ਟ੍ਰਿਬਿਊਨ ਨਿਊਜ਼ ਸਰਵਿਸ
ਸਿਡਨੀ ਦੇ ਸਥਾਨਕ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਬਾਬਾ ਬੁੱਢਾ ਘਰ ਵਿੱਚ ਦੂਸਰਾ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਕਰਵਾਇਆ ਗਿਆ। ਇਸ ਪੰਜਾਬੀ ਸਾਹਿਤਕ ਦਰਬਾਰ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਸੀਨੀਅਰ ਸਿਟੀਜ਼ਨਜ਼, ਗੁਰਦੁਆਰਾ ਸਾਹਿਬ ਗਲੈਨਵੁੱਡ, ਹਰਕਮਲਜੀਤ ਸਿੰਘ ਸੈਣੀ, ਪੰਜਾਬੀ ਲੇਖਕ ਗਿਆਨੀ ਸੰਤੋਖ ਸਿੰਘ ਅਤੇ ਕੋਆਰਡੀਨੇਟਰ ਸੀਨੀਅਰ ਸਿਟੀਜ਼ਨਜ਼ ਵਿੰਗ ਕੁਲਦੀਪ ਕੌਰ ਪੂੰਨੀ ਨੇ ਕੀਤੀ।
ਇਸ ਪੰਜਾਬੀ ਸਾਹਿਤਕ ਦਰਬਾਰ ਵਿੱਚ ‘ਕਿਛੁ ਸੁਣੀਐ ਕਿਛੁ ਕਹੀਏ’ ਗੋਸ਼ਟੀ ਨੂੰ ਆਰੰਭ ਕਰਦਿਆਂ ਕੁਲਦੀਪ ਕੌਰ ਪੂੰਨੀ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਨੂੰ ਭਾਵਪੂਰਤ ਸ਼ਬਦਾਂ ਵਿੱਚ ਜੀ ਆਇਆਂ ਆਖਿਆ। ਫਿਰ ਆਪਸੀ ਵਿਚਾਰ ਚਰਚਾ ਦਾ ਮਹੱਤਵ ਦੱਸਦਿਆਂ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਸਾਹਿਤਕ ਸਮਾਗਮ ਦੀਆਂ ਤੰਦਾਂ ਨੂੰ ਅਗਾਂਹ ਜੋੜਨਾ ਸ਼ੁਰੂ ਕੀਤਾ।
ਬੈਂਕ ਮੈਨੇਜਰ ਕੁਲਦੀਪ ਸਿੰਘ ਜੌਹਲ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਫ਼ੀਰੋਜ਼ਦੀਨ ਸ਼ਰਫ਼ ਦੀ ਰਚਨਾ ‘ਸ਼ਾਂਤਮਈ’ ਵਿੱਚੋਂ ਬੰਦ, ਦਰਦ ਭਰੀ ਆਵਾਜ਼ ਵਿੱਚ ਸੁਣਾਏ। ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਗਲੈਨਵੁੱਡ ਸਤਨਾਮ ਸਿੰੰਘ ਗਿੱਲ ਨੇ ‘ਪੰਜਾਬੀਅਤ ਦੀਆਂ ਬੁਲੰਦੀਆਂ’, ਮਾਸਟਰ ਲਖਵਿੰਦਰ ਸਿੰਘ ਰਈਆ ਨੇ ਸੰਨ ਸੰਤਾਲੀ ਦੀ ਅਣਹੋਣੀ ਨੂੰ ਯਾਦ ਕਰਦਿਆਂ ਨਫ਼ਰਤ ਦੀਆਂ ਕੰਧਾਂ ਨੂੰ ਢਾਹੁਣ, ਦਿਲੀ ਸਾਂਝਾਂ ਨੂੰ ਵਧਾਉਣ ਤੇ ਮਨੁੱਖਤਾ ਦੇ ਪਿਆਰ ਦੀਆਂ ਗੱਲਾਂ ਛੇੜਨ, ਭੁਪਿੰਦਰ ਸਿੰਘ ਜੰਡੂ ਨੇ ਜੋਬਨ ਰੁੱਤ ਦੇ ਪਿਆਰ, ਹਰਮੋਹਨ ਸਿੰਘ ਵਾਲੀਆ ਨੇ ਕਾਵਿ ਵਿਅੰਗ ‘ਓ ਰੱਬਾ, ਦੁਨੀਆ ਬਣਾ ਕੇ, ਦੱਸ ਤੈਨੂੰ ਕੀ ਲੱਭਾ?’ ਅਤੇ ਦਵਿੰਦਰ ਕੌਰ ਸਰਕਾਰੀਆ, ਹਰਕਮਲਜੀਤ ਸਿੰਘ ਸੈਣੀ, ਹਰਦੀਪ ਸਿੰਘ ਕੁਕਰੇਜਾ, ਗੁਰਦਿਆਲ ਸਿੰਘ, ਪਰਮਜੀਤ ਕੌਰ ਮੈਨੀ, ਸੁਖਵਿੰਦਰ ਕੌਰ ਆਹੀਂ ਤੇ ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਆਦਿ ਨੇ ਕਵਿਤਾਵਾਂ, ਗੀਤਾਂ ਤੇ ਹੋਰ ਸਾਹਿਤਕ ਵੰਨ ਸੁਵੰਨਤਾ ਭਰੀ ਵਿਚਾਰ ਚਰਚਾ ਰਾਹੀਂ ਇਸ ਸਾਹਿਤਕ ਮਾਲਾ ਦੇ ਮੋਤੀਆਂ ਨੂੰ ਬਾਖੂਬੀ ਨਾਲ ਪਰੋਇਆ।
ਲੇਖਕ ਗਿਆਨੀ ਸੰਤੋਖ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਮੌਕੇ ਬੋਲਦਿਆਂ ਡਾ. ਅਵਤਾਰ ਸਿੰਘ ਸੰਘਾ ਵੱਲੋਂ ਭੇਜੇ ਲਿਖਤੀ ਸੁਨੇਹੇ ਬਾਰੇ ਦੱਸਿਆ ਕਿ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਪ੍ਰਬੰਧਕਾਂ ਵੱਲੋਂ ਅਜਿਹੇ ਸਮਾਗਮ ਕਰਵਾਉਣਾ ਬਹੁਤ ਵਧੀਆ ਉਪਰਾਲਾ ਵੀ ਹੈ ਤੇ ਪੰਜਾਬੀ ਕਿਤਾਬਾਂ ਬਾਰੇ ਚਰਚਾ ਕੀਤੀ ਜਾਣੀ ਇੱਕ ਨਰੋਈ ਪਹਿਲ ਕਦਮੀ ਵੀ ਹੈ।
ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਡਾਇਰੈਕਟਰਾਂ ਹਰਕਮਲਜੀਤ ਸਿੰਘ ਸੈਣੀ, ਕੁਲਵਿੰਦਰ ਸਿੰਘ ਬਾਜਵਾ, ਡਾ. ਅਲਬੇਲ ਸਿੰਘ ਕੰਗ, ਡਾ. ਕਰਨਜੀਤ ਸਿੰਘ ਸੰਧੂ, ਜਸਪਾਲ ਸਿੰਘ, ਮਨਜੀਤ ਸਿੰਘ ਸੈਣੀ, ਕੈਪਟਨ ਸਰਜਿੰਦਰ ਸਿੰਘ ਸੰਧੂ ਅਤੇ ਰਵਿੰਦਰ ਕੌਰ ਦੀ ਅਗਵਾਈ ਵਿੱਚ ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟਰੇਲੀਆ ਅਤੇ ਪਾਕਿਸਤਾਨ ਮੁਸਲਿਮ ਐਸੋਸੀਏਸ਼ਨ ਦਾ ਇੱਕ ਸਾਂਝਾ ਵਫ਼ਦ, ਜਿਸ ਵਿੱਚ ਇਮਾਮ ਇਨਾਮੁੱਲ ਹੱਕ ਕੌਸਰ, ਇਜਾਜ਼ ਖਾਨ ਐਡਵੋਕੇਟ, ਡਾ. ਐੱਮ. ਤਨਵੀਰ ਆਰਿਫ਼, ਡਾ. ਉਮਰ ਸ਼ਹਾਬ ਖਾਨ, ਮਿਰਜ਼ਾ ਰਮਜ਼ਾਨ ਸ਼ਰੀਫ਼ ਅਹਿਮਦੀਆ, ਜਾਫ਼ਰ ਖਾਨ, ਇਮਾਮ ਮਸੂਦ ਏ ਸ਼ਾਹਿਦ ਅਤੇ ਸਲੀਮ ਚੀਮਾ ਸ਼ਾਮਲ ਸਨ, ਉਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਗੋਸ਼ਟੀ ਦੀ ਸ਼ੋਭਾ ਵਿੱਚ ਵਾਧਾ ਕੀਤਾ।
ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਡਾ. ਅਲਬੇਲ ਸਿੰਘ ਕੰਗ ਨੇ ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟਰੇਲੀਆ ਅਤੇ ਪਾਕਿਸਤਾਨ ਮੁਸਲਿਮ ਐਸੋਸੀਏਸ਼ਨ ਦੇ ਇਸ ਸਾਂਝੇ ਵਫ਼ਦ ਵੱਲੋਂ ਗੁਰਦੁਆਰਾ ਗਲੈਨਵੁੱਡ ਸਾਹਿਬ ਵਿਖੇ ਆਉਣ ਲਈ ਸਿੱਖ ਭਾਈਚਾਰੇ ਵੱਲੋਂ ਜੀ ਆਇਆਂ ਕਿਹਾ ਅਤੇ ਗੁਰਦੁਆਰੇ ਦੇ ਸੀਨੀਅਰ ਵਿੰਗ ਵੱਲੋਂ ਸੀਨੀਅਰ ਸਿਟੀਜ਼ਨਜ਼ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਇਮਾਮ ਇਨਾਮੁੱਲ ਹੱਕ ਕੌਸਰ ਅਤੇ ਇਜਾਜ਼ ਖਾਨ ਐਡਵੋਕੇਟ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਸੀ ਫਿਰਕੂ ਵਖਰੇਵਿਆਂ ਤੋਂ ਉੱਪਰ ਉਠ ਕੇ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਆਸਟਰੇਲੀਆ ਦੀ ਧਰਤੀ ਉੱਤੇ ਭਾਈਚਾਰਕ ਸਾਂਝ ਵਧਾਉਣ ਤੇ ਪੰਜਾਬੀਅਤ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਆਪਣੇ ਮੁਸਲਮਾਨ ਭਾਈਚਾਰੇ ਵੱਲੋਂ ਇਸ ਦਿਸ਼ਾ ਵੱਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਗੁਰਦੁਆਰਾ ਸਾਹਿਬ ਦੇ ਸੀਨੀਅਰ ਵਿੰਗ ਦੇ ਡਾਇਰੈਕਟਰ ਹਰਕਮਲਜੀਤ ਸਿੰਘ ਸੈਣੀ ਨੇ ਇਸ ਦੂਸਰੇ ਪੰਜਾਬੀ ਸਾਹਿਤਕ ਦਰਬਾਰ ਵਿੱਚ ਸ਼ਾਮਲ ਹੋਣ ਲਈ ਅਹਿਮਦੀਆ ਮੁਸਲਿਮ ਕਮਿਊਨਿਟੀ ਆਸਟਰੇਲੀਆ, ਪਾਕਿਸਤਾਨ ਮੁਸਲਿਮ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ, ਇਸ ਗੋਸ਼ਟੀ ਵਿੱਚ ਕੁਝ ਕਹਿਣ ਅਤੇ ਸੁਣਨ ਵਾਲੀਆਂ ਸਮੂਹ ਸਤਿਕਾਰਯੋਗ ਸ਼ਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਸ ਦੇ ਸੀਨੀਅਰ ਵਿੰਗ ਵੱਲੋਂ ਸੀਨੀਅਰ ਸਿਟੀਜ਼ਨਜ਼ ਦੀਆਂ ਸਹੂਲਤਾਂ ਲਈ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹਰਮੋਹਨ ਸਿੰਘ ਵਾਲੀਆ ਨੇ ‘ਲਚਕਦਾਰ ਪਾਣੀ ਅਤੇ ਫਲਸਫਾ-ਏ-ਜ਼ਿੰਦਗ਼ੀ’ ਨਾਮਕ ਦੋ ਪੰਜਾਬੀ ਕਾਵਿ ਸੰਗ੍ਰਹਿਆਂ ਅਤੇ ਸੁਖਵਿੰਦਰ ਕੌਰ ਆਹੀਂ ਨੇ ਆਪਣੀ ਲਿਖੀ ਪੁਸਤਕ ਦੀਆਂ ਕਾਪੀਆਂ ਸੀਨੀਅਰ ਸਿਟੀਜ਼ਨਜ਼ ਵਿੰਗ ਦੇ ਡਾਇਰੈਕਟਰ ਹਰਕਮਲਜੀਤ ਸਿੰਘ ਸੈਣੀ ਨੂੰ ਭੇਂਟ ਕੀਤੀਆਂ।
ਇਸ ਸਾਹਿਤਕ ਗੋਸ਼ਟੀ ਅੰਦਰ ਰਾਜਪ੍ਰੀਤ ਕੌਰ ਮਾਨ, ਦਲਬੀਰ ਸਿੰਘ ਪੱਡਾ, ਹਰਪ੍ਰੀਤ ਕੌਰ ਢਿੱਲੋਂ ਪਟਿਆਲਾ, ਨਵਾਬ ਸਿੰਘ ਢਿੱਲੋਂ ਪਟਿਆਲਾ, ਸਰਬਜੀਤ ਕੌਰ ਰਈਆ, ਸਤਵੰਤ ਕੌਰ ਫੇਰੂਮਾਨ, ਨਿਰਮਲ ਕੌਰ ਮੁਲਤਾਨੀ, ਮਨਜੀਤ ਕੌਰ ਜੱਗੀ, ਭਗਵੰਤ ਕੌਰ ਜੌਹਲ, ਗਿਆਨ ਕੌਰ ਗਿੱਲ, ਪ੍ਰਮੋਦ ਕੁਮਾਰ ਚਾਨਣਾ, ਜੋਗਿੰਦਰ ਸਿੰਘ ਮੁਲਤਾਨੀ, ਮਹਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਮੁਲਤਾਨੀ, ਦਲਬੀਰ ਸਿੰਘ, ਸ਼ਲਿੰਦਰ ਕੌਰ ਬੈਂਸ, ਜਸਮਿੰਦਰ ਪਾਲ ਕੌਰ, ਬੇਅੰਤ ਕੌਰ ਅਤੇ ਸ਼ਿੰਦਰ ਪਾਲ ਕੌਰ ਵੀ ਹਾਜ਼ਰ ਸਨ।
ਸੰਪਰਕ: 61 423 191 173
ਦੂਜੀ ਯੂਰਪੀ ਪੰਜਾਬੀ ਕਾਨਫਰੰਸ 9 ਅਕਤੂਬਰ ਨੂੰ
ਇਟਲੀ: ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 9 ਅਕਤੂਬਰ ਨੂੰ ਪੰਜਾਬ ਭਵਨ, ਸਰੀ, ਕੈਨੇਡਾ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਜੀ. ਜੀ. ਐੱਨ. ਖਾਲਸਾ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਦਾ ਮੁੱਖ ਮਕਸਦ ਯੂਰਪ ਵਿੱਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰਕ ਵਿਰਸੇ ਪ੍ਰਤੀ ਪੰਜਾਬੀਅਤ ਦਾ ਵਰਤਮਾਨ ਤੇ ਭਵਿੱਖ, ਪੰਜਾਬੀ ਸਾਹਿਤ ਤੇ ਪੰਜਾਬੀ ਬੋਲੀ ਦਾ ਯੂਰਪ ਵਿੱਚ ਆਧਾਰ, ਚਣੌਤੀਆਂ, ਸੰਭਾਵਨਾਵਾਂ ਤੇ ਸਮੱਸਿਆਵਾਂ ਆਦਿ ਬਾਰੇ ਵਿਚਾਰ ਚਰਚਾ ਦੇ ਨਾਲ ਯੂਰਪ ਵਿੱਚ ਪਲ ਰਹੀ ਨਵੀਂ ਪੰਜਾਬੀ ਪੀੜ੍ਹੀ ਨੂੰ ਵਿਰਸਾ, ਵਿਰਾਸਤ ਤੇ ਮਾਂ ਬੋਲੀ ਨਾਲ ਜੋੜਨ ਵਰਗੇ ਅਹਿਮ ਮੁੱਦਿਆਂ ’ਤੇ ਗੱਲਬਾਤ ਹੋਵੇਗੀ।
ਉਪਰੋਕਤ ਵਿਸ਼ਿਆਂ ਉੱਪਰ ਵਿਚਾਰ ਚਰਚਾ ਕਰਨ ਲਈ ਸਭਾ ਦੇ ਪ੍ਰਬੰਧਕਾਂ ਵੱਲੋਂ ਪੰਜਾਬ, ਯੂਰਪ, ਬਰਤਾਨੀਆ ਤੇ ਕੈਨੇਡਾ ਤੋਂ ਇਲਾਵਾ ਵਿਸ਼ਵ ਭਰ ਦੇ ਪੰਜਾਬੀ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਵਿਸ਼ਿਆਂ ਉੱਪਰ ਜ਼ਮੀਨੀ ਪੱਧਰ ’ਤੇ ਕੰਮ ਕਰਨ, ਵਿਚਾਰ ਕਰਨ ਅਤੇ ਪੂਰਨ ਵਚਨਬੱਧਤਾ ਨਾਲ ਸਾਰਥਿਕ ਨਤੀਜੇ ਲੱਭਣ ਵਿੱਚ ਵੱਖ ਵੱਖ ਵਿਦਵਾਨਾਂ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿੱਚ ਸਾਬਕਾ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ.ਪ. ਸਿੰਘ, ਲੋਕ ਵਿਰਾਸਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੁਰਜੀਤ ਪਾਤਰ, ਪ੍ਰਸਿੱਧ ਕਹਾਣੀਕਾਰ ਸੁਖਜੀਤ, ਡਾ. ਦਵਿੰਦਰ ਸੈਫ਼ੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਸੁੱਖੀ ਬਾਠ, ਪੰਜਾਬ ਭਵਨ ਸਰੀ ਕੈਨੇਡਾ, ਸਿਰਜਣਾ ਕੇਂਦਰ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ, ਡਾ. ਰਵੇਲ ਸਿੰਘ, ਦਿੱਲੀ ਯੂਨੀਵਰਸਿਟੀ, ਕੇਹਰ ਸ਼ਰੀਫ ਜਰਮਨੀ, ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਕੁਲਵੰਤ ਕੌਰ ਢਿੱਲੋਂ, ਸੁਰਿੰਦਰ ਰਾਮਪੁਰੀ ਅਤੇ ਕਮਲਜੀਤ ਨੀਲੋਂ ਆਦਿ ਦੇ ਨਾਂ ਜ਼ਿਕਰਯੋਗ ਹਨ। ਇਸ ਦੀ ਜਾਣਕਾਰੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰੈੱਸ ਨਾਲ ਸਾਂਝੀ ਕੀਤੀ ਗਈ।