ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਇਸ ਵਾਰ ਆਪਣੀ ਮਹੀਨਾਵਾਰ ਇਕੱਤਰਤਾ ਬੋਨੈੱਸ ਪਾਰਕ ਦੇ ਛਾਂਦਾਰ ਰੁੱਖਾਂ ਹੇਠਾਂ ਕੂਲੇ ਘਾਹ ਉੱਤੇ ਬੈਠ ਕੇ ਕੀਤੀ। ਮਕਸਦ ਸਾਉਣ ਦੇ ਮਹੀਨੇ ਨੂੰ ਤੀਆਂ ਮਨਾ ਕੇ ਅਲਵਿਦਾ ਕਹਿਣਾ ਸੀ।
ਸਵੇਰੇ ਹੀ ਰੰਗ ਬਰੰਗੇ ਸੂਟਾਂ ਵਿੱਚ ਸਜੀਆਂ ਔਰਤਾਂ ਦਾ ਸਮੂਹ ਪਾਰਕ ਵਿੱਚ ਇਕੱਠਾ ਹੋਇਆ। ਔਰਤਾਂ ਨੇ ਸਮੋਸੇ, ਜਲੇਬੀਆਂ, ਖੀਰ, ਗੁਲਗੁਲੇ ਅਤੇ ਹੋਰ ਆਪਣੇ ਨਾਲ ਘਰਾਂ ਤੋਂ ਲਿਆਂਦੇ ਵੰਨ-ਸੁਵੰਨੇ ਖਾਣਿਆਂ ਦਾ ਰਲ ਮਿਲ ਕੇ ਭਰਪੂਰ ਆਨੰਦ ਮਾਣਿਆ।
ਭੈਣਾਂ ਨੇ ਬੋਲੀਆਂ ਦੀ ਛਹਬਿਰ ਲਾਈ ਤਾਂ ਨੱਚਣ ਵਾਲੀਆਂ ਔਰਤਾਂ ਦੀ ਅੱਡੀ ਉੱਠਣੋਂ ਨਾ ਰਹਿ ਸਕੀ। ਇਸ ਮੌਕੇ ਖ਼ੂਬ ਰੌਣਕ ਲੱਗੀ। ਆਲੇ ਦੁਆਲੇ ਬੈਠੇ ਪਰਿਵਾਰ ਵੀ ਦਰਸ਼ਕ ਬਣ ਕੇ ਪੰਜਾਬੀ ਤੀਆਂ ਵਿੱਚ ਸ਼ਾਮਲ ਹੋ ਗਏ ਅਤੇ ਫੋਟੋਆਂ ਖਿਚਾਉਣ ਦੇ ਨਾਲ ਹੀ ਵੀਡੀਓ ਬਣਾਉਣ ਲੱਗੇ।
ਫਿਰ ਮਾਈਕ ’ਤੇ ਕਈ ਟੋਲੀਆਂ ਨੇ ਲੋਕ ਗੀਤ ਅਤੇ ਆਪਣੀ ਪਸੰਦ ਦੇ ਗੀਤ ਗਾਏ। ਤੀਆਂ ਦੇ ਇਸ ਤਿਓਹਾਰ ਨੇ ਹੋਰ ਭਾਈਚਾਰਿਆਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰ ਲਿਆ।
ਉਪਰੰਤ ਸਾਰੀਆਂ ਭੈਣਾਂ ਦੇ ਇਕੱਠ ਨੂੰ ਸੰਬੋਧਤ ਹੁੰਦਿਆਂ ਸਭਾ ਦੀ ਮੈਂਬਰ ਡਾ. ਪੂਨਮ ਨੇ ਜਿੱਥੇ ਤੀਆਂ ਦੀ ਵਧਾਈ ਦਿੱਤੀ, ਉੱਥੇ ਸਭਾ ਵੱਲੋਂ ਨਾਰਥ ਈਸਟ ਦੇ ਵਾਸੀਆਂ ਲਈ 29 ਅਗਸਤ ਤੋਂ 2 ਸਤੰਬਰ ਤੱਕ ਲਗਾਏ ਜਾ ਰਹੇ ‘ਹੈਲਥ ਐਂਡ ਵੈੱਲਨੈੱਸ’ ਕੈਂਪ ਬਾਰੇ ਵੀ ਜਾਣਕਾਰੀ ਦਿੱਤੀ। ਇਹ ਕੈਂਪ ਜੈਨੇਸਜ਼ ਸੈਂਟਰ ਵਿੱਚ ਲੱਗੇਗਾ।
ਗੁਰਚਰਨ ਥਿੰਦ ਨੇ ਨਾਰਥ ਆਫ ਮੈਕਨਾਈਟ ਕਮਿਊਨਿਟੀ ਸੁਸਾਇਟੀ ਦੁਆਰਾ ਸ਼ੁਰੂ ਕੀਤੇ ਜਾ ਰਹੇ ਐਂਟਰਪ੍ਰਨਿਓਰ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ ਔਰਤਾਂ ਲਈ ਹੈ ਜੋ ਆਪਣੇ ਘਰ ਵਿੱਚ ਰਹਿ ਕੇ ਕੋਈ ਛੋਟਾ ਮੋਟਾ ਧੰਦਾ ਕਰ ਰਹੀਆਂ ਹਨ ਜਾਂ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਲਈ ਇਹ ਬਿਜ਼ਨਸ ਕਰਨ ਲਈ ਸਿਖਲਾਈ ਦੇਣ ਵਰਗਾ ਪ੍ਰੋਗਰਾਮ ਹੈ ਜੋ ਸਤੰਬਰ ਤੋਂ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਇਛੁੱਕ ਕੁੜੀਆਂ/ਔਰਤਾਂ ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੀਆਂ ਹਨ। ਗੁਰਚਰਨ ਥਿੰਦ ਨੇ ਤੀਆਂ ਵਾਲੀ ਇਸ ਪਿਕਨਿਕ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਨੌਰੀਨ, ਕਿਰਨ ਕਲਸੀ, ਰੁਬੀਨਾ, ਬਲਜੀਤ ਜਠੌਲ, ਅਮਰਜੀਤ ਸੱਗੂ, ਤਰਨਜੀਤ ਅਤੇ ਹੋਰ ਭੈਣਾਂ ਦੁਆਰਾ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ।
ਇਸ ਤੋਂ ਬਾਅਦ ਇੱਕ ਵਾਰ ਫਿਰ ਕਈ ਭੈਣਾਂ ਨੇ ਨੱਚਣ ਗਾਉਣ ਦਾ ਆਪਣਾ ਰਹਿ ਗਿਆ ਝੱਸ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਕਈ ਪਾਰਕ ਵਿੱਚ ਚੱਲਣ ਵਾਲੀ ਟਰੇਨ ਦਾ ਆਨੰਦ ਮਾਣਨ ਚਲੇ ਗਈਆਂ। ਬਾਕੀ ਖਾਣ-ਪੀਣ ਦੇ ਰਹਿੰਦੇ ਸਾਮਾਨ ਦਾ ਨਬੇੜਾ ਕਰਨ ਵਿੱਚ ਰੁੱਝ ਗਈਆਂ। ਕੁੱਲ ਮਿਲਾ ਕੇ ਉਨ੍ਹਾਂ ਨੇ ਇੱਥੇ ਪੰਜਾਬ ਦਾ ਪੂਰਾ ਮਾਹੌਲ ਸਿਰਜ ਦਿੱਤਾ।