ਹਰਜੀਤ ਅਟਵਾਲ
ਪਿੱਛੇ ਜਿਹੇ ਮੈਂ ਸੌਮਰਸੈੱਟ ਦੇ ਇਲਾਕੇ ਵਿੱਚ ਛੁੱਟੀਆਂ ’ਤੇ ਸਾਂ। ਇੰਟਰਨੈੱਟ ਸਰਫ ਕਰਦਿਆਂ ਦੇਖਿਆ ਕਿ ਵੀਹ ਕੁ ਮਿੰਟ ਦੀ ਡਰਾਈਵ ’ਤੇ ਚੈਡਰ ਗੌਰਜ ਹੈ ਜਿੱਥੇ ਤੁਰਨਗਾਹਾਂ ਤੇ ਕੁਝ ਗੁਫ਼ਾਵਾਂ ਹਨ। ਮੇਰਾ ਤਾਂ ਜਿਵੇਂ ਦਿਨ ਬਣ ਗਿਆ ਹੋਵੇ। ਚੈਡਰ 5800 ਦੀ ਆਬਾਦੀ ਵਾਲਾ ਇੱਕ ਕਸਬਾ ਹੈ ਜੋ ਮੈਨਡਿਪ ਹਿਲਜ਼ ਦੇ ਪੈਰਾਂ ਵਿੱਚ ਵੱਸਿਆ ਹੋਇਆ ਹੈ। ਜੋ ਸਾਡੇ ਘਰਾਂ ਵਿੱਚ ਚੈਡਰ ਚੀਜ਼ ਵਰਤਿਆ ਜਾਂਦਾ ਹੈ, ਉਸ ਦਾ ਸਬੰਧ ਇਸੇ ਪਿੰਡ ਨਾਲ ਹੈ। ਆਮ ਚੀਜ਼ ਨੂੰ ਵਿਸ਼ੇਸ਼ ਤਰੀਕੇ ਨਾਲ ਮੈਚਿਓਰ ਕਰਕੇ ਚੈਡਰ ਚੀਜ਼ ਬਣਾਇਆ ਜਾਂਦਾ ਹੈ।
ਚੈਡਰ ਗੌਰਜ ਮੈਨਡਿਪ ਹਿਲਜ਼ ਵਿੱਚ ਪਈ ਹੋਈ ਇੱਕ ਖੱਡ ਹੈ। ਇਸ ਖੱਡ ਦੇ ਮੂੰਹ ਵਿੱਚ ਚੈਡਰ ਕਸਬਾ ਹੈ। ਵੀਹ ਪੱਚੀ ਫੁੱਟ ਚੌੜੀ ਤੇ ਤਿੰਨ ਮੀਲ ਲੰਮੀ ਖੱਡ ਨੇ ਮੈਨਡਿਪ ਹਿਲਜ਼ ਨੂੰ ਦੋ ਹਿੱਸਿਆਂ- ਉੱਤਰੀ ਤੇ ਦੱਖਣੀ ਵਿੱਚ ਵੰਡ ਦਿੱਤਾ ਹੈ। ਇਹ ਦੋਵੇਂ ਪਹਾੜੀਆਂ ਨੱਬੇ ਡਿਗਰੀ ਵਿੱਚ 450 ਫੁੱਟ ਉੱਚੀਆਂ ਇੱਕ-ਦੂਜੇ ਦੇ ਸਾਹਮਣੇ ਤਣੀਆਂ ਖੜ੍ਹੀਆਂ ਹਨ। ਵਿਚਕਾਰ ਪਈ ਹੋਈ ਖੱਡ ਵਿੱਚ ਹੁਣ ਖ਼ੂਬਸੂਰਤ ਸੜਕ ਬਣਾ ਦਿੱਤੀ ਗਈ ਹੈ ਜਿਸ ’ਤੇ ਵਾਹਵਾ ਟਰੈਫਿਕ ਰਹਿੰਦਾ ਹੈ। ਉੱਤਰ ਵੱਲ ਦੀ ਪਹਾੜੀ ਸਮੇਂ ਨਾਲ ਕਿਤਿਓ-ਕਿਤਿਓਂ ਢਲ਼ਕੇ ਢਲਾਨ ਜਿਹੀ ਬਣਾਉਂਦੀ ਹੈ। ਇਹ ਬਲੈਕਰੌਕ ਸਲੇਟ ਤੇ ਚੂਨਾ ਪੱਥਰ ਦੀਆਂ ਪੱਕੀਆਂ ਪਹਾੜੀਆਂ ਹਨ, ਫਿਰ ਵੀ ਇਨ੍ਹਾਂ ਦੇ ਪੈਰਾਂ ਵਿੱਚ ਖੜ੍ਹਨਾ ਖ਼ਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਚਟਾਨ ਦੇ ਛੋਟੇ-ਮੋਟੇ ਟੁਕੜਿਆਂ ਦਾ ਉੱਪਰੋਂ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਵੈਸੇ ਇਨ੍ਹਾਂ ਸਿੱਧੀਆਂ ਪਹਾੜੀਆਂ ਨੂੰ ਪਰਬਤਾਰੋਹੀ ਅਭਿਆਸ ਵਜੋਂ ਵੀ ਵਰਤਦੇ ਹਨ। ਤੁਸੀਂ ਇਸ ਸੜਕ ਉੱਪਰ ਦੀ ਲੰਘੋਂ ਤਾਂ ਕਈ ਸਾਰੇ ਕਲਿਫ ਹੈਂਗਰਜ਼ ਹਵਾ ਵਿੱਚ ਲਟਕਦੇ ਭਾਵ ਪ੍ਰੈਕਟਿਸ ਕਰਦੇ ਮਿਲ ਸਕਦੇ ਹਨ।
ਕਿਹਾ ਜਾਂਦਾ ਹੈ ਕਿ ਇਹ ਖੱਡ ਮੈਨਡਿਪ ਹਿਲਜ਼ ਵਿੱਚ ਬਾਰਾਂ ਲੱਖ ਸਾਲ ਪਹਿਲਾਂ ਪਈ ਸੀ ਜਦੋਂ ਇੱਕ ਬਰਫ਼ ਯੁੱਗ ਦੇ ਖ਼ਤਮ ਹੋਣ ’ਤੇ ਬਰਫ਼ ਪਿਘਲਣ ਕਾਰਨ ਏਨਾ ਪਾਣੀ ਜਮ੍ਹਾਂ ਹੋ ਗਿਆ ਕਿ ਪਹਾੜੀ ਵਿਚਕਾਰੋਂ ਬਹਿ ਗਈ ਤੇ 137 ਮੀਟਰ ਡੂੰਘੀ ਖੱਡ ਬਣ ਗਈ ਸੀ। ਫਿਰ ਜਦੋਂ ਮੈਨਡਿਪ ਹਿਲਜ਼ ਦੇ ਪੈਰਾਂ ਵਿੱਚ ਚੈਡਰ ਪਿੰਡ ਵਸਿਆ ਤਾਂ ਖੱਡ ਦੀ ਵਰਤੋਂ ਰਾਹ ਵਜੋਂ ਹੋਣ ਲੱਗੀ। ਇਸੇ ਖੱਡ ਵਿੱਚ ਸਮਾਂ ਪਾ ਕੇ ਤਿੰਨ ਗੁਫ਼ਾਵਾਂ ਮਿਲੀਆਂ। ਭੂ-ਵਿਗਿਆਨੀਆਂ ਲਈ ਅੱਜ ਵੀ ਇਹ ਬਹੁਤ ਦਿਲਚਸਪੀ ਵਾਲੀ ਜਗ੍ਹਾ ਹੈ। ਚੈਡਰ ਗੌਰਜ ਦੇ ਦੱਖਣ ਵੱਲ ਦੀ ਪਹਾੜੀ ਵਧੇਰੇ ਰੁਝੇਵਿਆਂ ਭਰੀ ਹੈ। ਇਸ ਦੇ ਹੇਠਾਂ ਗੁਫ਼ਾਵਾਂ ਤੇ ਉੱਪਰ ਤੁਰਨਗਾਹਾਂ ਹਨ। ਇੱਥੇ ਹੀ ਤੁਰਨ ਜਾਣ ਦਾ ਮੇਰਾ ਪ੍ਰੋਗਰਾਮ ਹੈ।
ਮੇਰੇ ਲਈ ਇਹ ਬਿਲਕੁਲ ਨਵੀਂ ਜਗ੍ਹਾ ਹੈ। ਮੈਂ ਦੱਖਣੀ ਪਹਾੜੀ ਦੇ ਦੱਖਣ ਵੱਲੋਂ ਉੱਪਰ ਚੜ੍ਹਨਾ ਹੈ। ਇਸ ਪਾਸਿਓਂ ਚੜ੍ਹਾਈ ਬਹੁਤੀ ਤਿੱਖੀ ਨਹੀਂ ਹੈ। ਸੜਕ ’ਤੇ ਇੱਕ ਪਾਸੇ ਆਮ ਕਾਰਾਂ ਖੜ੍ਹੀਆਂ ਮਿਲਦੀਆਂ ਹਨ। ਸਵੇਰ ਦੇ ਗਿਆਰਾਂ ਵਜੇ ਹਨ। ਧੁੱਪ ਹਾਲੇ ਪੂਰੀ ਨਹੀਂ ਚਮਕੀ। ਹਵਾ ਵਿੱਚ ਠੰਢਕ ਹੈ। ਮੈਂ ਆਪਣਾ ਰੈਕ ਸੈਕ ਮੋਢੇ ਟੰਗਦਾ ਪਹਾੜੀ ਚੜ੍ਹਨ ਲੱਗਦਾ ਹਾਂ। ਕੁਝ ਮਿੰਟ ਚੜਿ੍ਹਆ ਤਾਂ ਇੱਕ ਗੇਟ ਆ ਜਾਂਦਾ ਹੈ ਜਿਸ ਨੂੰ ਖੋਲ੍ਹ ਕੇ ਤੁਸੀਂ ਅੰਦਰ ਜਾਂਦੇ ਹੋ। ਇਵੇਂ ਪਹਾੜੀ ਉੱਪਰ ਕਈ ਗੇਟ ਲੱਗੇ ਹੋਏ ਹਨ। ਇੱਥੇ ਜੰਗਲੀ ਜੀਵਨ ਦੀ ਰੱਖਿਆ ਲਈ ਵਾੜ ਕੀਤੀ ਹੋਈ ਹੈ। ਇੱਥੇ ਸਿੱਧੀ ਪਹਾੜੀ ਚੜ੍ਹਨ ਵਾਲੀਆਂ ਬੱਕਰੀਆਂ ਹਨ। ਕੁਝ ਪੁਰਾਣੀ ਨਸਲ ਦੀਆਂ ਭੇਡਾਂ ਹਨ ਤੇ ਗਾਵਾਂ ਵੀ। ਇੱਕ ਵੱਡਾ ਬੋਰਡ ਲੱਗਾ ਹੋਇਆ ਹੈ ਜਿਸ ਉੱਪਰ ਤੁਰਨਗਾਹਾਂ ਦੇ ਰੂਟ ਬਣੇ ਹਨ। ਪੂਰਾ ਗੇੜਾ ਦੋ ਘੰਟੇ ਦਾ ਹੈ। ਇੱਕ ਛੋਟਾ ਗੇੜਾ ਡੇਢ ਘੰਟੇ ਦਾ। ਦੋਵਾਂ ਪਹਾੜੀਆਂ ਨੂੰ ਰਲ਼ਾ ਕੇ ਗੇੜਾ ਲੰਮਾ ਹੋ ਜਾਂਦਾ ਹੈ। ਮੈਂ ਦੋ-ਘੰਟੇ ਵਾਲਾ ਰਾਹ ਅਪਣਾ ਲੈਂਦਾ ਹਾਂ। ਜੋ ਪੂਰੀ ਪਹਾੜੀ ਦਾ ਚਾਰ-ਮੀਲ ਦਾ ਚੱਕਰ ਬਣਦਾ ਹੈ। ਤੁਰਨ ਰਾਹ ਬਹੁਤਾ ਪੱਧਰਾ ਨਹੀਂ ਹੈ। ਮੀਂਹ ਪਏ ’ਤੇ ਜ਼ਰੂਰ ਗਾਰਾ ਵੀ ਹੋ ਜਾਂਦਾ ਹੋਵੇਗਾ। ਥਾਂ-ਥਾਂ ’ਤੇ ਰੂਟਾਂ ਦੇ ਸਾਈਨ ਲੱਗੇ ਹੋਏ ਹਨ। ਲੋਕ ਹੈਲੋ ਕਹਿੰਦੇ ਕਾਹਲੀ-ਕਾਹਲੀ ਤੁਰੇ ਜਾ ਰਹੇ ਹਨ। ਉੱਪਰ ਪਾਣੀ ਵਾਲੇ ਖੂਹ ਹਨ, ਸਾਹ ਲੈਣ ਲਈ ਬੈਂਚ ਆਦਿ ਵੀ ਬਣੇ ਹੋਏ ਹਨ।
ਪਹਾੜੀ ਦੇ ਐਨ ਉੱਪਰ ਇੱਕ ਟਾਵਰ ਹੈ ਜਿੱਥੇ ਚੜ੍ਹ ਕੇ ਤੁਸੀਂ ਆਲੇ-ਦੁਆਲੇ ਦੇ ਦ੍ਰਿਸ਼ ਦਾ ਆਨੰਦ ਲੈ ਸਕਦੇ ਹੋ। ਪਰ ਏਨੇ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਕਿ ਮੈਂ ਅੱਗੇ ਤੁਰ ਪੈਂਦਾ ਹਾਂ। ਇਹ ਉੱਪਰੋਂ ਉੱਚੀ-ਨੀਵੀਂ ਹੈ, ਪਰ ਤੁਰਨਾ ਸੌਖਾ ਹੈ। ਕਲਿੱਫ ਦੇ ਨੇੜੇ ਜਿੱਥੇ ਬਿਲਕੁਲ ਹੇਠਾਂ ਖੱਡ ਹੈ, ਦ੍ਰਿਸ਼ ਬਹੁਤ ਡਰਾਉਣਾ ਬਣ ਜਾਂਦਾ ਹੈ। ਇਸ ਦੇ ਨੇੜੇ ਨਾ ਜਾਣ ਦੀਆਂ ਹਦਾਇਤਾਂ ਲਿਖੀਆਂ ਹੋਈਆਂ ਹਨ। ਪਿੱਛੇ ਜਿਹੇ ਇੱਥੋਂ ਡਿੱਗ ਕੇ ਇੱਕ ਬੰਦਾ ਮਰ ਗਿਆ ਸੀ। ਤੁਰਨ ਰਾਹ ਉੱਪਰੋਂ ਖੱਡ ਦੇ ਨਾਲ-ਨਾਲ ਲੰਘਦਾ ਹੈ। ਇੱਥੋਂ ਚੈਡਰ ਕਸਬੇ ਦਾ ਖ਼ੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਇੱਕ ਗੋਲ ਆਕਾਰ ਵਿੱਚ ਝੀਲ ਵੀ ਦਿਸ ਰਹੀ ਹੈ, ਜਿਸ ਬਾਰੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਇਹ ਪੀਣ ਵਾਲੇ ਪਾਣੀ ਦਾ ਜ਼ਖੀਰਾ ਹੈ। ਉੱਪਰੋਂ ਬਿਲਕੁਲ ਹੇਠਾਂ ਖੱਡ ਵਿੱਚ ਸੜਕ ਦਿਖਾਈ ਦੇ ਰਹੀ ਹੈ, ਜਿੱਥੋਂ ਲੰਘ ਰਹੀਆਂ ਕਾਰਾਂ ਖਿਡੌਣੇ ਜਾਪ ਰਹੀਆਂ ਹਨ। ਭਾਵੇਂ ਇਹ ਸਿਰਫ਼ 137 ਮੀਟਰ ਡੂੰਘਾ ਹੈ, ਪਰ ਥੱਲਾ ਬਹੁਤ ਦੂਰ ਜਾਪ ਰਿਹਾ ਹੈ। ਇਸ ਨੂੰ ਯੂਕੇ ਦੀ ਸਭ ਤੋਂ ਡੂੰਘੀ ਖੱਡ ਕਿਹਾ ਜਾਂਦਾ ਹੈ।
ਇੱਥੇ ਕੁਝ ਪੰਛੀ ਅਜਿਹੇ ਦਿਖਾਈ ਦਿੰਦੇ ਹਨ ਜਿਹੜੇ ਪਹਿਲਾਂ ਮੈਂ ਕਦੇ ਨਹੀਂ ਦੇਖੇ। ਪੀਲੀ ਗਰਦਨ ਵਾਲੇ ਚੂਹੇ ਵੀ ਦਿਸਦੇ ਹਨ। ਕਹਿੰਦੇ ਹਨ ਕਿ ਇੱਥੇ ਸੱਪ ਵੀ ਹਨ ਜਿਨ੍ਹਾਂ ਨੂੰ ਐਡਰ ਕਿਹਾ ਜਾਂਦਾ ਹੈ ਜੋ ਜ਼ਹਿਰੀਲੇ ਨਹੀਂ ਹੁੰਦੇ, ਪਰ ਮੈਂ ਨਹੀਂ ਦੇਖੇ। ਕਿਤੇ ਪੜ੍ਹਿਆ ਸੀ ਕਿ ਇੱਥੇ ਕੁਝ ਦੁਰਲੱਭ ਪੌਦੇ ਵੀ ਹਨ, ਪਰ ਮੇਰੀ ਪਛਾਣ ਤੋਂ ਇਹ ਬਾਹਰ ਹਨ। ਕੁਝ ਅਜੀਬ ਰੰਗ ਦੀਆਂ ਤਿਤਲੀਆਂ ਦਿਸਦੀਆਂ ਹਨ। ਇੱਕ ਗੇੜਾ ਲਾ ਕੇ ਮੈਂ ਜੈਕਬ ਲੈਡਰਜ਼ ’ਤੇ ਚੱਲ ਪੈਂਦਾ ਹਾਂ। ਇਹ ਪੌੜੀਆਂ ਹੇਠਾਂ ਚੈਡਰ ਕਸਬੇ ਦੇ ਬਾਜ਼ਾਰ ਵਿੱਚ ਉਤਰਦੀਆਂ ਹਨ। ਇਨ੍ਹਾਂ ਨੂੰ ‘274-ਸਟੈੱਪਜ਼’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਪੌੜੀਆਂ ਨੂੰ ‘ਜੈਕਬ ਲੈਡਰਜ਼’ ਦਾ ਨਾਂ ਬਾਈਬਲ ਦੀ ਮਸ਼ਹੂਰ ਕਹਾਣੀ ਦੇ ਆਧਾਰ ’ਤੇ ਦਿੱਤਾ ਗਿਆ ਹੈ ਕਿ ਜੈਕਬ, ਜੀਸਸ ਦਾ ਸਾਥੀ ਪੌੜੀਆਂ ਚੜ੍ਹ ਕੇ ਸਵਰਗ ਜਾਂਦਾ ਹੈ। ਪੌੜੀਆਂ ਉਤਰਨ ਵਾਲੇ ਬਹੁਤੇ ਲੋਕ ਪੌੜੀਆਂ ਗਿਣਦੇ ਉਤਰਦੇ ਹਨ। ਹੇਠਾਂ ਆ ਕੇ ਸਭ ਦੀ ਗਿਣਤੀ ਵੱਖ-ਵੱਖ ਹੈ। ਮੈਂ ਇਨ੍ਹਾਂ ਨੂੰ 270 ਗਿਣਿਆ। ਹੇਠਾਂ ਆ ਕੇ ਪਤਾ ਲੱਗਦਾ ਹੈ ਕਿ ਤੁਸੀਂ ਪੌੜੀਆਂ ਰਾਹੀਂ ਪਹਾੜੀ ’ਤੇ ਜਾਣਾ ਹੋਵੇ ਤਾਂ ਪੈਸੇ ਲੱਗਦੇ ਹਨ।
ਪੌੜੀਆਂ ਉਤਰ ਕੇ ਸਾਹਮਣੇ ਪੂਰਾ ਬਾਜ਼ਾਰ ਹੈ। ਸਟੋਰ, ਦੁਕਾਨਾਂ, ਰੈਸਟੋਰੈਂਟ ਆਦਿ ਹਨ। ਨੈਸ਼ਨਲ ਟਰੱਸਟ ਦਾ ਦਫ਼ਤਰ ਹੈ। ਟੂਰਿਜ਼ਮ ਸੈਂਟਰ ਵੀ ਹੈ। ਖੁੱਲ੍ਹੀ ਕਾਰ ਪਾਰਕਿੰਗ ਹੈ। ਪੌੜੀਆਂ ਦੇ ਬਿਲਕੁਲ ਨਾਲ ਹੀ ਕੌਕਸ’ਜ਼-ਕੇਵਜ਼ ਹਨ। ਇੱਥੇ ਤਿੰਨ ਗੁਫ਼ਾਵਾਂ ਹਨ। ਇੱਕ ਗੁਫ਼ਾ ਬੰਦ ਹੈ ਤੇ ਦੋ ਗੁਫ਼ਾਵਾਂ ਆਮ ਜਨਤਾ ਲਈ ਖੁੱਲ੍ਹੀਆਂ ਹਨ। ਕੌਕਸ‘ਜ਼ ਗੁਫ਼ਾਵਾਂ 1837 ਵਿੱਚ ਕੌਕਸ ਨਾਂ ਦੇ ਆਰਕੌਲੋਜਿਸਟ ਨੇ ਲੱਭੀਆਂ ਸਨ ਤੇ ਗੱਫ’ਜ਼-ਗੁਫ਼ਾਵਾਂ ਨੂੰ ਗੱਫ ਨਾਂ ਦੇ ਬੰਦੇ ਨੇ 1903 ਵਿੱਚ ਲੱਭਿਆ ਸੀ। ਭਾਵੇਂ ਇਹ ਗੁਫ਼ਾਵਾਂ ਬਾਰਾਂ-ਤੇਰਾਂ ਹਜ਼ਾਰ ਸਾਲ ਪੁਰਾਣੀਆਂ ਹਨ ਤੇ ਜ਼ਮੀਨਦੋਜ਼ ਦਰਿਆ ਦੇ ਵਗਣ ਨਾਲ ਬਣੀਆਂ ਹਨ, ਪਰ ਸਮੇਂ ਨਾਲ ਇਨ੍ਹਾਂ ਦੇ ਰਾਹ ਬੰਦ ਹੋ ਗਏ ਸਨ। ਇਨ੍ਹਾਂ ਗੁਫ਼ਾਵਾਂ ਦੇ ਮਿਲਣ ਨਾਲ ਇਹ ਜਗ੍ਹਾ ਸੈਲਾਨੀਆਂ ਲਈ ਵਿਸ਼ੇਸ਼ ਬਣਨ ਲੱਗੀ। ਇੱਕੀਵੀਂ ਸਦੀ ਵਿੱਚ ਆ ਕੇ ਟੈਲੀਵਿਜ਼ਨ ਵਾਲਿਆਂ ਨੇ ਇਸ ਬਾਰੇ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਤਾਂ ਇਨ੍ਹਾਂ ਦੀ ਮਸ਼ਹੂਰੀ ਵਧਣ ਲੱਗੀ। ਰੇਡੀਓ-ਟਾਈਮਜ਼ ਨਾਮੀ ਇੱਕ ਮੈਗਜ਼ੀਨ ਨੇ ਯੂਕੇ ਦੇ ਸੱਤ ਅਜੂਬਿਆਂ ਬਾਰੇ ਚੋਣ ਕਰਾਈ ਤਾਂ ਚੈਡਰ ਗੌਰਜ, ਚੈਡਰ ਗੁਫ਼ਾਵਾਂ ਨੂੰ ਦੂਜੇ ਨੰਬਰ ਦਾ ਅਜੂਬਾ ਮੰਨਿਆ ਗਿਆ। ਪਹਿਲੇ ਨੰਬਰ ਦਾ ਅਜੂਬਾ ਵੇਲਜ਼ ਦੀਆਂ ਡੈਨ-ਯਰ-ਓਗੌਫ ਗੁਫ਼ਾਵਾਂ ਹਨ। ਇਹ ਜਗ੍ਹਾ ਹਰ ਸਾਲ ਪੰਜ ਲੱਖ ਤੋਂ ਵੱਧ ਯਾਤਰੂਆਂ ਲਈ ਖਿੱਚ ਦਾ ਕਾਰਨ ਬਣਦੀ ਹੈ। ਇੱਥੋਂ ਛੇ ਕੁ ਮੀਲ ਦੂਰ ‘ਵੂਕੀ-ਹੋਲ’ ਗੁਫ਼ਾਵਾਂ ਹਨ ਜੋ ਸੱਤਰ ਹਜ਼ਾਰ ਸਾਲ ਪੁਰਾਣੀਆਂ ਹਨ।
ਚੈਡਰ ਗੁਫ਼ਾਵਾਂ ਏਨੀਆਂ ਪੁਰਾਣੀਆਂ ਹਨ ਕਿ ਪੱਥਰ ਯੁੱਗ, ਤਾਂਬਾ ਯੁੱਗ ਤੇ ਲੋਹਾ ਯੁੱਗ ਦਾ ਮਨੁੱਖ ਇੱਥੇ ਵੱਸਦਾ ਰਿਹਾ ਹੈ। ਮਨੁੱਖ ਦੇ ਇੱਥੇ ਵੱਸਣ ਦੀਆਂ ਨਿਸ਼ਾਨੀਆਂ ਅੱਜ ਵੀ ਮਿਲਦੀਆਂ ਹਨ। ਇੱਥੇ ਬਹੁਤ ਸਾਰੇ ਮਨੁੱਖੀ ਪਿੰਜਰ ਤੇ ਹੱਡੀਆਂ ਮਿਲੀਆਂ ਹਨ। ਗੱਫ’ਜ਼ ਕੇਵਜ਼ ਵਿੱਚੋਂ ਨੌ ਹਜ਼ਾਰ ਸਾਲ ਪੁਰਾਣਾ ਮਨੁੱਖੀ ਪਿੰਜਰ ਸਾਬਤ ਮਿਲਿਆ ਸੀ ਜਿਸ ਨੂੰ ਅੱਜਕੱਲ੍ਹ ਬ੍ਰਿਟਿਸ਼ ਹਿਸਟਰੀ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਇਸ ਨੂੰ ਚੈਡਰ ਮੈਨ ਦਾ ਨਾਂ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਕਿ ਚੈਡਰ ਮੈਨ ਦਾ ਰੰਗ ਕਾਲਾ ਸੀ। ਇਹ ਗੱਲ ਇਹ ਵੀ ਸਿੱਧ ਕਰਦੀ ਹੈ ਕਿ ਕਿਸੇ ਵੇਲੇ ਇੰਗਲੈਂਡ ਵਿੱਚ ਵੱਸਣ ਵਾਲੇ ਲੋਕਾਂ ਦੇ ਰੰਗ ਕਾਲੇ ਵੀ ਸਨ। ਇਨ੍ਹਾਂ ਗੁਫ਼ਾਵਾਂ ਵਿੱਚੋਂ ਜਾਨਵਰਾਂ ਜਿਵੇਂ ਕਿ ਘੋੜੇ, ਭੇਡਾਂ, ਗਾਵਾਂ ਆਦਿ ਦੀਆਂ ਹੱਡੀਆਂ ਵੀ ਮਿਲਦੀਆਂ ਰਹਿੰਦੀਆਂ ਹਨ। ਯਕੀਨ ਕੀਤਾ ਜਾਂਦਾ ਹੈ ਕਿ ਇਹ ਜਾਨਵਰ ਗੁਫ਼ਾਵਾਂ ਵਿੱਚ ਰਹਿਣ ਵਾਲੇ ਮਨੁੱਖ ਦਾ ਖਾਣਾ ਬਣੇ ਹੋਣਗੇ। ਮਨੁੱਖੀ ਪਿੰਜਰਾਂ ਵਿੱਚ ਕੁਝ ਪਿੰਜਰ ਬੱਚਿਆਂ ਦੇ ਵੀ ਮਿਲੇ ਹਨ।
ਇਹ ਨੀਵੀਂ ਜਗ੍ਹਾ ਹੋਣ ਕਰਕੇ ਇੱਥੇ ਹੜ੍ਹ ਆਮ ਆ ਜਾਂਦੇ ਹਨ। ਇਨ੍ਹਾਂ ਗੁਫ਼ਾਵਾਂ ਦੇ ਮੂੰਹ ਬੰਦ ਹੋਣ ਕਾਰਨ ਵੀ ਮੀਂਹ ਨਾਲ ਇਨ੍ਹਾਂ ਅੱਗੇ ਗਾਰਾ ਆ ਜਾਂਦਾ ਹੈ। 1968 ਵਿੱਚ ਇੱਥੇ ਚੀਊ ਸਟੋਕ ਨਾਮੀ ਹੜ੍ਹ ਆ ਜਾਣ ਕਾਰਨ ਇੱਕ ਵਾਰ ਫਿਰ ਇਹ ਗੁਫ਼ਾਵਾਂ ਬੰਦ ਹੋ ਗਈਆਂ ਸਨ। ਉਦੋਂ ਇਹ ਗੁਫ਼ਾਵਾਂ ਪਾਣੀ ਨਾਲ ਵੀ ਭਰ ਗਈਆਂ ਸਨ। 2012 ਵਿੱਚ ਵੀ ਇੱਥੇ ਹੜ੍ਹ ਆ ਗਿਆ ਸੀ ਤੇ ਖੱਡ ਵਿੱਚ ਪਾਣੀ ਖੜ੍ਹ ਜਾਣ ਕਾਰਨ ਸੜਕ ਕਈ ਹਫ਼ਤੇ ਬੰਦ ਰਹੀ ਸੀ।
ਗੱਫ’ਜ਼ ਗੁਫ਼ਾਵਾਂ 400 ਮੀਟਰ ਲੰਮੀਆਂ ਹਨ। ਕਿਤੇ-ਕਿਤੇ ਡੂੰਘੀਆਂ ਵੀ ਹਨ। ਅੰਦਰ ਵੜਦਿਆਂ ਨੂੰ ਹੀ ਤੁਹਾਨੂੰ ਰੇਡੀਓ ਦੇ ਦਿੱਤੇ ਜਾਂਦੇ ਹਨ ਜੋ ਤੁਹਾਨੂੰ ਤੁਰਦਿਆਂ-ਫਿਰਦਿਆਂ ਗਾਈਡ ਕਰੀ ਜਾਂਦੇ ਹਨ ਕਿ ਤੁਸੀਂ ਕਿੱਥੇ ਕੁ ਹੋ। ਕਈ ਥਾਵਾਂ ’ਤੇ ਗੁਫ਼ਾਵਾਂ ਦੀ ਬਣਤਰ ਹੈਰਾਨੀਜਨਕ ਢੰਗ ਦੀ ਹੈ। ਕੌਕਸ’ਜ਼ ਗੁਫ਼ਾਵਾਂ ਕੁਝ ਛੋਟੀਆਂ ਹਨ। ਇਨ੍ਹਾਂ ਗੁਫ਼ਾਵਾਂ ਨੂੰ ਚੀਜ਼ ਮੈਚਿਓਰ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਇਨ੍ਹਾਂ ਦੋਵਾਂ ਗੁਫ਼ਾਵਾਂ ਵਿੱਚ ਹੀ ਛੱਤ ਵੱਲ ਦੇਖੋ ਤਾਂ ਚਮਗਿੱਦੜ ਲਮਕਦੇ ਦਿਸਦੇ ਹਨ।
ਵੈਸੇ ਤਾਂ ਇਹ ਜਗ੍ਹਾ ਨੈਸ਼ਨਲ ਟਰੱਸਟ ਦੇ ਹੇਠ ਆਉਂਦੀ ਹੈ ਜੋ ਸਰਕਾਰੀ ਅਦਾਰਾ ਹੈ, ਪਰ ਨਾਲ-ਨਾਲ ਲੌਂਗਲੀਟ ਇਸਟੇਟ ਵੀ ਇਸ ਦੀ ਮਾਲਕ ਹੈ ਜੋ ਪਰਿਵਾਰਕ ਟਰੱਸਟ ਹੈ। ਇਨ੍ਹਾਂ ਦੋਵੇਂ ਗੁਫ਼ਾਵਾਂ ਤੇ ਦੱਖਣ ਵੱਲ ਦੀ ਪਹਾੜੀ ਦੀ ਮਾਲਕੀ ਲੌਂਗਲੀਟ ਇਸਟੇਟ ਦੀ ਹੈ। ਵੈਸੇ ਦੋਵੇਂ ਧਿਰਾਂ ਰਲ਼ਕੇ ਇਸ ਜਗ੍ਹਾ ਦੀ ਦੇਖਭਾਲ ਕਰਦੀਆਂ ਹਨ। ਇੱਕ ਸਮੇਂ ਲੌਂਗਲੀਟ ਵਾਲੇ ਚਾਹੁੰਦੇ ਸਨ ਕਿ ਯਾਤਰੀਆਂ ਦੀ ਖਿੱਚ ਲਈ ਦੋਵਾਂ ਪਹਾੜੀਆਂ ਵਿਚਕਾਰ 600 ਮੀਟਰ ਲੰਮੀ ਕੇਬਲ ਕਾਰ ਚਲਾਈ ਜਾਵੇ ਜਿਸ ਉੱਪਰ ਦਸ-ਮਿਲੀਅਨ ਪੌਂਡ ਖ਼ਰਚ ਹੋਣੇ ਸਨ, ਪਰ ਨੈਸ਼ਨਲ ਟਰੱਸਟ ਵਾਲਿਆਂ ਨੇ ਇਹ ਤਜਵੀਜ਼ ਠੁਕਰਾ ਦਿੱਤੀ। ਫਿਰ ਨੈਸ਼ਨਲ ਟਰੱਸਟ ਨੇ ਇੱਥੇ ਐਮਿਊਜ਼ਮੈਂਟ ਪਾਰਕ ਬਣਾਉਣ ਲਈ ਯੋਜਨਾ ਦੀ ਪ੍ਰਵਾਨਗੀ ਲਈ ਸੀ, ਪਰ ਹਾਲੇ ਤੱਕ ਬਣਾਇਆ ਨਹੀਂ ਗਿਆ।
ਇਹ ਜਗ੍ਹਾ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ। ‘ਲੌਡਰ ਆਫ ਦਿ ਰਿੰਗ’ ਵਾਲੀ ਕਿਤਾਬਾਂ/ਫ਼ਿਲਮਾਂ ਦੀ ਸੀਰੀਜ਼ ਵਿੱਚ ਦੂਜੀ ਫ਼ਿਲਮ/ਕਿਤਾਬ ‘ਟੂ ਟਾਵਰ’ ਚੈਡਰ ਗੌਰਜ ਤੋਂ ਪ੍ਰੇਰਿਤ ਹੋ ਕੇ ਲਿਖੀ ਗਈ ਸੀ। ਟੂਰਿਸਟ ਇੱਥੇ ਆਪਣੀਆਂ ਵੀਡਿਓ’ਜ਼ ਬਣਾ ਕੇ ਆਪਣੇ ਬਲੌਗਾਂ ਵਿੱਚ ਪਾਉਂਦੇ ਰਹਿੰਦੇ ਹਨ।
ਚਾਰ-ਪੰਜ ਘੰਟੇ ਦਾ ਇਹ ਗੇੜਾ ਬਹੁਤ ਥਕਾ ਦੇਣ ਵਾਲਾ ਸੀ। ਚੈਡਰ ਕੇਵਜ਼ ਤੇ ਚੈਡਰ ਗੌਰਜ ਨੇ ਮੇਰੀ ਮਾਨਸਿਕ ਭੁੱਖ ਏਨੀ ਕੁ ਪੂਰੀ ਕਰ ਦਿੱਤੀ ਸੀ ਕਿ ਥਕਾਵਟ ਨੂੰ ਇੱਕ ਪਾਸੇ ਧੱਕਦਾ ਹੋਇਆ ਮੈਂ ਪਹਾੜੀ ਦੇ ਦੂਜੇ ਪਾਸੇ ਖੜ੍ਹੀ ਆਪਣੀ ਕਾਰ ਵੱਲ ਕਾਹਲੀ-ਕਾਹਲੀ ਤੁਰ ਪਿਆ।
ਈ-ਮੇਲ : harjeetatwal@hotmail.co.uk