ਨਿਰਮਲ ਸਿੰਘ ਕੰਧਾਲਵੀ
ਮੈਂ ਜਦੋਂ ਸਕੂਲ ਦੇ ਡਿਪਟੀ ਹੈੱਡਟੀਚਰ ਨਾਲ ਆਪਣੀ ਹਫ਼ਤਾਵਾਰੀ ਮੀਟਿੰਗ ਖ਼ਤਮ ਕਰ ਕੇ ਮੀਟਿੰਗ ਰੂਮ ’ਚੋਂ ਬਾਹਰ ਨਿਕਲਿਆ ਤਾਂ ਅੱਗੇ ਜਨਰਲ ਆਫ਼ਿਸ ’ਚ ਕੰਮ ਕਰਦੀ ਲੜਕੀ ਜੂਲੀ ਖੜ੍ਹੀ ਸੀ। ਮੈਨੂੰ ਪੁੱਛਣ ਲੱਗੀ, “ ਸਰ, ਤੁਸੀਂ ਵੁਲਵਰਹੈਂਪਟਨ ਰਹਿੰਦੇ ਹੋ?”
“ਨਹੀਂ, ਮੈਂ ਵੁਲਵਰਹੈਂਪਟਨ ਤਾਂ ਨਹੀਂ ਰਹਿੰਦਾ, ਪਰ ਵੁਲਵਰਹੈਂਪਟਨ ਦੇ ਨੇੜੇ ਹੀ ਹਾਂ, ਪਰ ਤੈਨੂੰ ਕੀ ਲੋੜ ਪੈ ਗਈ ਵੁਲਵਰਹੈਂਪਟਨ ਦੀ?” ਜੂਲੀ ਦੇ ਸਵਾਲ ਦਾ ਜਵਾਬ ਦੇ ਕੇ ਮੈਂ ਨਾਲ ਹੀ ਉਸ ਨੂੰ ਸਵਾਲ ਪੁੱਛ ਲਿਆ। ਉਸ ਨੇ ਆਲਾ ਦੁਆਲਾ ਦੇਖਿਆ ਤੇ ਕਹਿਣ ਲੱਗੀ, “ ਸਰ, ਜੇ ਤੁਹਾਡੇ ਪਾਸ ਪੰਜ ਕੁ ਮਿੰਟ ਹੈਗੇ ਨੇ ਤਾਂ ਮੈਂ ਤੁਹਾਡੇ ਪਾਸੋਂ ਇਕ ਗੱਲ ਪੁੱਛਣੀ ਹੈ, ਮੀਟਿੰਗ ਰੂਮ ਵਿਹਲਾ ਹੀ ਹੈ, ਉੱਥੇ ਬੈਠ ਸਕਦੇ ਹਾਂ।”
ਜੂਲੀ ਬਹੁਤ ਹੀ ਭੋਲ਼ੀ ਭਾਲ਼ੀ ਲੜਕੀ ਸੀ। ਕੱਦ ਕਾਫ਼ੀ ਮਧਰਾ ਤੇ ਸਰੀਰ ਬਹੁਤ ਭਾਰਾ ਸੀ ਜਿਸ ਕਰ ਕੇ ਉਹ ਬਹੁਤ ਬੇਢਬੀ ਜਿਹੀ ਲੱਗਦੀ ਸੀ। ਚਿਹਰਾ ਭਾਵੇਂ ਸੁੰਦਰ ਸੀ, ਪਰ ਵਿਤੋਂ ਵਧੇਰੇ ਭਾਰੇ ਸਰੀਰ ਨੇ ਉਸ ਨੂੰ ਕਰੂਪ ਜਿਹੀ ਬਣਾ ਛੱਡਿਆ ਸੀ।
ਮੈਂ ਉਸ ਨੂੰ ਕਿਹਾ, “ ਜੂਨੀਅਰ ਸਕੂਲ ਵਿਚ ਮੇਰੀ ਮੀਟਿੰਗ ਹੈ, ਮੇਰੇ ਪਾਸ ਪੰਦਰਾਂ ਮਿੰਟ ਹੈਗੇ ਨੇ।”
“ ਉਸ ਨੇ ਕੁਰਸੀ ’ਤੇ ਬਹਿੰਦਿਆਂ ਜੇਬ ’ਚੋਂ ਇਕ ਕਾਗਜ਼ ਕੱਢਿਆ ਜਿਸ ’ਤੇ ਇਕ ਟੈਲੀਫੋਨ ਨੰਬਰ ਤੇ ਨਾਲ ਹੀ ਇਕ ਨਾਮ ਲਿਖਿਆ ਹੋਇਆ ਸੀ। ਮੈਨੂੰ ਉਹ ਕਾਗਜ਼ ਦਿਖਾ ਕੇ ਕਹਿਣ ਲੱਗੀ, “ ਸਰ, ਇਹ ਵੁਲਵਰਹੈਂਪਟਨ ਦੇ ਇਕ ਜੋਤਸ਼ੀ ਦਾ ਨਾਂ ਅਤੇ ਟੈਲੀਫੋਨ ਨੰਬਰ ਹੈ, ਮੈਨੂੰ ਮੇਰੀ ਇਕ ਸਹੇਲੀ ਨੇ ਦਿੱਤਾ ਹੈ ਤੇ ਉਸ ਨੇ ਦੱਸਿਆ ਕਿ ਉਹ ਬਹੁਤ ਸੱਚੀਆਂ ਗੱਲਾਂ ਦੱਸਦੈ ਤੇ ਮਸਲੇ ਵੀ ਹੱਲ ਕਰ ਦਿੰਦੈ, ਤੁਸੀਂ ਜਾਣਦੇ ਹੋ ਉਸ ਨੂੰ?”
ਮੈਨੂੰ ਉਸ ਦਾ ਸਵਾਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਹ ਅਜਿਹਾ ਸਵਾਲ ਮੇਰੇ ਕੋਲੋਂ ਕਿਉਂ ਪੁੱਛ ਰਹੀ ਸੀ। ਮੈਂ ਅੰਦਾਜ਼ਾ ਲਗਾ ਲਿਆ ਕਿ ਜੋਤਸ਼ੀ ਦਾ ਦੇਸੀ ਨਾਮ ਹੋਣ ਕਰ ਕੇ ਤੇ ਮੈਨੂੰ ਵੁਲਵਰਹੈਂਪਟਨ ਵੱਲ ਰਹਿੰਦਾ ਹੋਣ ਕਰ ਕੇ ਉਹ ਸਮਝਦੀ ਹੋਵੇਗੀ ਕਿ ਸ਼ਾਇਦ ਮੈਂ ਇਸ ਬੰਦੇ ਨੂੰ ਜਾਣਦਾ ਹੋਵਾਂਗਾ।
ਪਹਿਲਾਂ ਤਾਂ ਮੈਂ ਸੋਚਿਆ ਕਿ ਉਸ ਨੂੰ ਜੋਤਸ਼ੀਆਂ ਦੇ ਮਕੜ-ਜਾਲ਼ ਬਾਰੇ ਖ਼ਬਰਦਾਰ ਕਰ ਦਿਆਂ, ਪਰ ਮੈਂ ਉਸ ਦੇ ਜ਼ਾਤੀ ਮਾਮਲੇ ’ਚ ਦਖ਼ਲ ਦੇਣਾ ਮੁਨਾਸਬਿ ਨਾ ਸਮਝਿਆ। ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਕਿ ਮੈਂ ਕਿਸੇ ਅਜਿਹੇ ਬੰਦੇ ਨੂੰ ਨਹੀਂ ਜਾਣਦਾ। ਫਿਰ ਉਸ ਨੇ ਮੈਨੂੰ ਪੁੱਛਿਆ ਕਿ ਵੁਲਵਰਹੈਂਪਟਨ ਜਾਣ ਲਈ ਕਿਹੜੀ ਬੱਸ ਠੀਕ ਰਹੇਗੀ। ਉਸ ਨੂੰ ਰਾਹ ਵਿਚ ਬੱਸ ਬਦਲਣੀ ਪੈਣੀ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਤੇ ਉਸ ਨੂੰ ਬਾਇ ਬਾਇ ਕਹਿ ਕੇ ਕਾਰ ਪਾਰਕ ਵੱਲ ਨੂੰ ਤੁਰ ਪਿਆ।
ਕਾਰ ’ਚ ਜਾਂਦਿਆਂ ਮੈਂ ਦੁਚਿਤੀ ’ਚ ਪਿਆ ਹੋਇਆ ਸਾਂ। ਇਕ ਪਾਸੇ ਮੈਂ ਸੋਚਦਾ ਸਾਂ ਕਿ ਜੂਲੀ ਦੇ ਜ਼ਾਤੀ ਮਾਮਲੇ ’ਚ ਦਖ਼ਲ ਨਾ ਦੇ ਕੇ ਠੀਕ ਹੀ ਕੀਤਾ ਹੈ ਤੇ ਦੂਜੇ ਪਾਸੇ ਮਨ ਕਹਿੰਦਾ ਸੀ ਕਿ ਮੈਨੂੰ ਚਾਹੀਦਾ ਸੀ ਕਿ ਉਸ ਅਣਭੋਲ਼ ਜਿਹੀ ਕੁੜੀ ਨੂੰ ਠੱਗੀ ਹੋਣ ਤੋਂ ਬਚਾਉਂਦਾ। ਇਨ੍ਹਾਂ ਸੋਚਾਂ ਵਿਚ ਹੀ ਗੁੰਮ ਮੈਂ ਸਕੂਲ ਦੀ ਕਾਰ ਪਾਰਕ ’ਚ ਪਹੁੰਚ ਗਿਆ।
ਅਗਲੇ ਹਫ਼ਤੇ ਜਦੋਂ ਮੈਂ ਸਕੂਲੇ ਪਹੁੰਚਾ ਤਾਂ ਮੇਰੇ ਮਨ ਵਿਚ ਜਗਿਆਸਾ ਸੀ ਕਿ ਜੂਲੀ ਤੋਂ ਪਤਾ ਕਰਾਂ ਕਿ ਕੀ ਵੁਲਵਰਹੈਂਪਟਨ ਜਾਣ ’ਚ ਕੋਈ ਮੁਸ਼ਕਿਲ ਤਾਂ ਨਹੀਂ ਸੀ ਹੋਈ। ਅਸਲ ਵਿਚ ਇਸ ਬਹਾਨੇ ਮੈਂ ਉਸ ਤੋਂ ਜੋਤਸ਼ੀ ਵਾਲਾ ਕਿੱਸਾ ਸੁਣਨਾ ਚਾਹੁੰਦਾ ਸਾਂ। ਮੀਟਿੰਗ ਮੁਕਾ ਕੇ ਮੈਂ ਜਨਰਲ ਆਫ਼ਿਸ ’ਚ ਗਿਆ ਤਾਂ ਮੈਨੂੰ ਇਉਂ ਜਾਪਿਆ ਜਿਵੇਂ ਜੂਲੀ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ। ਉਸ ਨੇ ਮੈਨੂੰ ਇਸ਼ਾਰਾ ਕੀਤਾ ਕਿ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦੀ ਸੀ ਤੇ ਅਸੀਂ ਦੋਵੇਂ ਮੀਟਿੰਗ ਰੂਮ ’ਚ ਬੈਠ ਗਏ। ਵੁਲਵਰਹੈਂਪਟਨ ਜਾਣ ਬਾਰੇ ਪੁੱਛਣ ਦੀ ਦੇਰ ਸੀ ਕਿ ਉਸ ਦਾ ਮੂੰਹ ਰੋਣਹਾਕਾ ਹੋ ਗਿਆ ਤੇ ਉਹ ਦੱਸਣ ਲੱਗੀ, “ ਸਰ, ਮੈਂ ਤਾਂ ਉਸ ਨੂੰ ਮਿਲ ਕੇ ਟਾਈਮ ਵੀ ਖ਼ਰਾਬ ਕੀਤਾ ਤੇ ਪੈਸੇ ਵੀ, ਉਹ ਤਾਂ ਐਵੇਂ ਗੋਲ ਮੋਲ ਜਿਹੀਆਂ ਗੱਲਾਂ ਦੱਸੀ ਜਾਂਦਾ ਸੀ, ਨਾ ਸਿਰ ਨਾ ਪੈਰ, ਮੈਨੂੰ ਤਾਂ ਉਸ ਦੀ ਅੰਗਰੇਜ਼ੀ ਦੀ ਵੀ ਸਮਝ ਨਹੀਂ ਸੀ ਆਉਂਦੀ।” ਮੈਨੂੰ ਜੂਲੀ ਮਾਨਸਿਕ ਤੌਰ ’ਤੇ ਹੋਰ ਵੀ ਨਿਵਾਣ ’ਚ ਉਤਰੀ ਹੋਈ ਲੱਗੀ। ਮੈਂ ਮਨ ਹੀ ਮਨ ਕਹਿ ਰਿਹਾ ਸਾਂ ਕਿ ਜੂਲੀ ਬੀਬੀ ਮੈਂ ਤਾਂ ਪਹਿਲਾਂ ਹੀ ਜਾਣਦਾ ਸੀ ਕਿ ਇਹੋ ਕੁਝ ਹੋਣਾ ਸੀ।
ਮੈਂ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, “ ਜੂਲੀ ਡਾਰਲਿੰਗ, ਇਹ ਤੇਰਾ ਜ਼ਾਤੀ ਮਾਮਲਾ ਹੈ, ਪਰ ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਕੀ ਮੈਂ ਪੁੱਛ ਸਕਦਾ ਹਾਂ ਕਿ ਤੂੰ ਕੀ ਪੁੱਛਣ ਗਈ ਸੀ ਉਸ ਤੋਂ, ਹੋ ਸਕਦੈ ਕਿ ਮੈਂ ਤੇਰੀ ਕੁਝ ਮਦਦ ਕਰ ਸਕਾਂ।”
ਉਹ ਥੋੜ੍ਹਾ ਜਿਹਾ ਝਿਜਕੀ ਤੇ ਕਹਿਣ ਲੱਗੀ, “ ਸਰ, ਗੱਲ ਇਹ ਹੈ ਕਿ ਪਿਛਲੇ ਸਾਲ ਮੇਰਾ ਬੁਆਏ ਫਰੈਂਡ ਮੈਨੂੰ ਛੱਡ ਕੇ ਚਲਾ ਗਿਆ ਸੀ, ਮੈਂ ਟੱਕਰਾਂ ਮਾਰ ਚੁੱਕੀ ਹਾਂ, ਪਰ ਨਵਾਂ ਰਿਸ਼ਤਾ ਲੱਭਣ ’ਚ ਕਾਮਯਾਬ ਨਹੀਂ ਹੋ ਸਕੀ। ਜਿਵੇਂ ਮੈਂ ਤੁਹਾਨੂੰ ਪਿਛਲੇ ਹਫ਼ਤੇ ਦੱਸਿਆ ਸੀ ਪਈ ਮੇਰੀ ਇਕ ਸਹੇਲੀ ਨੇ ਇਸ ਜੋਤਸ਼ੀ ਦੀ ਦੱਸ ਪਾਈ ਸੀ ਕਿ ਉਹ ਜੰਤਰ ਤੰਤਰ ਮਾਰ ਕੇ ਇਸ ਤਰ੍ਹਾਂ ਦੇ ਮਸਲੇ ਹੱਲ ਕਰ ਦਿੰਦਾ ਹੈ, ਮੈਂ ਸਹੇਲੀ ਦੀਆਂ ਗੱਲਾਂ ’ਤੇ ਯਕੀਨ ਕਰ ਲਿਆ।”
ਜੂਲੀ ਦੀ ਗੱਲ ਵਿਚੋਂ ਹੀ ਮੈਨੂੰ ਉਸ ਦੇ ਮਸਲੇ ਦੀ ਜੜ ਲੱਭ ਪਈ। ਮੈਨੂੰ ਪੂਰਾ ਯਕੀਨ ਹੋ ਰਿਹਾ ਸੀ ਕਿ ਉਸ ਦੀ ਬੇਢਬੀ ਡੀਲ-ਡੌਲ ਹੀ ਨਵਾਂ ਬੁਆਏ ਫਰੈਂਡ ਲੱਭਣ ਵਿਚ ਉਸ ਦੇ ਆੜੇ ਆ ਰਹੀ ਸੀ। ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਇਸ ਗੱਲ ਬਾਰੇ ਉਸ ਨੇ ਆਪ ਕਦੀ ਕਿਉਂ ਨਹੀਂ ਸੀ ਸੋਚਿਆ। ਕੀ ਉਸ ਦੀ ਕਿਸੇ ਸਹੇਲੀ ਨੇ ਵੀ ਕਦੀ ਉਸ ਨੂੰ ਇਹ ਗੱਲ ਨਹੀਂ ਸੀ ਦੱਸੀ ਕਿ ਉਹ ਆਪਣੀ ਸ਼ਕਲ ਸੂਰਤ ਸੰਵਾਰੇ? ਕੀ ਉਸ ਦਾ ਭੋਲ਼ਾਪਣ ਇਸ ਲਈ ਜ਼ਿੰਮੇਵਾਰ ਸੀ? ਅਨੇਕਾਂ ਸਵਾਲ ਮੇਰੇ ਮਨ ਵਿਚ ਉੱਠ ਰਹੇ ਸਨ।
ਇਕ ਵਾਰੀ ਤਾਂ ਮੇਰੇ ਮਨ ’ਚ ਵਿਚਾਰ ਆਇਆ ਕਿ ਉਸ ਨੂੰ ਇਸ ਸੱਚਾਈ ਤੋਂ ਜਾਣੂ ਕਰਵਾ ਦੇਵਾਂ, ਪਰ ਉਸ ਦੇ ਆਤਮ ਸਨਮਾਨ ਨੂੰ ਮੁੱਖ ਰੱਖਦਿਆਂ ਮੈਂ ਚੁੱਪ ਹੀ ਰਿਹਾ, ਪਰ ਅਚਾਨਕ ਹੀ ਇਕ ਸਕੀਮ ਖੁੰਭ ਦੀ ਤਰ੍ਹਾਂ ਮੇਰੇ ਮਨ ਵਿਚ ਫੁੱਟ ਪਈ।
ਬਹੁਤੇ ਅੰਗਰੇਜ਼ ਲੋਕ ਭਾਰਤੀ ਲੋਕਾਂ ਨੂੰ ਜੋਤਸ਼ੀ, ਸਪੇਰੇ, ਜਾਦੂਗਰ, ਮਹਾਰਾਜੇ ਜਾਂ ਮੰਗਤੇ ਹੀ ਸਮਝਦੇ ਹਨ। ਰੁਡਯਾਰਡ ਕਿਪਲਿੰਗ ਵਰਗੇ ਅੰਗਰੇਜ਼ ਲਿਖਾਰੀਆਂ ਨੇ ਆਪਣੀਆਂ ਕਥਾ ਕਹਾਣੀਆਂ ’ਚ ਇਨ੍ਹਾਂ ਰੂਪਾਂ ’ਚ ਹੀ ਭਾਰਤੀਆਂ ਨੂੰ ਚਿਤਰਿਆ ਹੈ ਤੇ ਰਹਿੰਦੀ ਕਸਰ ਗੋਰਿਆਂ ਵੱਲੋਂ ਬਣਾਈਆਂ ਜਾਂਦੀਆਂ ਫ਼ਿਲਮਾਂ ਤੇ ਡਾਕੂਮੈਂਟਰੀਆਂ ਕੱਢ ਦਿੰਦੀਆਂ ਹਨ। ਮੈਨੂੰ ਯਾਦ ਹੈ ਜਦੋਂ ਪੰਜਾਬ ਤੋਂ ਆ ਕੇ ਮੈਂ ਇਕ ਫੈਕਟਰੀ ’ਚ ਕੰਮ ਕਰਨ ਲੱਗਾ ਸਾਂ ਤਾਂ ਇਕ ਅੰਗਰੇਜ਼ ਔਰਤ ਨੇ ਮੈਨੂੰ ਪੁੱਛਿਆ ਸੀ ਕਿ ਸਾਡੇ ਪਰਿਵਾਰ ਕੋਲ ਉੱਥੇ ਭਾਰਤ ’ਚ ਹਾਥੀ ਕਿੰਨੇ ਹਨ?
ਮੈਂ ਮਨ ਹੀ ਮਨ ਅੱਜ ਜੋਤਸ਼ੀ ਬਣਨ ਦਾ ਇਰਾਦਾ ਕਰ ਲਿਆ ਤੇ ਕਿਹਾ, “ ਜੂਲੀ, ਕੀ ਤੈਨੂੰ ਪਤੈ ਕਿ ਅਸੀਂ ਸਾਰੇ ਭਾਰਤੀ ਲੋਕ ਜਮਾਂਦਰੂ ਹੀ ਜੋਤਸ਼ੀ ਹੁੰਦੇ ਹਾਂ।”
ਜੂਲੀ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਜਿਵੇਂ ਮੇਰੀ ਗੱਲ ਦਾ ਪੱਕਾ ਯਕੀਨ ਕਰਨਾ ਚਾਹੁੰਦੀ ਹੋਵੇ। ਮੈਂ ਆਪਣਾ ਚਿਹਰਾ ਹੋਰ ਗੰਭੀਰ ਬਣਾਉਂਦਿਆਂ ਕਿਹਾ ਕਿ ਜੇ ਉਹ ਚਾਹੇ ਤਾਂ ਮੈਂ ਉਸ ਦਾ ਹੱਥ ਦੇਖ ਕੇ ਕੁਝ ਦੱਸ ਸਕਦਾ ਹਾਂ। ਉਸ ਦਾ ਚਿਹਰਾ ਇਕਦਮ ਚਮਕ ਉੱਠਿਆ ਤੇ ਉਹ ਬੋਲੀ, “ ਸੱਚੀਂ ਸਰ, ਤੁਸੀਂ ਹੱਥ ਦੇਖ ਲੈਂਦੇ ਹੋ, ਮੈਨੂੰ ਮੂਰਖ ਤਾਂ ਨਹੀਂ ਬਣਾ ਰਹੇ?”
“ ਨਾ, ਨਾ, ਮੈਂ ਤੈਨੂੰ ਮੂਰਖ ਕਿਉਂ ਬਣਾਊਂਗਾ।” ਮੈਂ ਭੋਲਾ ਜਿਹਾ ਬਣਦਿਆਂ ਕਿਹਾ।
“ਹਾਂ ਸੱਚ, ਤੁਸੀਂ ਉਸ ਦਿਨ ਮੈਨੂੰ ਕਿਉਂ ਨਹੀਂ ਦੱਸਿਆ ਕਿ ਤੁਸੀਂ ਹੱਥ ਦੇਖ ਲੈਂਦੇ ਹੋ?” ਉਸ ਨੇ ਪੁੱਛਿਆ। ਉਸ ਨੂੰ ਸ਼ਾਇਦ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ।
“ ਮੈਨੂੰ ਮੀਟਿੰਗ ’ਤੇ ਜਾਣ ਦੀ ਜਲਦੀ ਸੀ, ਤੈਨੂੰ ਪਤੈ ਨਾ ਕਿ ਮੈਂ ਸਮੇਂ ਦਾ ਕਿੰਨਾ ਪਾਬੰਦ ਹਾਂ।” ਮੈਂ ਕਿਹਾ।
ਉਸ ਦਾ ਯਕੀਨ ਬੱਝ ਗਿਆ ਤੇ ਉਸ ਨੇ ਆਪਣੀ ਕੁਰਸੀ ਥੋੜ੍ਹੀ ਜਿਹੀ ਅੱਗੇ ਨੂੰ ਸਰਕਾਈ ਤੇ ਨਿਸੰਗ ਆਪਣਾ ਹੱਥ ਮੇਰੇ ਅੱਗੇ ਫੈਲਾ ਦਿੱਤਾ।
ਮੈਂ ਉਸ ਦੇ ਹੱਥ ਦੀਆਂ ਰੇਖਾਵਾਂ ਨੂੰ ਨੀਝ ਲਾ ਕੇ ਦੇਖਿਆ ਤੇ ਅੱਖਾਂ ਬੰਦ ਕਰ ਕੇ ਮੂੰਹ ਵਿਚ ਹੀ ਬੁੜ ਬੁੜ ਜਿਹੀ ਕੀਤੀ ਜਿਵੇਂ ਮੈਂ ਕੋਈ ਮੰਤਰ ਪੜ੍ਹ ਰਿਹਾ ਸਾਂ। ਫਿਰ ਮੈਂ ਉਸ ਦੇ ਹੱਥ ’ਤੇ ਦੋ ਤਿੰਨ ਫੂਕਾਂ ਮਾਰੀਆਂ। ਹੱਥ ਦੀ ਇਕ ਲਕੀਰ ਥੋੜ੍ਹੀ ਟੁੱਟੀ ਹੋਈ ਸੀ, ਮੈਂ ਉਸ ਨੂੰ ਟੁੱਟੀ ਹੋਈ ਲਕੀਰ ਦਿਖਾਈ ਤੇ ਫੇਰ ਕੁਝ ਚਿਰ ਅੱਖਾਂ ਬੰਦ ਕਰ ਕੇ ਮੈਂ ਛੱਤ ਨੂੰ ਘੂਰਦਾ ਰਿਹਾ ਤੇ ਇੰਜ ਡਰਾਮਾ ਕਰਦਾ ਰਿਹਾ ਜਿਵੇਂ ਮੈਂ ਕਿਸੇ ਨਾਲ ਉੱਪਰ ਆਕਾਸ਼ ਵਿਚ ਗੱਲਾਂ ਕਰ ਰਿਹਾ ਸਾਂ। ਕੁਝ ਦੇਰ ਬਾਅਦ ਮੈਂ ਉਸ ਨੂੰ ਦੱਸਿਆ ਕਿ ਮੈਨੂੰ ਸਵਿੰਮਿੰਗ ਪੂਲ ਅਤੇ ਕਸਰਤ ਦੀਆਂ ਮਸ਼ੀਨਾਂ ਦਿਖਾਈ ਦਿੱਤੀਆਂ ਹਨ ਤੇ ਪੁੱਛਿਆ ਕਿ ਕੀ ਉਹ ਦੱਸ ਸਕਦੀ ਹੈ ਇਨ੍ਹਾਂ ਚੀਜ਼ਾਂ ਦਾ ਉਸ ਦੀ ਜ਼ਿੰਦਗੀ ਨਾਲ ਕੀ ਸਬੰਧ ਹੈ।
ਕੁਝ ਸੋਚ ਕੇ ਉਹ ਕਹਿਣ ਲੱਗੀ,“ ਹਾਂ, ਯਾਦ ਆਇਆ ਪਿਛਲੇ ਸਾਲ ਮੈਂ ਜਿੰਮ ਦੀ ਮੈਂਬਰਸ਼ਿਪ ਖ਼ਰੀਦੀ ਸੀ, ਪਰ ਕੁਝ ਦਿਨ ਜਾ ਕੇ ਹੀ ਕੈਂਸਲ ਕਰ ਦਿੱਤੀ ਸੀ।”
ਮੈਂ ਗਪੌੜ ਛੱਡਦਿਆਂ ਉਸ ਨੂੰ ਟੁੱਟੀ ਹੋਈ ਰੇਖਾ ਦਾ ਤੇ ਜਿੰਮ ਨੂੰ ਛੱਡਣ ਦਾ ਆਪਸੀ ਸਬੰਧ ਦੱਸਿਆ ਜਿਸ ਕਰ ਕੇ ਉਸ ਦੇ ਕੰਮਾਂ ’ਚ ਵਿਘਨ ਪੈ ਰਹੇ ਸਨ। ਜੂਲੀ ਹੈਰਾਨੀ ਨਾਲ ਮੇਰੇ ਵੱਲ ਦੇਖ ਰਹੀ ਸੀ।
ਅਸਲ ’ਚ ਮਹੀਨਾ ਕੁ ਪਹਿਲਾਂ ਮੈਂ ਜਨਰਲ ਆਫ਼ਿਸ ਵਿਚ ਬੈਠਾ ਆਪਣੇ ਲੈਪਟਾਪ ’ਤੇ ਕੁਝ ਕੰਮ ਕਰ ਰਿਹਾ ਸਾਂ ਤੇ ਜੂਲੀ ਨੇ ਆਪਣੇ ਨਾਲ ਕੰਮ ਕਰਦੀ ਲੜਕੀ ਨਾਲ ਪਿਛਲੇ ਸਾਲ ਜਿੰਮ ਦੀ ਮੈਂਬਰਸ਼ਿਪ ਕੈਂਸਲ ਕਰ ਦੇਣ ਦਾ ਜ਼ਿਕਰ ਕੀਤਾ ਸੀ ਤੇ ਮੈਂ ਸੁਣ ਲਿਆ ਸੀ। ਬਸ ਏਸੇ ਨੁਕਤੇ ਨੂੰ ਮੈਂ ‘ਜੋਤਸ਼’ ਦਾ ਆਧਾਰ ਬਣਾ ਕੇ ਜੂਲੀ ਦਾ ‘ਉਧਾਰ’ ਕਰਨ ਦੀ ਸਕੀਮ ਬਣਾ ਲਈ ਸੀ। ਸਾਰੀ ਸਕੀਮ ਅੱਖ ਪਲਕਾਰੇ ਵਿਚ ਹੀ ਬਣ ਗਈ ਸੀ।
ਗ੍ਰਹਿ ਨਛੱਤਰਾਂ ਬਾਰੇ ਕੁਝ ਹੋਰ ਗਪੌੜ ਜਿਹੇ ਛੱਡ ਕੇ ਮੈਂ ਉਸ ਉੱਪਰ ਆਪਣੇ ‘ਜੋਤਸ਼’ ਦਾ ਜਾਦੂ ਚਲਾ ਲਿਆ। ਹੁਣ ਉਹ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ ਤੇ ਉਡੀਕ ਰਹੀ ਸੀ ਕਿ ਮੈਂ ਹੁਣ ਇਸ ਦਾ ਹੱਲ ਵੀ ਉਸ ਨੂੰ ਦੱਸਾਂ। ਇਸੇ ਵਾਸਤੇ ਤਾਂ ਉਹ ਵੁਲਵਰਹੈਂਪਟਨ ਦੀ ਖ਼ਾਕ ਛਾਣ ਕੇ ਆਈ ਸੀ। ਮੈਂ ਵੀ ਉਸ ਨੂੰ ਹੋਰ ਭੰਬਲਭੂਸੇ ’ਚ ਨਹੀਂ ਸੀ ਪਾਉਣਾ ਚਾਹੁੰਦਾ। ਮੈਂ ਉਸ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੀ ਜਿੰਮ ਦੀ ਮੈਂਬਰਸ਼ਿਪ ਸ਼ੁਰੂ ਕਰ ਲਵੇ ਤੇ ਗ੍ਰਹਿ ਨਛੱਤਰਾਂ ਦੇ ਕਰੋਪ ਤੋਂ ਬਚੇ, ਨਹੀਂ ਤਾਂ ਇਹ ਉਸ ਦਾ ਹੋਰ ਵਧੇਰੇ ਨੁਕਸਾਨ ਕਰ ਸਕਦੇ ਹਨ। ਮੈਂ ਉਸ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਇਕ ਹੋਰ ਸ਼ਰਤ ਵੀ ਹੈ ਕਿ ਇਹ ਗੱਲ ਕਿਸੇ ਨੂੰ ਵੀ ਦੱਸਣੀ ਨਹੀਂ, ਨਹੀਂ ਤਾਂ ਮੰਤਰਾਂ ਦਾ ਅਸਰ ਜਾਂਦਾ ਲੱਗੇਗਾ ਤੇ ਇਹ ਗ੍ਰਹਿ ਨਛੱਤਰ ਸਭ ਉਲਟਾ ਪੁਲਟਾ ਵੀ ਕਰ ਸਕਦੇ ਹਨ। ਉਹ ਬੜੀ ਗੰਭੀਰਤਾ ਨਾਲ ਮੇਰੀ ਗੱਲ ਸੁਣ ਰਹੀ ਸੀ। ਹੁਣ ਉਹ ਸ਼ਾਂਤ ਚਿੱਤ ਸੀ ਜਿਵੇਂ ਉਸ ਨੂੰ ਆਪਣੀਆਂ ਮੁਸ਼ਕਿਲਾਂ ਦਾ ਹੱਲ ਮਿਲ ਗਿਆ ਸੀ।
ਜਦ ਮੈਂ ਉਠਣ ਲੱਗਾ ਤਾਂ ਉਸ ਨੇ ਪੁੱਛਿਆ, “ ਸਰ, ਤੁਹਾਡੀ ਫੀਸ ਕਿੰਨੀ ਐ?”
“ ਕੋਈ ਜ਼ਿਆਦਾ ਨਹੀਂ ਥੋੜ੍ਹੀ ਹੀ ਹੈ, ਵੁਲਵਰਹੈਂਪਟਨ ਵਾਲੇ ਜੋਤਸ਼ੀ ਨਾਲੋਂ ਘੱਟ ਹੀ ਹੋਵੇਗੀ।” ਮੈਂ ਮੁਸਕਰਾਉਂਦਿਆਂ ਕਿਹਾ।
“ ਪਰ ਫੇਰ ਵੀ ”
“ ਬਸ! ਵਧੀਆ ਜਿਹਾ ਕੌਫ਼ੀ ਦਾ ਕੱਪ ”
“ ਦੁੱਧ ਜ਼ਿਆਦਾ, ਮਿੱਠਾ ਘੱਟ। ” ਜੂਲੀ ਨੇ ਅੱਖ ਦੱਬਦਿਆਂ ਕਿਹਾ। ਉਸ ਨੂੰ ਪਤਾ ਸੀ ਕਿ ਮੈਂ ਕਿਸ ਪ੍ਰਕਾਰ ਦੀ ਕੌਫ਼ੀ ਪਸੰਦ ਕਰਦਾ ਸਾਂ।
ਤੇ ਅਸੀਂ ਹੱਸਦੇ ਹੱਸਦੇ ਕਮਰੇ ’ਚੋਂ ਬਾਹਰ ਆ ਗਏ।
ਅਗਲੇ ਹਫ਼ਤੇ ਜਦੋਂ ਮੈਂ ਸਕੂਲੇ ਗਿਆ ਤਾਂ ਜੂਲੀ ਨੇ ਦੱਸਿਆ ਕਿ ਉਸ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੇ ਬੜੇ ਚਾਅ ਨਾਲ ਮੈਨੂੰ ਜਿੰਮ ਦਾ ਆਈ.ਡੀ. ਕਾਰਡ ਦਿਖਾਇਆ। ਦੋ ਹਫ਼ਤਿਆਂ ਬਾਅਦ ਹੀ ਸਾਡੇ ਹੈੱਡ ਆਫ਼ਿਸ ਵੱਲੋਂ ਕੁਝ ਕੁ ਸਟਾਫ ਮੈਂਬਰਾਂ ਦੇ ਬਦਲੀਆਂ ਦੇ ਆਰਡਰ ਆ ਗਏ ਜਿਨ੍ਹਾਂ ਵਿਚ ਮੇਰਾ ਵੀ ਨਾਮ ਸੀ ਤੇ ਮੇਰੀ ਬਦਲੀ ਸ਼ਹਿਰ ਦੇ ਦੂਸਰੇ ਪਾਸੇ ਦੇ ਦਫ਼ਤਰ ’ਚ ਹੋ ਗਈ। ਕਦੇ ਕਦਾਈਂ ਜੂਲੀ ਮੈਨੂੰ ਫੋਨ ਕਰ ਲੈਂਦੀ ਤੇ ਅਸੀਂ ਰਸਮੀ ਜਿਹੀ ਗੱਲਬਾਤ ਕਰ ਲੈਂਦੇ। ਮੈਂ ਆਪਣੇ ਨਵੇਂ ਦਫ਼ਤਰ ’ਚ ਕੰਮ ’ਚ ਮਸਰੂਫ਼ ਹੋ ਗਿਆ ਤੇ ਇੰਜ ਤਕਰੀਬਨ ਸਾਲ ਕੁ ਬੀਤ ਗਿਆ।
ਜੂਲੀ ਵਾਲੀ ਗੱਲ ਹੁਣ ਮੇਰੇ ਦਿਲੋ-ਦਿਮਾਗ਼ ਤੋਂ ਬਿਲਕੁਲ ਨਿਕਲ ਚੁੱਕੀ ਸੀ।
ਮੇਰੇ ਪਾਸ ਇਕ ਤਲਾਕਸ਼ੁਦਾ ਪਰਿਵਾਰ ਦੇ ਬੱਚਿਆਂ ਦਾ ਕੇਸ ਸੀ। ਛੋਟੇ ਦੋ ਬੱਚੇ ਆਪਣੀ ਮਾਂ ਨਾਲ ਮੇਰੇ ਇਲਾਕੇ ’ਚ ਰਹਿੰਦੇ ਸਨ ਤੇ ਮੇਰੇ ਇਕ ਸਕੂਲ ’ਚ ਪੜ੍ਹਦੇ ਸਨ ਤੇ ਦੋਵੇਂ ਵੱਡੇ ਆਪਣੇ ਬਾਪ ਨਾਲ ਮੇਰੇ ਪਹਿਲੇ ਵਾਲੇ ਸਕੂਲ ਵਿਚ। ਬੱਚਿਆਂ ਦੀਆਂ ਪੜ੍ਹਾਈ ਸਬੰਧੀ ਮੁਸ਼ਕਿਲਾਂ ਬਾਰੇ ਇਕ ਮੀਟਿੰਗ ਵੱਡੇ ਬੱਚਿਆਂ ਦੇ ਸਕੂਲ ’ਚ ਰੱਖੀ ਗਈ ਸੀ ਜਿਸ ਵਿਚ ਮੈਂ ਛੋਟੇ ਬੱਚਿਆਂ ਦੀ ਰਿਪੋਰਟ ਪੇਸ਼ ਕਰਨੀ ਸੀ।
ਮੀਟਿੰਗ ਲੰਚ-ਟਾਈਮ ਵੇਲੇ ਸਮਾਪਤ ਹੋਈ ਤੇ ਮੈਂ ਜਨਰਲ ਆਫ਼ਿਸ ਜਾ ਕੇ ਜੂਲੀ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਲੰਚ-ਟਾਈਮ ’ਤੇ ਮਾਰਕੀਟ ਵੱਲ ਗਈ ਹੋਈ ਸੀ। ਇਸ ਟਾਊਨ ਦੀ ਮਾਰਕੀਟ ਬੜੀ ਮਸ਼ਹੂਰ ਸੀ। ਦਫ਼ਤਰ ਦੇ ਨੇੜੇ ਹੀ ਸੀ। ਇੱਥੇ ਕੰਮ ਕਰਦਿਆਂ ਅਸੀਂ ਅਕਸਰ ਇਸ ਮਾਰਕੀਟ ਦਾ ਚੱਕਰ ਲੰਚ-ਟਾਈਮ ’ਤੇ ਲਗਾ ਲਿਆ ਕਰਦੇ ਸਾਂ। ਮੈਂ ਮਾਰਕੀਟ ਦਾ ਗੇੜਾ ਮਾਰਨ ਦਾ ਵਿਚਾਰ ਬਣਾਇਆ।
ਮੌਸਮ ਸੁਹਾਵਣਾ ਹੋਣ ਕਰ ਕੇ ਮਾਰਕੀਟ ਵਿਚ ਵਾਹਵਾ ਰੌਣਕ ਸੀ। ਮੈਂ ਆਪਣੇ ਧਿਆਨ ਤੁਰਿਆ ਜਾ ਰਿਹਾ ਸਾਂ ਕਿ ਸਾਹਮਣੇ ਤੋਂ ਮੈਨੂੰ ਜੂਲੀ ਦੇ ਚਿਹਰੇ ਦਾ ਭੁਲੇਖਾ ਪਿਆ। ਨੇੜੇ ਗਿਆ ਤਾਂ ਉਹ ਸੱਚ ਮੁੱਚ ਜੂਲੀ ਹੀ ਸੀ। ਇਕ ਲੰਮੇ ਲੰਞੇ ਗੱਭਰੂ ਦੇ ਹੱਥ ’ਚ ਹੱਥ ਪਾਈ ਉਹ ਮਟਕਦੀ ਆ ਰਹੀ ਸੀ। ਮੈਨੂੰ ਯਕੀਨ ਨਾ ਆਵੇ, ਕਿੱਥੇ ਉਹ ਤੁੱਥ-ਮੁੱਥ ਜਿਹੀ ਜੂਲੀ ਤੇ ਕਿੱਥੇ ਇਹ ਜੂਲੀ ਜਿਵੇਂ ਕਿਸੇ ਬੁੱਤ-ਤਰਾਸ਼ ਨੇ ਅਨਘੜਤ ਜਿਹੇ ਪੱਥਰ ’ਚੋਂ ਕੋਈ ਸ਼ਾਹਕਾਰ ਪੈਦਾ ਕਰ ਦਿੱਤਾ ਹੋਵੇ।
ਨੇੜੇ ਆਏ ਤਾਂ ਹੈਲੋ ਹੈਲੋ ਹੋਈ। ਜੂਲੀ ਨੇ ਮੇਰੀ ਤੇ ਆਪਣੇ ਬੁਆਏ ਫਰੈਂਡ ਦੀ ਜਾਣ ਪਛਾਣ ਕਰਵਾਈ। ਮੈਂ ਹੱਸਦਿਆਂ ਉਸ ਦੇ ਬੁਆਏ ਫਰੈਂਡ ਵੱਲ ਇਸ਼ਾਰਾ ਕਰਦਿਆਂ ਜੂਲੀ ਨੂੰ ਪੁੱਛਿਆ ਕਿ ਇਹ ਚਮਤਕਾਰ ਕਿਵੇਂ ਹੋ ਗਿਆ।
ਉਹ ਮੁਸਕਰਾਈ ਤੇ ਕਹਿਣ ਲੱਗੀ, “ ਸਰ, ਤੁਸੀਂ ਹੀ ਮੇਰੇ ਸਿਤਾਰਿਆਂ ਨੂੰ ਕੁਝ ਕੀਤਾ ਸੀ, ਮੈਂ ਤੁਹਾਡੀ ਕਰਜ਼ਦਾਰ ਹਾਂ।”
“ ਨਾ, ਨਾ, ਮੈਂ ਕੁਝ ਨਹੀਂ ਕੀਤਾ, ਇਹ ਤਾਂ ਬਾਬੇ ਜਿੰਮ ਦੀ ਕਰਾਮਾਤ ਲੱਗਦੀ ਐ।”
ਉਸ ਦਾ ਬੁਆਏ ਫਰੈਂਡ ਬੜੀ ਹੈਰਾਨੀ ਨਾਲ ਸਾਡੇ ਦੋਵਾਂ ਵੱਲ ਦੇਖ ਰਿਹਾ ਸੀ। ਜੂਲੀ ਨੇ ਆਪਣੀ ਘੜੀ ’ਤੇ ਨਜ਼ਰ ਮਾਰੀ, ਮੈਂ ਸਮਝ ਗਿਆ ਕਿ ਉਸ ਦਾ ਲੰਚ ਟਾਈਮ ਸਮਾਪਤ ਹੋਣ ਵਾਲਾ ਸੀ। ਮੈਂ ਉਨ੍ਹਾਂ ਵਾਸਤੇ ਚੰਗੇਰੇ ਭਵਿੱਖ ਦੀ ਦੁਆ ਮੰਗੀ ਤੇ ਉਹ ਮੈਨੂੰ ਥੈਂਕ ਯੂ ਕਹਿ ਕੇ ਇਕ ਦੂਜੇ ਦਾ ਹੱਥ ਫੜੀ ਭੀੜ ’ਚ ਗੁੰਮ ਹੋ ਗਏ।