ਹਰਚਰਨ ਸਿੰਘ ਪ੍ਰਹਾਰ
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਵਿੱਚ ਪੰਜਾਬੀ ਥੀਏਟਰ ਨੂੰ ਜ਼ਿੰਦਾ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ। ਇਸੇ ਲੜੀ ਵਿੱਚ ਇਸ ਸਾਲ ਦਾ ਤੀਜਾ ਨਾਟਕ ਸਮਾਗਮ ਇੱਥੋਂ ਦੇ ਰੈੱਡ ਸਟੋਨ ਥੀਏਟਰ ਦੇ ਹਾਲ ਵਿੱਚ ਕਰਵਾਇਆ ਗਿਆ।
ਇਸ ਦੌਰਾਨ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਦੋ ਨਾਟਕ ਖੇਡੇ ਗਏ। ਨਾਟਕ ਸਮਾਗਮ ਦੀ ਸ਼ੁਰੂਆਤ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪ੍ਰਹਾਰ ਵੱਲੋਂ ਸਭ ਨੂੰ ਜੀ ਆਇਆਂ ਆਖ ਕੇ ਕੀਤੀ ਗਈ। ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਮਾਸਟਰ ਭਜਨ ਸਿੰਘ ਨੇ ਦੋਵਾਂ ਜਥੇਬੰਦੀਆਂ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਪੰਜਾਬੀ ਮੀਡੀਆ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ।
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਨਾਟਕਾਂ ਰਾਹੀਂ ਰੰਗਮੰਚ ਨੂੰ ਹੁਲਾਰਾ ਦੇ ਰਹੇ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਤੇ ਅਦਾਕਾਰ ਡਾ. ਸਾਹਿਬ ਸਿੰਘ ਨੇ ਪਹਿਲਾਂ ਆਪਣਾ ਮਸ਼ਹੂਰ ਨਾਟਕ ‘ਸੰਮਾਂ ਵਾਲੀ ਡਾਂਗ’ ਪੇਸ਼ ਕੀਤਾ। ਛੋਟੀ ਕਿਸਾਨੀ ਦੀ ਜ਼ਿੰਦਗੀ ਦੇ ਧੁਰ ਅੰਦਰ ਝਾਤ ਪਾਉਂਦਾ ਇਹ ਨਾਟਕ ਪਰਤ ਦਰ ਪਰਤ ਕਿਸਾਨੀ ਦੇ ਸੰਕਟ, ਸੰਘਰਸ਼ ਤੇ ਚੁਣੌਤੀਆਂ ਦੇ ਰੂ-ਬ-ਰੂ ਹੋਇਆ। ਪਾਤਰ ਬਖਤਾਵਰ ਸਿੰਘ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਸੰਵਾਦ ਰਚਾਉਂਦਿਆਂ ਅਜਿਹੀਆਂ ਗੁੱਝੀਆਂ ਰਮਜ਼ਾਂ ਛੇੜਦਾ ਹੈ ਕਿ ਦਰਸ਼ਕ ਗਹਿਰਾਈ ਤੱਕ ਪ੍ਰਭਾਵਿਤ ਹੋ ਜਾਂਦੇ ਹਨ। ਬਚਪਨ ਤੋਂ ਮਿੱਟੀ ਨਾਲ ਮਿੱਟੀ ਹੋਣ ਲਈ ਮਜਬੂਰ ਪਾਤਰ ਹੌਲੀ-ਹੌਲੀ ਆਪਣੇ ਪਰਿਵਾਰ ਦੀ ਕਹਾਣੀ ਖੋਲ੍ਹਦਾ ਹੈ। ਕੁਝ ਦ੍ਰਿਸ਼ ਬਹੁਤ ਹੀ ਭਾਵੁਕ ਕਰਨ ਵਾਲੇ ਸਨ, ਖਾਸ ਤੌਰ ’ਤੇ ਕਿਸਾਨ ਦੀ ਧੀ ਦਾ ਡੋਲਾ ਤੋਰਨ ਤੋਂ ਇੱਕ ਦਿਨ ਪਹਿਲਾਂ ਜਵਾਨ ਪੁੱਤ ਦੀ ਮੌਤ ਹਰ ਰੂਹ ਨੂੰ ਝੰਜੋੜ ਗਈ।
ਕਿਸਾਨ ਦਾ ਫ਼ਸਲਾਂ ਨਾਲ ਧੀ-ਪੁੱਤ ਵਰਗਾ ਰਿਸ਼ਤਾ ਤੇ ਭੜੋਲੇ ਖਾਲੀ ਰਹਿਣ ਦਾ ਦਰਦ ਪੇਸ਼ ਕਰਨਾ ਇਸ ਨਾਟਕ ਦੀ ਪ੍ਰਾਪਤੀ ਸੀ। ਨਾਟਕ ਦੀ ਪਟਕਥਾ ਬਹੁਤ ਜਾਨਦਾਰ ਸੀ, ਨਿਰਦੇਸ਼ਨਾ ਵਿੱਚ ਬਹੁਤ ਸੂਖਮ ਪ੍ਰਤੀਕ ਵਰਤ ਕੇ ਪ੍ਰਭਾਵ ਦੁੱਗਣਾ ਕੀਤਾ ਗਿਆ, ਮੋਢੇ ’ਤੇ ਰੱਖੇ ਪਰਨੇ ਦਾ ਅਨੇਕਾਂ ਰੂਪ ’ਚ ਪ੍ਰਯੋਗ ਕਮਾਲ ਸੀ। ਡਾ. ਸਾਹਿਬ ਸਿੰਘ ਦੀ ਕੁਦਰਤੀ ਅਦਾਕਾਰੀ ਸੋਨੇ ’ਤੇ ਸੁਹਾਗੇ ਵਾਂਗ ਸੀ।
ਦੂਜਾ ਨਾਟਕ ‘ਤੇਰੀ ਕਹਾਣੀ-ਮੇਰੀ ਕਹਾਣੀ’ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਇਹ ਨਾਟਕ 18 ਦਿਨ ਦੀ ਵਰਕਸ਼ਾਪ ’ਚ ਤਿਆਰ ਕੀਤਾ ਗਿਆ, ਜਿਸ ਨੂੰ ਡਾ. ਸਾਹਿਬ ਸਿੰਘ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ। ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਇਹ ਨਾਟਕ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀ ਗਾਥਾ ਬਿਆਨਦਾ ਹੈ। ਇਸ ਰਾਹੀਂ ਤਿੰਨ ਪੀੜ੍ਹੀਆਂ ਦੇ ਆਪਸੀ ਰਿਸ਼ਤੇ ਤੇ ਮੌਜੂਦਾ ਚੁਣੌਤੀਆਂ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ। ਵਿਦੇਸ਼ ਵਸਦੇ ਬਜ਼ੁਰਗਾਂ ਤੇ ਬੱਚਿਆਂ ਦੀਆਂ ਆਪਣੀਆਂ-ਆਪਣੀਆਂ ਸਮਝਾਂ ਦੀਆਂ ਸਮੱਸਿਆਵਾਂ ਹਨ। ਜਿਸ ਨਾਲ ਵਿਦੇਸ਼ਾਂ ਵਿੱਚ ਜੰਮੇ-ਪਲੇ ਬੱਚੇ ਦੋ ਸੱਭਿਆਚਾਰਾਂ ਦੀ ਕਸ਼ਮਕਸ਼ ਦਾ ਸੰਤਾਪ ਹੰਢਾਉਂਦੇ ਹਨ। ਨੌਜਵਾਨ ਪੀੜ੍ਹੀ ਪਾਤਰਾਂ ਦੀ ਵੇਸਭੂਸ਼ਾ ਤੇ ਗੀਤ-ਸੰਗੀਤ ਦਾ ਅਹਿਮ ਹਿੱਸਾ ਰਿਹਾ। ਨਾਟਕ ਪਿੰਜਰਿਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਸੰਦੇਸ਼ ਏਨੇ ਖੂਬਸੂਰਤ ਤਰੀਕੇ ਨਾਲ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ ਕਿ ਦਰਸ਼ਕ ਝੁਣਝੁਣੀ ਮਹਿਸੂਸ ਕਰਦੇ ਹਨ।
ਇਸ ਨਾਟਕ ਵਿੱਚ ਅਨੇਕਾਂ ਮਹੱਤਵਪੂਰਨ ਤੇ ਤਿੱਖੇ ਸਵਾਲ ਪੈਦਾ ਕੀਤੇ ਗਏ ਹਨ। ਕਲਾਕਾਰਾਂ ਵਿੱਚ ਕਮਲ ਪੰਧੇਰ, ਨਵਕਿਰਨ ਢੁੱਡੀਕੇ, ਹਰਪ੍ਰੀਤ ਕੌਰ, ਸੰਦੀਪ ਗਿੱਲ, ਜੱਸ ਲੰਮੇ, ਪਰਮਜੀਤ ਕੌਰ, ਕਮਲ ਸਿੱਧੂ, ਬੌਬੀ ਢਿੱਲੋਂ, ਜਸਕਰਨ, ਸਨੀ, ਸੁਖਮਨੀ, ਮੰਨਤ, ਇਨਾਇਤ ਤੇ ਸਾਹਿਬ ਸਿੰਘ ਨੇ ਆਪੋ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਤਰੀਕੇ ਨਾਲ ਨਿਭਾਈਆਂ। ਅਜਿਹੇ ਨਾਟਕ ਵਕਤ ਦੀ ਲੋੜ ਹਨ। ਕੈਲਗਰੀ ਦੇ ਦਰਸ਼ਕ ਚਿਰਾਂ ਤੱਕ ਦੋਵੇਂ ਨਾਟਕਾਂ ਨੂੰ ਯਾਦ ਕਰਨਗੇ।
ਸੰਪਰਕ: 403-455-4220