ਹਰਜੀਤ ਅਟਵਾਲ
ਮੈਂ ਜਦੋਂ ਵੀ ਬ੍ਰਾਈਟਨ ਬੀਚ ਜਾਂ ਵਰਦਿੰਗ ਰਹਿੰਦੇ ਦੋਸਤ ਨੂੰ ਮਿਲਣ ਜਾਵਾਂ ਤਾਂ ਮੋਟਰਵੇਅ ਦੀ ਥਾਂ ਏ24 ਭਾਵ ਛੋਟੀ ਸੜਕ ਹੀ ਲੈਂਦਾ ਹਾਂ। ਇਸ ਦਾ ਕਾਰਨ ਹੈ ਰਾਹ ਵਿਚ ਪੈਂਦੀ ਬੌਕਸ ਹਿੱਲ। ਬੌਕਸ ਹਿੱਲ ਬਹੁਤ ਹੀ ਖੂਬਸੂਰਤ ਬਿਊਟੀ-ਸਪੌਟ (ਰਮਣੀਕ ਸਥਾਨ) ਹੈ। ਇਹ ਜਗ੍ਹਾ ਬਰਤਾਨੀਆ ਦੇ ਨੈਸ਼ਨਲ ਟਰੱਸਟ ਹੇਠ ਆਉਂਦੀ ਹੈ। ਇਹ ਸਾਢੇ ਸੱਤ ਸੌ ਉੱਚੀ ਪਹਾੜੀ ਹੈ ਤੇ ਧੁਰ ਉੱਪਰ ਜਾ ਕੇ ਇਕ ਖੁੱਲ੍ਹਾ ਪਾਰਕ, ਰੈਸਟੋਰੈਂਟ ਤੇ ਦੁਕਾਨਾਂ ਹਨ। ਸੌ ਤੋਂ ਵੱਧ ਕਾਰਾਂ ਲਈ ਕਾਰ ਪਾਰਕਿੰਗ ਵੀ ਹੈ। ਬਹੁਤੇ ਲੋਕ ਪਿਕਨਿਕ ਮਨਾਉਣ ਇੱਥੇ ਆਉਂਦੇ ਹਨ। ਇਸ ਪਹਾੜੀ ਦੇ ਭੂਗੋਲ ਬਾਰੇ ਤੁਹਾਨੂੰ ਉੱਥੋਂ ਗਾਈਡ-ਬੁੱਕ ਮਿਲ ਜਾਂਦੀ ਹੈ। ਪਿਕਨਿਕ ਅਸਥਾਨ ਦੇ ਨਾਲ ਨਾਲ ਇੱਥੇ ਕੁਝ ਤੁਰਨ-ਗਾਹਾਂ ਵੀ ਹਨ। ਗਾਈਡ-ਬੁੱਕ ਵਿਚ ਇਨ੍ਹਾਂ ਦੇ ਰੂਟ ਹੁੰਦੇ ਹਨ। ਕੋਈ ਰੂਟ ਚਾਰ ਘੰਟੇ ਤੁਰਨ ਦਾ ਤੇ ਕੋਈ ਡੇਢ ਘੰਟੇ ਦਾ ਤੇ ਕੋਈ ਇਸ ਤੋਂ ਛੋਟਾ ਵੀ। ਉੱਪਰ ਖੜ੍ਹ ਕੇ ਤੁਹਾਨੂੰ ਗੈਟਵਿਕ ਏਅਰ-ਪੋਰਟ, ਡੋਰਕਿੰਗ ਟਾਊਨ ਤੇ ਦੱਖਣੀ ਢਲਾਨਾਂ ਦਿਖਾਈ ਦਿੰਦੀਆਂ ਹਨ। ਸਾਹਮਣੇ ਬਹੁਤ ਵੱਡਾ ਲੈਂਡ ਸਪੇਸ ਦਿਖਾਈ ਦਿੰਦਾ ਹੈ। ਪਹਾੜੀ ਉੱਪਰ ਟੇਢੀ-ਮੇਢੀ ਖੂਬਸੂਰਤ ਸੜਕ ਜਾਂਦੀ ਹੈ। ਪਹਾੜੀ ਦੇ ਪੈਰਾਂ ਵਿਚ ਰਿਵਰ ਮੋਲ ਨਾਮੀ ਦਰਿਆ ਵਗਦਾ ਹੈ ਤੇ ਦਰਿਆ ਵੱਲ ਨੂੰ ਸਟੈਪ-ਸਟੋਨ ਬਣੇ ਹੋਏ ਹਨ। ਹੇਠਾਂ ਜਾਣ ਲਈ ਜਾਂ ਇਸ ਪਾਸਿਓਂ ਪਹਾੜੀ ’ਤੇ ਚੜ੍ਹਨ ਲਈ ਤਿੰਨ ਸੌ ਦੇ ਕਰੀਬ ਪੌੜੀਆਂ ਹਨ। ਹੇਠਾਂ ਪੇਤਲਾ ਜਿਹਾ ਖੁੱਲ੍ਹਾ ਤਲਾਬ ਹੈ ਜਿਸ ਵਿਚ ਵੀ ਸਟੈੱਪ ਸੋਟਨਜ਼ ਬਣਾਏ ਹੋਏ ਹਨ। ਇਨ੍ਹਾਂ ਉੱਪਰ ਤੁਰਨਾ ਪਾਣੀ ਵਿਚ ਤੁਰਨ ਵਾਂਗ ਜਾਪਦਾ ਹੈ। ਖ਼ੈਰ, ਇਸ ਪਹਾੜੀ ਦੀ ਸੈਰ ਪੂਰੇ ਦਿਨ ਦਾ ਕੰਮ ਹੈ।
ਇਸ ਪਹਾੜੀ ਦਾ ਨਾਂ ਬੌਕਸ ਹਿੱਲ ਖਾਸ ਕਿਸਮ ਦੇ ਰੁੱਖ ਬੌਕਸਵੁੱਡ ਤੋਂ ਪਿਆ ਹੈ। ਇਹ ਰੁੱਖ ਦੁਨੀਆ ਵਿਚ ਬਹੁਤ ਘੱਟ ਮਿਲਦਾ ਹੈ। ਕੁਝ ਸਦੀਆਂ ਪਹਿਲਾਂ ਪਹਾੜੀ ਦੇ ਇਕ ਪਾਸੇ ਵਾਲੀ ਚਾਕ (ਪੱਕੀ ਮਿੱਟੀ) ਦੀ ਢਲਾਨ ’ਤੇ ਬੌਕਸਵੁੱਡ ਜਾਂ ਕੌਮਨ-ਬੌਕਸ ਮਿਲਿਆ ਸੀ, ਇਸ ਕਰਕੇ ਇਸ ਪਹਾੜੀ ਦਾ ਨਾਂ ਵੀ ਬੌਕਸ ਹਿੱਲ ਪੈ ਗਿਆ। ਉਂਜ ਇਹ ਪਹਾੜੀ ਕੁਝ ਹੋਰਨਾਂ ਕਾਰਨਾਂ ਕਰਕੇ ਵੀ ਮਸ਼ਹੂਰ ਹੈ। ਇਕ ਤਾਂ ਇੱਥੇ ਹਰ ਸਾਲ ਮਈ ਦਿਵਸ ’ਤੇ ਸਥਾਨਕ ਸੰਗੀਤਕਾਰਾਂ ਦੇ ਗਰੁੱਪ ਸੰਗੀਤ ਵਜਾਉਂਦੇ ਹਨ ਜਾਂ ਕਨਸਰਟ ਕਰਦੇ ਹਨ, ਦੂਜਾ 2012 ਦੀਆਂ ਓਲਿੰਪਕ ਖੇਡਾਂ ਵਿਚ ਸਾਈਕਲ ਦੀਆਂ ਦੌੜਾਂ ਲਈ ਇੱਥੋਂ ਦੀ ਜ਼ਿਗ-ਜੈਗ ਰੋਡ ਵਰਤੀ ਗਈ ਸੀ। ਦੋ ਹੋਰ ਕਾਰਨਾਂ ਕਰਕੇ ਵੀ ਇਹ ਥਾਂ ਬਹੁਤ ਪ੍ਰਸਿੱਧ ਹੈ, ਇਕ ਨਾਵਲਕਾਰ ਜੇਨ ਔਸਟਨ ਕਾਰਨ, ਦੂਜਾ ਇਸ ਉੱਪਰ ਸਿਰ ਪਰਨੇ ਭਾਵ ਉਲਟੇ ਦਫ਼ਨਾਏ ਇਕ ਬੰਦੇ ਕਾਰਨ।
ਜਦੋਂ ਮੈਂ ਜੇਨ ਔਸਟਨ ਦਾ ਨਾਵਲ ‘ਐਮਾ’ ਪੜ੍ਹ ਰਿਹਾ ਸਾਂ ਤਾਂ ਉਸ ਦੇ ਮਗਰਲੇ ਅੱਧ ਵਿਚ ਬੌਕਸ ਹਿੱਲ ਦਾ ਜ਼ਿਕਰ ਆਉਂਦਾ ਹੈ। ਨਾਵਲ ਦੇ ਪਾਤਰ ਇਕੱਠੇ ਹੋ ਕੇ ਉੱਥੇ ਪਿਕਨਿਕ ਕਰਨ ਜਾਂਦੇ ਹਨ ਤੇ ਉੱਥੇ ਕੁਝ ਗ਼ਲਤ ਫਹਿਮੀਆਂ ਪੈਦਾ ਹੁੰਦੀਆਂ ਹਨ ਜਿਨ੍ਹਾਂ ਕਾਰਨ ਨਾਵਲ-ਕਹਾਣੀ ਵਿਚ ਵੱਡਾ ਮੋੜ ਆਉਂਦਾ ਹੈ। ਨਾਵਲ ਵਿਚ ਬੌਕਸ ਹਿੱਲ ਦੇ ਧੁਰ ਉੱਪਰ ਬੈਠੇ ਤਿੰਨ ਪਾਤਰਾਂ ਦਾ ਇਕ ਚਿੱਤਰ ਵੀ ਹੈ ਜਿਨ੍ਹਾਂ ਦੇ ਸਾਹਮਣੇ ਪੂਰਾ ਪੈਨੋਰਾਮਾ ਦਿਖਾਈ ਦੇ ਰਿਹਾ ਹੈ। ਮੈਂ ਨਾਵਲ ਪੜ੍ਹ ਕੇ ਬੌਕਸ ਹਿੱਲ ਦੇਖਣ ਚਲੇ ਗਿਆ। ਜੇਨ ਔਸਟਨ ਨੇ ਆਪਣੇ ਨਾਵਲਾਂ ਵਿਚ ਅੰਗਰੇਜ਼ੀ ਕਲਚਰ ਦਾ ਭਰਪੂਰ ਚਿਤਰਣ ਕੀਤਾ ਹੈ। ਉਂਜ ਜਿਸ ਇਲਾਕੇ, ਹੈਂਪਸ਼ਾਇਰ ਵਿਚ ਉਹ ਪੈਦਾ ਹੋਈ ਤੇ ਮਰੀ ਵੀ, ਉਸ ਇਲਾਕੇ ਨੂੰ ਉਸ ਨੇ ਬਹੁਤਾ ਨਹੀਂ ਚਿਤਰਿਆ। ਪੁਰਾਣਾ ਇੰਗਲੈਂਡ ਦੇਖਣਾ ਹੋਵੇ ਤਾਂ ਜੇਨ ਔਸਟਨ ਦੇ ਨਾਵਲ ਪੜ੍ਹੋ ਜਾਂ ਫਿਰ ਇਨ੍ਹਾਂ ’ਤੇ ਬਣੀਆਂ ਫ਼ਿਲਮਾਂ ਦੇਖ ਲਵੋ। ਦੋ ਸਦੀਆਂ ਪਹਿਲਾਂ ਦੇ ਅੰਗਰੇਜ਼ੀ ਜੀਵਨ ਨੂੰ ਦੇਖਣ-ਸਮਝਣ ਲਈ ਜੇਨ ਔਸਟਨ ਦੇ ਨਾਵਲ ਬਹੁਤ ਸਹਾਈ ਹੁੰਦੇ ਹਨ। ਇਸ ਨਾਵਲਕਾਰਾ ਨੇ ਆਪਣੇ ਨਾਵਲ ‘ਐਮਾ’ ਵਿਚ ਬੌਕਸ ਹਿੱਲ ਤੇ ਉਸ ਦੇ ਆਲੇ ਦੁਆਲੇ ਦੇ ਇਲਾਕੇ ਦਾ ਜ਼ਿਕਰ ਕੁਝ ਸਫਿਆਂ ’ਤੇ ਹੀ ਕੀਤਾ ਹੈ, ਪਰ ਇਸ ਨੂੰ ਬਹੁਤ ਬਾਰੀਕ ਛੂਹਾਂ ਦਿੰਦਿਆਂ ਚਿਤਰਿਆ ਹੈ। ਉਸ ਮੁਤਾਬਕ ਇੱਥੋਂ ਦਾ ਦ੍ਰਿਸ਼ ਮਿਠਾਸ ਭਰਿਆ ਹੈ, ਇਹ ਅੱਖਾਂ ਤੇ ਮਨ ਨੂੰ ਬਹੁਤ ਸਕੂਨ ਦਿੰਦਾ ਹੈ। ਇੱਥੋਂ ਤੁਸੀਂ ਇੰਗਲਿਸ਼ ਹਰਿਆਵਲ, ਇੰਗਲਿਸ਼ ਸੱਭਿਆਚਾਰ, ਇੰਗਲਿਸ਼ ਸੁਗੰਧੀਆਂ ਨੂੰ ਅਨੁਭਵ ਕਰ ਸਕਦੇ ਹੋ। ਜੇਨ ਔਸਟਨ ਦਾ ਬੌਕਸ ਹਿੱਲ ਨਾਲ ਵਾਹ ਉਸ ਵੇਲੇ ਹੋਰ ਡੂੰਘਾ ਜੁੜਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਨਾਵਲ ਲਿਖਦੇ ਸਮੇਂ ਉਹ ਇਸ ਇਲਾਕੇ ਵਿਚ ਹੀ ਰਹੀ ਹੈ। ਜਿੱਥੋਂ ਮੁੱਖ ਸੜਕ ਤੋਂ ਸਲਿੱਪ ਰੋਡ ’ਤੇ ਪੈਂਦੇ ਹੋਏ ਤੁਸੀਂ ਬੌਕਸ ਹਿੱਲ ਵੱਲ ਮੁੜਦੇ ਹੋ, ਉੱਥੇ ਇਕ ਬਹੁਤ ਪੁਰਾਣਾ ਤੇ ਮਸ਼ਹੂਰ ਹੋਟਲ ਹੈ, ਜਿਸ ਦਾ ਨਾਂ ਤਾਂ ਕੁਝ ਲੰਮਾ ਹੈ, ਪਰ ਉਸ ਨੂੰ ਬ੍ਰਿਜ ਹੋਟਲ ਕਹਿੰਦੇ ਹਨ। ਜੇਨ ਔਸਟਨ ਨੇ ਇਸੇ ਹੋਟਲ ਵਿਚ ਰਹਿ ਕੇ 1815 ਵਿਚ ਆਪਣਾ ‘ਐਮਾ’ ਨਾਵਲ ਪੂਰਾ ਕੀਤਾ। ਹੋਟਲ ਦੇ ਪ੍ਰਬੰਧਕਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਤੇ ਉਹ ਆਪਣੇ ਹੋਟਲ ਦੀ ਮਸ਼ਹੂਰੀ ਕਰਦਿਆਂ ਇਸ ਘਟਨਾ ਦਾ ਜ਼ਿਕਰ ਜ਼ਰੂਰ ਕਰਦੇ ਹਨ। ਜੇਨ ਔਸਟਨ ਦਾ ਅਧੂਰਾ ਨਾਵਲ ‘ਦਿ ਵੌਟਸਨ’ ਵੀ ‘ਵੇਲ ਔਫ ਮਾਈਕਹੈਮ’ ਇਲਾਕੇ ਬਾਰੇ ਸੀ ਜੋ ਕਿ ਇੱਥੋਂ ਪੰਜ-ਸੱਤ ਮੀਲ ’ਤੇ ਹੋਵੇਗਾ।
ਜੇਨ ਔਸਟਨ ਇਕੱਲੀ ਲੇਖਕਾ ਨਹੀਂ ਹੈ ਜਿਸ ਨੂੰ ਬੌਕਸ ਹਿੱਲ ਨੇ ਪ੍ਰਭਾਵਿਤ ਕੀਤਾ ਹੋਵੇ ਬਲਕਿ ਹੋਰ ਬਹੁਤ ਸਾਰੇ ਲੇਖਕਾਂ ਨੇ ਵੀ ਇਸ ਥਾਂ ਤੋਂ ਪ੍ਰੇਰਨਾ ਲਈ ਹੈ ਜਿਵੇਂ ਕਿ ਮਹਾਨ ਕਵੀ ਜੌਹਨ ਕੀਟਸ ਜੋ ਕਿ ਰੁਮਾਨੀ ਲਹਿਰ ਦਾ ਮੋਹਰੀ ਰਿਹਾ ਹੈ। ਹੋਰ ਵੀ ਲੇਖਕਾਂ ਦਾ ਇਸ ਥਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਵਾਹ ਰਿਹਾ ਹੈ ਜਿਵੇਂ ਕਿ ਡੈਨੀਅਲ ਡਿਫੋਅ, ਜੌਰਜ ਮੇਰੇਡਿਥ ਤੇ ਰੌਬਰਟ ਲੁਈਸ ਸਟੀਵਨਸਨ। ਟੈਲੀਵਿਜ਼ਨ ਦੇ ਬੱਚਿਆਂ ਲਈ ਮਸ਼ਹੂਰ ਪ੍ਰੋਗਰਾਮ ਪੀਟਰ ਪੈਨ ਦਾ ਲੇਖਕ ਜੇ ਐੱਮ ਬੈਰੀ ਤਾਂ ਇੱਥੇ ਲਗਾਤਾਰ ਆਉਂਦਾ ਰਿਹਾ ਹੈ। ਫਿਰ ਮੇਰੇ ਨਾਲ ਵੀ ਪੰਜਾਬੀ ਦੇ ਕਈ ਲੇਖਕਾਂ ਨੇ ਇਸ ਥਾਂ ਦੇ ਦਰਸ਼ਨ ਕੀਤੇ ਹੋਏ ਹਨ।
ਬੌਕਸ ਹਿੱਲ ਦੀ ਪ੍ਰਸਿੱਧੀ ਦਾ ਇਕ ਹੋਰ ਕਾਰਨ ਵੀ ਹੈ ਕਿ ਇੱਥੇ ਇਕ ਬੰਦਾ ਪੁੱਠਾ ਦਫ਼ਨਾਇਆ ਹੋਇਆ ਹੈ। ਇਹ ਬਹੁਤ ਦਿਲਚਸਪ ਕਹਾਣੀ ਹੈ। ਮੇਜਰ ਪੀਟਰ ਲੈਬਲਾਇਰੇ ਨਾਂ ਦਾ ਬੰਦਾ ਬੌਕਸ ਹਿੱਲ ਦੇ ਬਿਲਕੁਲ ਨਾਲ ਦੇ ਪਿੰਡ ਡੋਰਕਿੰਗ ਦਾ ਰਹਿਣ ਵਾਲਾ ਸੀ। ਉਹ ਫ਼ੌਜ ਵਿਚ ਮੇਜਰ ਸੀ। ਉਹ ਭਾਵੇਂ ਫ਼ੌਜੀ ਅਫ਼ਸਰ ਸੀ, ਪਰ ਉਹ ਲੜਾਈ ਦੇ ਵਿਰੁੱਧ ਸੀ। ਅਮਰੀਕਾ ਵਿਚ ਚਲਦੀ ਸਿਵਲ ਵਾਰ ਦੇ ਉਹ ਬਹੁਤ ਖਿਲਾਫ਼ ਸੀ। ਉਹ ਪ੍ਰਚਾਰ ਕਰਦਾ ਸੀ ਕਿ ਇਹ ਅਮਰੀਕਨਾਂ ਦੀ ਆਜ਼ਾਦੀ ਦੀ ਲੜਾਈ ਹੈ ਤੇ ਸਾਨੂੰ ਇਸ ਵਿਚ ਭਾਗ ਨਹੀਂ ਲੈਣਾ ਚਾਹੀਦਾ। ਜਦੋਂ ਉਸ ਨੇ ਫ਼ੌਜ ਛੱਡੀ ਤਾਂ ਉਸ ਉੱਪਰ ਦੋਸ਼ ਲਾਏ ਗਏ ਕਿ ਉਹ ਬਰਤਾਨਵੀ ਫ਼ੌਜੀਆਂ ਨੂੰ ਰਿਸ਼ਵਤ ਦਿਆ ਕਰਦਾ ਸੀ ਤਾਂ ਕਿ ਉਹ ਅਮਰੀਕਨਾਂ ਦੇ ਖਿਲਾਫ਼ ਨਾ ਲੜਨ। ਉਸ ਵੇਲੇ ਦੀ ਬਰਤਾਨਵੀ ਸਰਕਾਰ ਨੇ ਬਦਅਮਨੀ ਫੈਲਣ ਦੇ ਡਰੋਂ ਉਸ ਉੱਪਰ ਦੇਸ਼-ਧਰੋਹੀ ਦਾ ਮੁਕੱਦਮਾ ਤਾਂ ਨਾ ਚਲਾਇਆ, ਪਰ ਮੁਆਸ਼ਰੇ ਵਿਚ ਉਸ ਨੂੰ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ। ਰਿਟਾਇਰ ਹੋ ਕੇ ਉਹ ਡੋਰਕਿੰਗ ਵਿਚ ਸੈਟਲ ਹੋ ਗਿਆ ਸੀ। ਉਹ ਵੀਹ ਸਾਲ ਇਸ ਪਿੰਡ ਵਿਚ ਰਿਹਾ। ਉਹ ਅਮਰੀਕਨ ਆਜ਼ਾਦੀ ਦੇ ਹੱਕ ਵਿਚ ਭਾਸ਼ਨ ਦਿਆ ਕਰਦਾ ਸੀ। ਸਰਕਾਰ ਦੇ ਏਜੰਟਾਂ ਨੇ ਉਸ ਨੂੰ ਨੀਮ ਪਾਗਲ ਐਲਾਨ ਦਿੱਤਾ ਤਾਂ ਕਿ ਲੋਕ ਉਸ ਦੀਆਂ ਗੱਲਾਂ ਉੱਪਰ ਯਕੀਨ ਨਾ ਕਰਨ। ਜਦੋਂ ਕਿਤੇ ਉਹ ਆਪਣੇ ਵਿਚਾਰ ਪੇਸ਼ ਕਰਨ ਲੱਗਦਾ ਤਾਂ ਕੁਝ ਲੋਕ ਉਸ ਨੂੰ ਝੇਡਾਂ ਕਰਨੀਆਂ ਸ਼ੁਰੂ ਕਰ ਦਿੰਦੇ। ਕਿਹਾ ਜਾਂਦਾ ਹੈ ਕਿ ਬੈਂਜਮਿਨ ਫਰੈਂਕਲਿਨ, ਜੋ ਅਮਰੀਕਨ ਸਿਵਲ ਵਾਰ ਦੀ ਅਗਵਾਈ ਕਰ ਰਿਹਾ ਸੀ, ਨਾਲ ਉਸ ਦੇ ਨੇੜਲੇ ਸਬੰਧ ਸਨ। ਬੈਂਜਮਿਨ ਫਰੈਂਕਲਿਨ ਉਨ੍ਹਾਂ ਦਿਨਾਂ ਵਿਚ ਫਰਾਂਸ ਵਿਚ ਲੁਕਿਆ ਹੋਇਆ ਸੀ, ਪੀਟਰ ਲੈਬਲਾਇਰੇ ਉਸ ਨੂੰ ਮਿਲਣ ਜਾਂਦਾ ਰਹਿੰਦਾ ਸੀ। ਪੀਟਰ ਲੈਬਲਾਇਰੇ ਦਾ ਜਨਮ ਆਇਰਲੈਂਡ ਵਿਚ ਹੋਇਆ ਸੀ। ਉਸ ਦੇ ਮਾਪਿਆਂ ਦਾ ਪਿਛੋਕੜ ਫਰਾਂਸ ਨਾਲ ਜੁੜਦਾ ਸੀ।
ਉਹ ਪਝੱਤਰ ਸਾਲ ਦਾ ਹੋ ਕੇ ਮਰਿਆ। ਗੰਦੇ ਕੱਪੜੇ ਪਾਈ ਫਿਰਦਾ ਬੁੱਢਾ ਡੋਰਕਿੰਗ ਤੇ ਆਲੇ ਦੁਆਲੇ ਦੇ ਇਲਾਕੇ ਵਿਚ ਕਾਫ਼ੀ ਮਸ਼ਹੂਰ ਸੀ। ਉਸ ਨੂੰ ਤੁਰਿਆ ਫਿਰਦਾ ‘ਬੂਅ ਦਾ ਢੇਰ’ ਕਿਹਾ ਜਾਂਦਾ ਜਾਂ ਹੋਰ ਨਾਂ ਤੇ ਕੁਨਾਂ ਪਾਏ ਜਾਂਦੇ। ਜਿੱਥੇ ਕੁਝ ਲੋਕਾਂ ਵੱਲੋਂ ਉਸ ਨੂੰ ਬੇਇੱਜ਼ਤ ਕੀਤਾ ਜਾਂਦਾ, ਉੱਥੇ ਬਹੁਤ ਸਾਰੇ ਲੋਕ ਉਸ ਦੀ ਇੱਜ਼ਤ ਵੀ ਕਰਦੇ ਸਨ। ਉਸ ਵੇਲੇ ਦੇ ‘ਐਂਟੀ ਵਾਰ ਗਰੁੱਪ’ ਵਾਲੇ ਲੋਕ ਉਸ ਦੇ ਵਿਚਾਰਾਂ ਦੀ ਭਰਪੂਰ ਪ੍ਰਸੰਸਾ ਕਰਿਆ ਕਰਦੇ ਸਨ। ਇਕ ਅੰਦਾਜ਼ੇ ਮੁਤਾਬਕ ਉਸ ਵਕਤ ਉਸ ਦੇ ਸੱਤ ਸੌ ਤੋਂ ਉੱਪਰ ਚੇਲੇ ਸਨ। ਪੀਟਰ ਲੈਬਲਾਇਰੇ ਵਾਂਗ ਬਰਤਾਨੀਆ ਵਿਚ ਹੋਰ ਵੀ ਬਹੁਤ ਸਾਰੇ ਲੋਕ ਅਮਰੀਕਨ ਆਜ਼ਾਦੀ ਦੀ ਲੜਾਈ ਦਾ ਸਮਰਥਨ ਕਰ ਰਹੇ ਸਨ। ਆਇਰਲੈਂਡ ਵਿਚ ਤਾਂ ਇਹ ਸਮਰਥਨ ਖੁੱਲ੍ਹੇ-ਆਮ ਸੀ। ਪੀਟਰ ਲੈਬਲਾਇਰੇ ਨੂੰ ਬੌਕਸ ਹਿੱਲ ਨਾਲ ਬਹੁਤ ਪਿਆਰ ਸੀ। ਉਹ ਹਰ ਰੋਜ਼ ਪਹਾੜੀ ਉੱਪਰ ਪ੍ਰਾਰਥਨਾ ਕਰਨ ਜਾਇਆ ਕਰਦਾ। ਜਦੋਂ ਉਹ ਮਰਿਆ ਤਾਂ ਉਸ ਦੇ ਵਿਰੋਧੀਆਂ ਨੇ ਬਹੁਤ ਖੁਸ਼ੀ ਮਨਾਈ। ਸਰਕਾਰੀ ਏਜੰਟਾਂ ਨੇ ਲੋਕਾਂ ਨੂੰ ਕਿਹਾ ਕਿ ਉਸ ਦੀ ਮੌਤ ’ਤੇ ਖੁਸ਼ੀ ਵਿਚ ਡਾਂਸ ਕਰਨ। ਉਸ ਦੇ ਧੀ, ਪੁੱਤਰ ਤੇ ਮਕਾਨ ਮਾਲਕਣ ਨੂੰ ਵੀ ਕਈ ਕਿਸਮ ਦੇ ਲਾਲਚ ਦਿੰਦਿਆਂ ਡਾਂਸ ਕਰਨ ਦੇ ਆਦੇਸ਼ ਦਿੱਤੇ ਗਏ। ਕਹਿੰਦੇ ਹਨ ਕਿ ਉਸ ਦੇ ਮੁੰਡੇ ਨੇ ਡਾਂਸ ਕੀਤਾ ਵੀ। ਫਿਰ ਉਸ ਨੂੰ ਉਲਟਾ ਜਾਣੀ ਕਿ ਸਿਰ ਹੇਠਾਂ ਤੇ ਲੱਤਾਂ ਉੱਪਰ ਕਰਕੇ ਦਫ਼ਨਾਇਆ ਗਿਆ। ਇਕ ਕਿਸਮ ਨਾਲ ਗੱਡਿਆ ਗਿਆ ਸੀ। ਉਲਟਾ ਦਫ਼ਨਾਉਣ ਬਾਰੇ ਇਹ ਪ੍ਰਚਾਰਿਆ ਗਿਆ ਕਿ ਇਹ ਉਸ ਦੀ ਹੀ ਆਖਰੀ ਇੱਛ ਸੀ ਕਿਉਂਕਿ ਉਸ ਦਾ ਕਹਿਣਾ ਸੀ ਕਿ ਇਹ ਦੁਨੀਆ ਉਲਟੀ ਹੈ ਤੇ ਇਕ ਦਿਨ ਸਿੱਧੀ ਹੋ ਜਾਵੇਗੀ ਤੇ ਜਿਸ ਦਿਨ ਦੁਨੀਆ ਸਿੱਧੀ ਹੋਈ, ਉਹ ਵੀ ਸਿੱਧਾ ਹੋ ਜਾਵੇਗਾ। ਪਰ ਉਸ ਵੇਲੇ ਬਹੁਤ ਸਾਰੇ ਲੋਕਾਂ ਦਾ ਸੋਚਣਾ ਸੀ ਕਿ ਮੇਜਰ ਪੀਟਰ ਲੈਬਲਾਇਰੇ ਨੂੰ ਸੇਂਟ ਪੀਟਰ ਵਾਂਗ ਕਰੂਸੀਫਾਈਡ ਕੀਤਾ ਗਿਆ ਸੀ ਭਾਵ ਸੂਲੀ ਚੜ੍ਹਾਇਆ ਗਿਆ ਸੀ। ਲੇਖਕ ਡਬਲਯੂ.ਐੱਚ. ਕਾਉਲਰ ਜਿਸ ਨੇ ‘ਟੇਲਜ਼ ਆਫ ਓਲਡ ਸਰੀ’ ਨਾਮੀ ਕਿਤਾਬ ਲਿਖੀ ਹੈ, ਉਸ ਨੇ ਵੀ ਮੇਜਰ ਪੀਟਰ ਦੀ ਤੁਲਨਾ ਸੇਂਟ ਪੀਟਰ ਨਾਲ ਕੀਤੀ ਹੈ। ਸੇਂਟ ਪੀਟਰ ਜੀਸਸ ਕ੍ਰਾਈਸਟ ਦੇ ਮੁੱਖ ਚੇਲਿਆਂ ਵਿਚੋਂ ਸੀ ਤੇ ਲੋਕਾਂ ਵਿਚ ਬਹੁਤ ਹਰਮਨ-ਪਿਆਰਾ ਸੀ। ਜੀਸਸ ਦੇ ਮਰਨ ਤੋਂ ਬਾਅਦ ਲੋਕ ਉਸ ਨੂੰ ਆਪਣਾ ਗੁਰੂ ਮੰਨਣ ਲੱਗੇ ਸਨ। ਮੌਕੇ ਦੀ ਸਰਕਾਰ ਨੂੰ ਡਰ ਸੀ ਕਿ ਜੀਸਸ ਵਾਂਗ ਉਹ ਵੀ ਕਿਤੇ ਰੱਬ ਨਾ ਬਣ ਬੈਠੇ, ਇਸ ਲਈ ਉਸ ਨੂੰ ਸੂਲੀ ਚੜ੍ਹਾ ਦਿੱਤਾ ਗਿਆ ਸੀ।
ਬੌਕਸ ਹਿੱਲ ਉੱਪਰ ਉਸ ਦੀ ਕਬਰ ’ਤੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਹੋਈ ਹੈ ਕਿ ਮੇਜਰ ਪੀਟਰ ਲੈਬਲਾਇਰੇ, ਉਮਰ ਪਝੱਤਰ ਸਾਲ, ਡੋਰਕਿੰਗ ਦਾ ਵਿਲੱਖਣ ਸ਼ਹਿਰੀ 11 ਜੁਲਾਈ 1800 ਨੂੰ ਉਸ ਨੂੰ ਇੱਥੇ ਉਲਟਾ ਦਫ਼ਨਾਇਆ ਗਿਆ ਸੀ। ਲੋਕ ਇਹ ਪੜ੍ਹਦੇ ਤਾਂ ਹੋਣਗੇ, ਪਰ ਕਿਸੇ ਨੇ ਇਸ ਕਹਾਣੀ ਦੇ ਪਿਛੋਕੜ ਵਿਚ ਜਾਣ ਦੀ ਸ਼ਾਇਦ ਹੀ ਕੋਸ਼ਿਸ਼ ਕੀਤੀ ਹੋਵੇ। ਇਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਜਦੋਂ ਮੈਂ ਮੇਜਰ ਪੀਟਰ ਲੈਬਲਾਇਰੇ ਦੀ ਕਬਰ ’ਤੇ ਗਿਆ ਤਾਂ ਸਫ਼ੈਦ-ਫੁੱਲ ਮੇਰੇ ਕੋਲ ਸਨ। ਫੁੱਲ ਰੱਖ ਕੇ ਜਦੋਂ ਮੈਂ ਸਜਦਾ ਕਰ ਰਿਹਾ ਸਾਂ ਤਾਂ ਕੁਝ ਲੋਕ ਮੇਰੇ ਵੱਲ ਹੈਰਾਨ ਹੋ ਕੇ ਦੇਖ ਰਹੇ ਸਨ। ਜੇ ਕੋਈ ਮੈਨੂੰ ਸਵਾਲ ਕਰਦਾ ਤਾਂ ਮੈਂ ਉਸ ਨੂੰ ਪੂਰੀ ਕਹਾਣੀ ਸੁਣਾ ਦਿੰਦਾ, ਪਰ ਕਿਸੇ ਨੇ ਕੁਝ ਨਾ ਪੁੱਛਿਆ।
ਈ-ਮੇਲ : harjeetatwal@hotmail.co.uk