ ਫਲੈਟ 19ਵੀਂ ਤੇ 20ਵੀਂ ਸਦੀ ਦੀ ਕਾਰੀਗਰੀ ਦਾ ਨਮੂਨਾ ਦਿਖਾਉਂਦੇ ਹਨ। ਇਸ ਵਿੱਚ 1 ਫਲੈਟ ਅਜਿਹਾ ਵੀ ਹੈ ਜਿਸ ਨੂੰ 2002 ਵਿੱਚ ਪਾਕਿਸਤਾਨੀ ਪਰਿਵਾਰ ਨੇ ਆਧੁਨਿਕ ਢੰਗ ਨਾਲ ਬਦਲ ਲਿਆ ਸੀ।
ਇਸ ਵਿਲੱਖਣ ਅਜਾਇਬ ਘਰ ਦੇ ਸੰਸਥਾਪਕ ਹਾਂਸ ਅੱਲ ਦੀ 1946 ਵਿੱਚ ਮੌਤ ਹੋ ਗਈ ਸੀ, ਪਰ ਉਸ ਦੇ ਸਮੇਂ ਅਜਾਇਬ ਘਰ ਨੇ ਜ਼ਮੀਨੀ ਪੱਧਰ ਤੋਂ ਲੈ ਕੇ ਸਟਾਫ਼, ਇਮਾਰਤਾਂ, ਸੈਲਾਨੀਆਂ ਆਦਿ ਹਰ ਤਰ੍ਹਾਂ ਦਾ ਵਿਕਾਸ ਕਰ ਲਿਆ ਸੀ। ਅਜਾਇਬ ਘਰ ਦੇ ਬਣਨ ਤੋਂ ਲੈ ਕੇ ਹੁਣ ਤੱਕ ਇਸ ਦੇ ਪ੍ਰਸ਼ਾਸਨਿਕ ਪ੍ਰਬੰਧ ਵਿੱਚ ਸਮੇਂ ਸਮੇਂ ’ਤੇ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਹਨ। 1895 ਤੋਂ ਲੈ ਕੇ 2020 ਤੱਕ ਅਜਾਇਬ ਘਰ ਦੇ ਅੱਠ ਡਾਇਰੈਕਟਰ ਬਦਲ ਚੁੱਕੇ ਹਨ ਅਤੇ 11 ਅਲੱਗ ਅਲੱਗ ਚੇਅਰਮੈਨ ਰਹਿ ਚੁੱਕੇ ਹਨ। ਅਜਾਇਬ ਘਰ ਦੀ ਆਪਣੀ ਵੈੱਬਸਾਈਟ, ਸੋਸ਼ਲ ਮੀਡੀਆ ਖਾਤੇ ਹਨ ਜਿਨ੍ਹਾਂ ਦੁਆਰਾ ਸਮੇਂ ਸਮੇਂ ’ਤੇ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਵਿਸਥਾਰ ਵਿੱਚ ਸਮੇਂ ਸਮੇਂ ਉੱਪਰ ਵਾਧਾ ਹੋ ਰਿਹਾ ਹੈ। ਇਹ ਅਜਾਇਬ ਘਰ ਨੌਰਵੇ ਦੇ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨੂੰ ਆਪਣੇ ਅੰਦਰ ਸਮੋ ਕੇ ਵਧ ਫੁੱਲ ਰਿਹਾ ਹੈ।