ਸੁਰਿੰਦਰ ਸਿੰਘ ਰਾਏ
“ਜਸਪ੍ਰੀਤ ਪੁੱਤਰ, ਤੂੰ ਠੀਕ-ਠਾਕ ਪਹੁੰਚ ਗਿਆ ਅਮਰੀਕਾ ’ਚ?” ਮੇਰੇ ਅਮਰੀਕਾ ਪੁੱਜਣ ਦੇ ਦੂਸਰੇ ਦਿਨ ਹੀ ਡੈਡੀ ਨੇ ਫੋਨ ’ਤੇ ਪੁੱਛਿਆ।
“ਹਾਂ ਡੈਡੀ ਜੀ, ਮੈਂ ਠੀਕ-ਠਾਕ ਪੁੱਜ ਗਿਆ ਸੀ। ਰਸਤੇ ਵਿੱਚ ਵੀ ਕੋਈ ਦਿੱਕਤ ਨਹੀਂ ਆਈ। ਬਸ ਸਿੰਗਾਪੁਰ ਤੋਂ ਜਹਾਜ਼ ਬਦਲ ਕੇ ਸਿੱਧਾ ਅਮਰੀਕਾ।” ਮੈਂ ਝਬਦੇ ਨੇ ਜਵਾਬ ਦਿੱਤਾ।
“ਏਅਰਪੋਰਟ ਤੋਂ ਕੌਣ ਲੈਣ ਆਇਆ ਸੀ?”
“ਡੈਡੀ ਜੀ, ਲਖਬੀਰ ਮੇਰਾ ਜਹਾਜ਼ ਪਹੁੰਚਣ ਤੋਂ ਪਹਿਲਾਂ ਹੀ ਏਅਰਪੋਰਟ ’ਤੇ ਪੁੱਜ ਗਿਆ ਸੀ। ਬਸ ਉੱਥੋਂ ਘੰਟਾ ਕੁ ਉਹਦੇ ਘਰ ਪੁੱਜਣ ਨੂੰ ਲੱਗਾ।”
“ਅੱਛਾ! ਫਿਰ ਤਾਂ ਤੇਰਾ ਮਿੱਤਰ ਵਧੀਆ ਮੁੰਡਾ ਏ।” ਡੈਡੀ ਖ਼ੁਸ਼ ਹੋ ਕੇ ਬੋਲੇ।
“ਪੁੱਤ, ਰੋਟੀ ਟੈਮ ਸਿਰ ਖਾ ਲਈ ਸੀ?” ਵਿਚਾਲੇ ਹੀ ਮੰਮੀ ਨੇ ਪੁੱਛਿਆ।
“ਹਾਂ ਮੰਮੀ ਜੀ, ਰੋਟੀ ਦਾ ਨਾ ਤੁਸੀਂ ਫ਼ਿਕਰ ਕਰੋ। ਲਖਬੀਰ ਨੇ ਤਾਂ ਮੇਰੀ ਸੇਵਾ ਈ ਬਹੁਤ ਕੀਤੀ ਏ, ਜਿਵੇਂ ਮੈਂ ਉਹਦੇ ਘਰ ਕੋਈ ਖ਼ਾਸ ਮਹਿਮਾਨ ਹੋਵਾਂ।” ਮੇਰੇ ਇੰਝ ਆਖਣ ’ਤੇ ਮੰਮੀ ਦੀ ਰੂਹ ਖਿੜ ਗਈ। ਦਿਨ ਵਿਆਹ ਵਾਂਗ ਬੀਤਦੇ ਗਏ। ਕੁਝ ਕੁ ਦਿਨਾਂ ਬਾਅਦ ਮੈਨੂੰ ਥੋੜ੍ਹਾ-ਥੋੜ੍ਹਾ ਇੱਥੋਂ ਦੇ ਸਿਸਟਮ ਬਾਰੇ ਵੀ ਸਮਝ ਲੱਗਣ ਲੱਗ ਪਈ ਸੀ। ਫਿਰ ਮੈਂ ਕੰਮ ਲੱਭਣਾ ਸ਼ੁਰੂ ਕੀਤਾ।
“ਯਾਰ, ਇੱਥੇ ਤਾਂ ਹਰ ਚੀਜ਼ ਦਾ ਬਿੱਲ ਆਉਂਦਾ ਏ। ਬਿਜਲੀ, ਪਾਣੀ, ਗੈਸ, ਟੈਲੀਫੋਨ, ਕਾਰਾਂ ਦੀ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਮਕਾਨ ਕਿਰਾਇਆ ਤੇ ਕਿਚਨ ਦਾ ਖ਼ਰਚ। ਲਖਬੀਰ ਮੇਰਾ ਕਿੰਨਾ ਕੁ ਚਿਰ ਭਾਰ ਚੁੱਕ ਸਕਦਾ ਏ? ਮੈਨੂੰ ਕੰਮ ਲੱਗਣ ਤੋਂ ਬਾਅਦ ਆਪਣੇ ਹਿੱਸੇ ਦਾ ਖ਼ਰਚਾ ਜ਼ਰੂਰ ਦੇਣਾ ਚਾਹੀਦਾ ਏ। ਅਗਲਾ ਕਹਿੰਦਾ ਥੋੜ੍ਹੇ ਹੁੰਦੈ।” ਇੱਕ ਦਿਨ ਮੈਂ ਮਨੋਂ-ਮਨੀਂ ਸੋਚਿਆ।
“ਲਖਬੀਰ ਭਾਅ ਜੀ, ਵੇਖੋ ਨਾ ਇੱਥੇ ਕਿੰਨੇ ਖ਼ਰਚੇ ਨੇ। ਤੁਸੀਂ ਮੈਥੋਂ ਮੇਰੇ ਹਿੱਸੇ ਦੇ ਬਣਦੇ ਪੈਸੇ ਲੈ ਲਿਆ ਕਰੋ।” ਕੁਝ ਦਿਨਾਂ ਬਾਅਦ ਮੈਂ ਲਖਬੀਰ ਨੂੰ ਆਖਿਆ।
“ਜਸਪ੍ਰੀਤ, ਪਹਿਲਾਂ ਤੂੰ ਕੰਮ ’ਤੇ ਤਾਂ ਲੱਗ ਜਾ। ਫਿਰ ਆਪਣਾ ਹਿੱਸਾ ਦੇ ਦਿਆ ਕਰੀਂ।” ਮੇਰੀ ਗੱਲ ਸੁਣਦੇ ਹੀ ਉਸ ਨੇ ਆਖਿਆ। ਕੁਝ ਕੁ ਦਿਨ ਘੁੰਮਦਿਆਂ-ਫਿਰਦਿਆਂ ਮੈਨੂੰ ਇੱਕ ਇੰਡੀਅਨ ਰੈਸਟੋਰੈਂਟ ’ਤੇ ਕੰਮ ਮਿਲ ਗਿਆ। ਰੋਜ਼ ਰਾਤ ਦੇ ਬਾਰਾਂ-ਬਾਰਾਂ ਵਜੇ ਤੱਕ ਕੰਮ ਕਰਨਾ। ਦੂਸਰੇ ਦਿਨ ਸਵੇਰੇ ਹੀ ਯੂਨੀਵਰਸਿਟੀ ਜਾਣਾ। ਦੋ ਕੁ ਮਹੀਨੇ ਇਵੇਂ ਹੀ ਗੁਜ਼ਰ ਗਏ। ਪਤਾ ਹੀ ਨਾ ਲੱਗਦਾ, ਕਦੋਂ ਦਿਨ ਚੜ੍ਹਿਆ ਏ ਤੇ ਕਦੋਂ ਛਿਪ ਗਿਆ।
“ਇਹ ਵੀ ਕੋਈ ਜ਼ਿੰਦਗੀ ਏ। ਬਸ ਕੰਮ…ਕੰਮ…ਕੰਮ। ਇਹਦੇ ਨਾਲੋਂ ਤਾਂ ਇੰਡੀਆ ਵਿੱਚ ਹੀ ਮੌਜਾਂ ਸਨ। ਕਿੱਥੇ ਮੈਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਲਿਆ ਏ।” ਇੱਕ ਰਾਤ ਇਵੇਂ ਸੋਚਦਿਆਂ ਮੇਰਾ ਮਨ ਉਦਾਸ ਹੋ ਗਿਆ।
“ਪਰ ਹੁਣ ਵਾਪਸ ਵੀ ਕਿਵੇਂ ਜਾ ਸਕਦੈਂ। ਘਰਦਿਆਂ ਪੱਚੀ ਲੱਖ ਖ਼ਰਚ ਕੇ ਅਮਰੀਕਾ ਭੇਜਿਆ ਏ। ਉਨ੍ਹਾਂ ਤਾਂ ਮੇਰੇ ਅਮਰੀਕਾ ਪਹੁੰਚਣ ਲਈ ਸੌ-ਸੌ ਸੁੱਖਾਂ ਸੁੱਖੀਆਂ ਸਨ। ਹੁਣ ਤਾਂ ਸਿਰ ਉਖਲੀ ਵਿੱਚ ਦੇਣਾ ਈ ਪੈਣਾ ਏ।” ਦੂਸਰੇ ਪਲ ਮੈਂ ਖ਼ੁਦ ਹੀ ਆਪਣੇ ਮਨ ਨੂੰ ਸਮਝਾਇਆ। ਇੰਝ ਦੱਬੀ-ਘੁੱਟੀ ਸਮਾਂ ਗੁਜ਼ਾਰਦਾ ਰਿਹਾ। ਪੜ੍ਹਾਈ ਦੀ ਫੀਸ, ਮਕਾਨ ਕਿਰਾਇਆ ਤੇ ਆਉਣ-ਜਾਣ ਦਾ ਖ਼ਰਚਾ ਪੂਰਾ ਕਰਨਾ ਮੁਸ਼ਕਿਲ ਹੋ ਗਿਆ। ਫਿਰ ਮੈਂ ਰੈਸਟੋਰੈਂਟ ਦੇ ਕੰਮ ਦੇ ਨਾਲ-ਨਾਲ ਇੱਕ ਕਾਰ-ਵਾਸ਼ ’ਤੇ ਵੀ ਜਾਣ ਲੱਗ ਪਿਆ। ਇੱਕ ਦਿਨ ਕਾਰ ਵਾਸ਼ ਦੀ ਅੱਠ-ਨੌਂ ਘੰਟੇ ਦੀ ਸ਼ਿਫਟ ਬਾਅਦ ਮੈਂ ਕੁਝ ਵਧੇਰੇ ਹੀ ਥਕਾਵਟ ਮਹਿਸੂਸ ਕਰ ਰਿਹਾ ਸਾਂ। ਮੈਂ ਟੈਕਸੀ ਕਾਲ ਕਰਨ ਦੀ ਸੋਚੀ। ਕੁਝ ਹੀ ਮਿੰਟਾਂ ਬਾਅਦ ਟੈਕਸੀ ਮੇਰੇ ਕੰਮ ਦੇ ਸਥਾਨ ’ਤੇ ਪਹੁੰਚ ਚੁੱਕੀ ਸੀ।
“ਵ੍ਹਟ ਇਜ਼ ਯੂਅਰ ਨੇਮ, ਮਾਈ ਫਰੈਂਡ?” ਟੈਕਸੀ ਚੜ੍ਹਦਿਆਂ ਹੀ ਟੈਕਸੀ ਡਰਾਈਵਰ ਨੇ ਬੜੀ ਉਤਸੁਕਤਾ ਨਾਲ ਮੈਨੂੰ ਪੁੱਛਿਆ।
“ਜਸਪ੍ਰੀਤ ਸਰ।”
“ਵ੍ਹਟ ਇਜ਼ ਯੂਅਰ ਨੈਸ਼ਨੈਲਿਟੀ?” ਉਸ ਨੇ ਫਿਰ ਪੁੱਛਿਆ।
“ਸਰ ਇੰਡੀਅਨ,” ਮੈਂ ਆਖਿਆ। ਇੰਡੀਅਨ ਸ਼ਬਦ ਸੁਣ ਕੇ ਟੈਕਸੀ ਡਰਾਈਵਰ ਕੁਝ ਭਾਵੁਕ ਜਿਹਾ ਹੋ ਗਿਆ, ਜਿਵੇਂ ਉਸ ਨੂੰ ਆਪਣਾ ਕੋਈ ਖ਼ਾਸ ਬੰਦਾ ਮਿਲ ਗਿਆ ਹੋਵੇ।
“ਇੱਥੇ ਕੀ ਕਰਦੇ ਹੋ?” ਜਕਦੇ-ਜਕਦੇ ਉਸ ਨੇ ਗੱਲ ਤੋਰੀ।
“ਜੀ, ਮੈਂ ਇੱਥੇ ਸਟੂਡੈਂਟ ਹਾਂ। ਹੋਟਲ ਮੈਨੇਜਮੈਂਟ ਦਾ ਕੋਰਸ ਕਰਦਾ ਹਾਂ। ਦੋ-ਤਿੰਨ ਕੁ ਮਹੀਨੇ ਪਹਿਲਾਂ ਮੈਂ ਇੰਡੀਆ ਤੋਂ ਆਇਆ ਸੀ। ਇੰਡੀਆ ਵਿੱਚ ਮੈਂ ਸਿਵਲ ਇੰਜਨੀਅਰਿੰਗ ਕੀਤੀ ਸੀ।”
“ਇਕੱਲਾ ਕਾਰ ਵਾਸ਼ ’ਤੇ ਈ ਕੰਮ ਕਰਦੈਂ ਕਿ ਹੋਰ ਕੰਮ ਵੀ ਕਰਦਾਂ ਕੋਈ?”
“ਜੀ, ਇੱਕ ਰੈਸਟੋਰੈਂਟ ’ਤੇ ਪਾਰਟ ਟਾਈਮ ਜੌਬ ਕਰਦਾਂ ਤੇ ਵੀਕਐੰਂਡ ’ਤੇ ਕਾਰ ਵਾਸ਼ ’ਤੇ ਆ ਜਾਨੈ। ਥੋਨੂੰ ਪਤਾ ਈ ਆ ਜੀ। ਵੀਹ ਘੰਟੇ ਦੇ ਕੰਮ ਨਾਲ ਕੀ ਬਣਦੈ। ਰੈਂਟ ਤੇ ਫੀਸਾਂ ਦੇ ਖ਼ਰਚੇ ਇੱਥੇ ਕਿਵੇਂ ਦੁਖੀ ਕਰਦੇ ਨੇ।” ਮੈਂ ਆਖਿਆ।
“ਇਕੱਲੇ ਰਹਿੰਦੇ ਹੋ?”
“ਨਹੀਂ ਜੀ, ਮੇਰਾ ਇੱਕ ਦੋਸਤ ਏ। ਉਹ ਚਾਰ-ਪੰਜ ਸਾਲ ਤੋਂ ਅਮਰੀਕਾ ਰਹਿੰਦੈ। ਮੇਰੇ ਪਿੰਡ ਕੋਲ ਦਾ ਈ ਆ ਜੀ। ਮੈਂ ਜਦੋਂ ਦਾ ਆਇਐਂ ਉਸੇ ਕੋਲ ਰਹਿਨੈ।”
“ਬਾਈ ਇੱਥੇ ਕੋਈ ਕਿਸੇ ਦਾ ਦੋਸਤ-ਦੂਸਤ ਨ੍ਹੀਂ ਐਂ। ਸਭ ਮਤਲਬੀ ਨੇ, ਮਤਲਬੀ। ਬਿਨਾਂ ਮਤਲਬ ਤੋਂ ਕੋਈ ਨ੍ਹੀਂ ਕਿਸੇ ਨੂੰ ਬੁਲਾਉਂਦੈ।”
“ਨਹੀਂ ਜੀ, ਉਹ ਤਾਂ ਮੇਰਾ ਪੁਰਾਣਾ ਮਿੱਤਰ ਏ। ਨਾਲੇ ਸਾਡੀ ਤਾਂ ਇੰਡੀਆ ਵਿੱਚ ਉਨ੍ਹਾਂ ਨਾਲ ਪਰਿਵਾਰਕ ਸਾਂਝ ਵੀ ਏ।”
“ਜੁਆਨਾ, ਸਾਂਝਾਂ ਤੇ ਦੋਸਤੀਆਂ ਤਾਂ ਸਭ ਰਹਿ ਜਾਂਦੀਆਂ ਨੇ ਇੰਡੀਆ ਵਿੱਚ। ਇੱਥੇ ਤਾਂ ਸਭ ਮਕੈਨੀਕਲ ਰਿਸ਼ਤੇ ਨੇ, ਇੰਜਣ ਦੇ ਇੱਕ ਪੁਰਜ਼ੇ ਵਾਂਗ। ਬਸ ਜਦੋਂ ਤੱਕ ਲੋੜ ਏ ਵਰਤੋ, ਨਹੀਂ ਤੇ ਫਿਰ ਸੁੱਟ ਦਿਓ। ਸਮਝਿਆਂ!” ਟੈਕਸੀ ਡਰਾਈਵਰ ਨੇ ਆਪਣੇ ਨਿੱਜੀ ਤਜਰਬੇ ਦੀ ਗੱਲ ਦੱਸੀ।
“ਅੰਕਲ, ਤੁਹਾਡਾ ਕੀ ਨਾਂ ਏ?” ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੁੰਦਿਆਂ ਪੁੱਛਿਆ।
“ਕੁਲਦੀਪ।” ਉਸ ਨੇ ਆਖਿਆ।
“ਕਿਸ ਸਟੇਟ ਤੋਂ ਹੋ?”
“ਮੈਂ ਹਰਿਆਣਾ ਤੋਂ ਹਾਂ।”
“ਅੰਕਲ, ਮੈਂ ਪੰਜਾਬ ਤੋਂ ਹਾਂ।”
“ਅੱਛਾ, ਫਿਰ ਤਾਂ ਤੂੰ ਆਪਣਾ ਈ ਬੰਦਾ ਏਂ। ਸਾਡੇ ਬਜ਼ੁਰਗਾਂ ਦਾ ਪਿਛੋਕੜ ਵੀ ਪੰਜਾਬ ਤੋਂ ਹੀ ਏ।” ਉਹ ਖ਼ੁਸ਼ ਹੋ ਕੇ ਬੋਲਿਆ।
“ਤੁਸੀਂ ਅਮਰੀਕਾ ਵਿੱਚ ਕਦੋਂ ਤੋਂ ਰਹਿੰਦੇ ਹੋ?” ਉਸ ਨੂੰ ਖ਼ੁਸ਼ ਵੇਖ ਮੈਂ ਅਗਲਾ ਸਵਾਲ ਕੀਤਾ।
“ਪੱਚੀ-ਤੀਹ ਸਾਲਾਂ ਤੋਂ।”
“ਜੀ, ਤੁਸੀਂ ਇੱਥੇ ਸਟੂਡੈਂਟ ਆਏ ਸੀ?”
“ਜੁਆਨਾ, ਸਾਡੇ ਵੇਲਿਆਂ ਵਿੱਚ ਇੱਥੇ ਸਟੂਡੈਂਟ ਕਿੱਥੇ ਆਉਂਦੇ ਸੀ। ਸਟੂਡੈਂਟਾਂ ਦਾ ਕੰਮ ਤਾਂ ਹੁਣੇ ਅੱਠ-ਦਸ ਸਾਲਾਂ ਤੋਂ ਚੱਲਿਆ ਐ। ਅਸੀਂ ਤਾਂ ਬੜੇ ਵੇਲਣੇ ਵੇਲੇ ਨੇ ਇੱਥੇ।” ਉਸ ਨੇ ਇੰਝ ਆਖਦਿਆਂ ਇੱਕ ਡੂੰਘਾ ਜਿਹਾ ਸਾਹ ਖਿੱਚਿਆ, ਜਿਵੇਂ ਇਸ ਪਿੱਛੇ ਕੋਈ ਲੰਮੀ ਦਰਦ ਭਰੀ ਕਹਾਣੀ ਛੁਪੀ ਹੋਵੇ। ਪੰਜਾਬੀ ਭਰਾ ਹੋਣ ਕਾਰਨ ਹੁਣ ਮੇਰੀ ਵੀ ਉਸ ਦੀਆਂ ਗੱਲਾਂ ਵਿੱਚ ਖ਼ਾਸੀ ਦਿਲਚਸਪੀ ਪੈਦਾ ਹੋ ਗਈ ਸੀ।
“ਅੰਕਲ, ਫਿਰ ਤੁਸੀਂ ਕਿਵੇਂ ਆਏ ਸੀ?” ਮੈਂ ਗੱਲ ਅੱਗੇ ਤੋਰੀ।
“ਅੱਛਾ, ਜੇ ਤੂੰ ਸੁਣਨੀ ਚਾਹੁੰਨੈ ਲੈ ਸੁਣ। ਪਹਿਲਾਂ ਏਜੰਟ ਨੂੰ ਸਤਾਈ ਲੱਖ ਦਿੱਤੈ। ਫਿਰ ਕਿਸ਼ਤੀਆਂ ਵਿੱਚ ਥੀਂ ਮੈਕਸੀਕੋ ਦੇ ਜੰਗਲਾਂ ਵਿੱਚ ਪਹੁੰਚੇ। ਕਈ ਦਿਨ ਭੁੱਖਣ-ਭਾਣੇ ਜੰਗਲਾਂ ਵਿੱਚ ਪੱਤੇ ਖਾ-ਖਾ ਕੇ ਗੁਜ਼ਾਰਾ ਕੀਤਾ। ਹਰ ਵੇਲੇ ਮੌਤ ਦਾ ਭੈਅ। ਸੱਪ ਕਿਤੇ ਇਸ ਪਾਸੇ ਤੋਂ ਨਾ ਆ ਜਾਏ, ਕਿਤੇ ਉਸ ਪਾਸੇ ਤੋਂ ਆ ਕੇ ਨਾ ਡੱਸ ਜਾਏ। ਉੱਤੋਂ ਡਰਾਉਣੀਆਂ ਘੁੱਪ ਹਨੇਰੀਆਂ ਰਾਤਾਂ। ਕਈ ਦਿਨ ਅਸਾਂ ਪੰਜ-ਸੱਤ ਮੁੰਡੇ ਸੰਘਣੇ ਜੰਗਲਾਂ ਵਿੱਚੋਂ ਦੀ ਤੁਰਦੇ ਰਹੇ। ਰਾਹ ਵਿੱਚ ਸਾਡੇ ਗਰੁੱਪ ਦੇ ਦੋ ਮੁੰਡੇ ਮੈਕਸੀਕੋ ਦੀ ਪੁਲੀਸ ਨੇ ਫੜ ਲਏ ਤੇ ਇੱਕ ਕਿਧਰੇ ਜੰਗਲ ਵਿੱਚ ਹੀ ਲਾਪਤਾ ਹੋ ਗਿਆ। ਅਸੀਂ ਚਾਰ ਜਣੇ ਜਿਵੇਂ ਨਾ ਕਿਵੇਂ ਮੈਕਸੀਕੋ ਤੋਂ ਅਮਰੀਕਾ ਦੇ ਬਾਰਡਰ ’ਤੇ ਪੁੱਜਣ ਵਿੱਚ ਸਫਲ ਹੋ ਗਏ। ਫਿਰ ਉੱਥੋਂ ਸਾਨੂੰ ਇੱਕ ਹੋਰ ਏਜੰਟ ਨੇ ਅਮਰੀਕਾ ਵਿੱਚ ਪੁਜਾ ਦਿੱਤਾ।”
“ਭਾਅ ਜੀ, ਤੁਸੀਂ ਤਾਂ ਫਿਰ ਅਮਰੀਕਾ ਪੁੱਜਣ ਲਈ ਬੜਾ ਸੰਘਰਸ਼ ਕੀਤਾ ਏ।” ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਮੈਂ ਆਖਿਆ।
“ਉਹ ਕਾਕਾ, ਤੁਸੀਂ ਤਾਂ ਟਿਕਟ ਕਟਾਈ ਤੇ ਸਿੱਧੇ ਅਮਰੀਕਾ ਪਹੁੰਚ ਗਏ। ਅੱਜਕੱਲ੍ਹ ਦੇ ਨਿਆਣਿਆਂ ਨੂੰ ਤਾਂ ਮੌਜਾਂ ਈ ਮੌਜਾਂ ਨੇ।” ਮੇਰੀ ਗੱਲ ਸੁਣ ਕੇ ਉਸ ਨੇ ਆਖਿਆ।
“ਅੰਕਲ ਜੀ, ਫਿਰ ਤੁਸੀਂ ਪੱਕੇ ਕਿਵੇਂ ਹੋਏ?” ਉਸ ਦੇ ਤਜਰਬੇ ਤੋਂ ਕੁਝ ਨਵਾਂ ਸਿੱਖਣ ਲਈ ਮੈਂ ਅਗਲਾ ਸਵਾਲ ਕੀਤਾ।
“ਜੁਆਨ, ਇਹ ਵੀ ਇੱਕ ਲੰਬੀ ਕਹਾਣੀ ਏ। ਤੂੰ ਸੁਣਨੀ ਚਾਹੁੰਨੈਂ?”
“ਅੰਕਲ, ਹਾਂ।” ਮੈਂ ਝਬਦੇ ਬੋਲਿਆ।
“ਜਿੱਥੇ ਮੈਂ ਤੈਨੂੰ ਟੈਕਸੀ ਤੋਂ ਉਤਾਰਨਾ ਏ, ਉਸ ਦੇ ਨਾਲ ਦੇ ਏਰੀਏ ਵਿੱਚ ਮੈਂ ਰਹਿੰਦਾਂ। ਤੂੰ ਮੈਨੂੰ ਆਪਣਾ ਮੋਬਾਈਲ ਨੰਬਰ ਦੇ ਜਾਵੀਂ, ਫਿਰ ਮੈਂ ਤੈਨੂੰ ਕਿਸੇ ਦਿਨ ਆਪਣੇ ਘਰ ਬੁਲਾਵਾਂਗਾ। ਨਾਲੇ ਬੈਠ ਕੇ ਗੱਪ-ਸ਼ੱਪ ਲੜਾਵਾਂਗੇ। ਨਾਲੇ ਮੈਂ ਤੈਨੂੰ ਆਪਣੀ ਇਹ ਕਹਾਣੀ ਸੁਣਾਊਂਗਾ। ਤੂੰ ਤਾਂ ਆਪਣਾ ਈ ਮੁੰਡਾ ਏਂ।” ਉਸ ਨੇ ਬੜੇ ਹਿੱਤ ਨਾਲ ਆਖਿਆ। ਕੁਝ ਕੁ ਸਮੇਂ ਬਾਅਦ ਮੇਰਾ ਟਿਕਾਣਾ ਆ ਗਿਆ ਸੀ। ਉਸ ਨੇ ਮੇਰੇ ਘਰ ਦੇ ਮੂਹਰੇ ਜਾ ਟੈਕਸੀ ਦੀ ਬਰੇਕ ਮਾਰੀ ਤੇ ਗੁਰ-ਫਤਹਿ ਬੁਲਾਉਣ ਤੋਂ ਬਾਅਦ ਮੈਂ ਵਾਹੋ-ਦਾਹੀ ਟੈਕਸੀ ਤੋਂ ਹੇਠਾਂ ਉਤਰ ਗਿਆ।
“ਯਾਰ, ਇਹ ਬੰਦਾ ਕਿੰਨੀਆਂ ਮੁਸੀਬਤਾਂ ਝੱਲ ਕੇ ਅਮਰੀਕਾ ਪਹੁੰਚਿਆ ਏ। ਇਹ ਤਾਂ ਜ਼ਿੰਦਗੀ ਦਾਅ ’ਤੇ ਲਾਉਣ ਵਾਲੀ ਗੱਲ ਏ। ਸੱਚਮੁੱਚ ਹੀ ਇਸ ਬੰਦੇ ਦਾ ਇਹ ਦੂਸਰਾ ਜਨਮ ਏਂ। ਇਹਦੇ ਵਾਂਗ ਜ਼ਿੰਦਗੀ-ਮੌਤ ਨਾਲ ਖੇਡ ਕੇ ਅਮਰੀਕਾ ਪਹੁੰਚੇ ਹੋਰ ਪਤਾ ਨ੍ਹੀਂ ਕਿੰਨੇ ਕੁ ਲੋਕ ਨੇ। ਮੈਂ ਤਾਂ ਫਿਰ ਵੀ ਬਹੁਤ ਖ਼ੁਸ਼ਕਿਸਮਤ ਹਾਂ। ਇੰਡੀਆ ਤੋਂ ਸਿੱਧਾ ਜਹਾਜ਼ ਫੜਿਆ ਤੇ ਅਮਰੀਕਾ ਆ ਪਹੁੰਚਿਆ।” ਇੰਝ ਸੋਚਦਿਆਂ ਮੇਰਾ ਉਸ ਵਿਅਕਤੀ ਨੂੰ ਸਲੂਟ ਮਾਰਨ ਨੂੰ ਦਿਲ ਕੀਤਾ। ਉਸ ਦੀ ਇਹ ਕਹਾਣੀ ਸੁਣ ਕੇ ਮੇਰਾ ਡੋਲਦਾ ਮਨ ਵੀ ਹੌਸਲੇ ਵਿੱਚ ਆ ਗਿਆ। ਹੁਣ ਮੈਨੂੰ ਆਪਣੀਆਂ ਮੁਸੀਬਤਾਂ ਉਸ ਵਿਅਕਤੀ ਦੀਆਂ ਦੱਸੀਆਂ ਮੁਸੀਬਤਾਂ ਸਨਮੁੱਖ ਨਿਗੂਣੀਆਂ ਜਿਹੀਆਂ ਜਾਪ ਰਹੀਆਂ ਸਨ। ਮੈਂ ਦੁਚਿੱਤੀ ਤੇ ਨਾਂਹ-ਪੱਖੀ ਸੋਚ ਤਿਆਗ ਕੇ ਜ਼ਿੰਦਗੀ ਨਾਲ ਜੂਝਣ ਦਾ ਪੱਕਾ ਨਿਸ਼ਚਾ ਕਰ ਲਿਆ।
“ਬਾਕੀ ਸਭ ਗੱਲਾਂ ਤਾਂ ਟੈਕਸੀ ਵਾਲੇ ਅੰਕਲ ਦੀਆਂ ਠੀਕ ਸਨ, ਪਰ ‘ਇੱਥੇ ਕੋਈ ਕਿਸੇ ਦਾ ਦੋਸਤ ਨਹੀਂ ਏਂ’ ਵਾਲੀ ਗੱਲ ਮੈਨੂੰ ਕੁਝ ਸਮਝ ਨ੍ਹੀਂ ਆਈ।” ਘਰ ਪਹੁੰਚ ਕੇ ਮੈਂ ਇਹ ਸੋਚ ਰਿਹਾ ਸੀ।
“ਦੋਸਤੀ ਵੀ ਕਦੇ ਜ਼ਿੰਦਗੀ ’ਚੋਂ ਮਨਫ਼ੀ ਹੁੰਦੀ ਏ। ਦੋਸਤਾਂ ਤੋਂ ਬਿਨਾਂ ਜ਼ਿੰਦਗੀ ਵਿੱਚ ਹੈ ਵੀ ਕੀ? ਮੈਨੂੰ ਤਾਂ ਇਹ ਕੋਈ ਮੂਡੀ ਜਿਹਾ ਬੰਦਾ ਜਾਪਦੈ। ਇਹੋ ਜਿਹੇ ਮੂਡੀ ਬੰਦਿਆਂ ਨਾਲ ਕਿਸੇ ਦੀ ਬਣੇ ਵੀ ਕਿਵੇਂ? ਐਵੇਂ ਆਪਣੀ ਫ਼ਿਲਾਸਫ਼ੀ ਜਿਹੀ ਘੋਟ ਕੇ ਚਲੇ ਗਿਆ।” ਉਸ ਡਰਾਈਵਰ ਅੰਕਲ ਬਾਰੇ ਮੇਰੇ ਮਨ ਵਿੱਚ ਇਹੋ ਜਿਹੇ ਕਈ ਸਵਾਲ ਪਨਪ ਰਹੇ ਸਨ। ਮੈਂ ਕਈ ਦਿਨ ਸ਼ਸ਼ੋਪੰਜ ਵਿੱਚ ਪਿਆ ਰਿਹਾ।
“ਲਖਬੀਰ, ਹੁਣ ਮੈਂ ਦੋ ਜੌਬਾਂ ਕਰਨ ਲੱਗ ਪਿਐਂ। ਤੂੰ ਮੇਰੇ ਹਿੱਸੇ ਦਾ ਖ਼ਰਚ ਲੈ ਲਿਆ ਕਰ।” ਇੱਕ ਦਿਨ ਕੰਮ ਤੋਂ ਬਾਅਦ ਘਰ ਆ ਕੇ ਮੈਂ ਲਖਬੀਰ ਨੂੰ ਆਖਿਆ।
“ਜਸਪ੍ਰੀਤ, ਹੁਣ ਮੈਨੂੰ ਸ਼ਹਿਰ ਦੇ ਦੂਸਰੇ ਪਾਸੇ ਇੱਕ ਹੋਰ ਫੈਕਟਰੀ ਵਿੱਚ ਕੰਮ ਮਿਲ ਗਿਆ ਏ। ਮੈਂ ਤਾਂ ਇੱਥੋਂ ਮੂਵ ਕਰ ਜਾਣਾ ਏਂ। ਹੁਣ ਤੂੰ ਇੱਥੇ ਇਕੱਲਾ ਹੀ ਮੌਜਾਂ ਮਾਣੀ। ਮੈਨੂੰ ਖ਼ਰਚਾ ਦੇਣ ਦੀ ਕੀ ਲੋੜ ਏ?” ਮੇਰੀ ਗੱਲ ਸੁਣਦਿਆਂ ਹੀ ਉਹ ਇਕਦਮ ਬੋਲਿਆ। ਉਸ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਇਕੱਲਾ ਇਸ ਮਕਾਨ ਦਾ ਕਿਰਾਇਆ ਕਿਵੇਂ ਦੇਵਾਂਗਾ? ਮੈਂ ਗਰੌਸਰੀ ਕਿਵੇਂ ਲਿਆਵਾਂਗਾ? ਪਾਣੀ, ਬਿਜਲੀ, ਗੈਸ ਬਿੱਲ ਦਾ ਖ਼ਰਚ ਇਕੱਲਾ ਕਿਵੇਂ ਚੁੱਕ ਸਕਦੈਂ? ਮੈਨੂੰ ਇੱਥੇ ਆਏ ਨੂੰ ਅਜੇ ਦੋ-ਤਿੰਨ ਮਹੀਨੇ ਤਾਂ ਹੋਏ ਨੇ। ਇਹੋ ਜਿਹੇ ਅਨੇਕਾਂ ਸਵਾਲਾਂ ਨੇ ਮੇਰਾ ਸਿਰ ਚਕਰਾ ਦਿੱਤਾ। ਮੈਂ ਪਰੇਸ਼ਾਨ ਸਾਂ, ਜਿਵੇਂ ਮੇਰੇ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੋਵੇ।
“ਜਸਪ੍ਰੀਤ, ਬਈ ਮੇਰੀ ਤਾਂ ਹੁਣ ਮਜਬੂਰੀ ਏ। ਤੂੰ ਆਪਣੇ ਨਾਲ ਰਹਿਣ ਲਈ ਕੋਈ ਹੋਰ ਮੁੰਡਾ ਭਾਲ ਲਵੀਂ।” ਮੈਨੂੰ ਪਰੇਸ਼ਾਨ ਹੋਇਆ ਵੇਖ ਲਖਬੀਰ ਦੁਬਾਰਾ ਬੋਲਿਆ।
“ਲਖਬੀਰ, ਮੈਂ ਐਨੀ ਛੇਤੀ ਕੋਈ ਨਵਾਂ ਮੁੰਡਾ ਕਿੱਥੋਂ ਲੱਭਾਂਗਾ? ਮੈਨੂੰ ਕਿਹੜੇ ਅਜੇ ਕੋਈ ਇੱਥੇ ਜਾਣਦਾ ਏ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਮਰੇ ਦਾ ਰੈਂਟ ਕਿੱਥੇ ਪੇਅ ਕਰਨਾ ਏਂ।” ਮੈਂ ਆਪਣੀ ਦੁਬਿਧਾ ਦੱਸੀ।
“ਯਾਰ ਜਸਪ੍ਰੀਤ, ਸਾਰੇ ਇਵੇਂ ਹੀ ਠੋਕਰਾਂ ਖਾ-ਖਾ ਕੇ ਸਿੱਖਦੇ ਨੇ। ਜਦੋਂ ਮੈਂ ਇੱਥੇ ਆਇਆ ਸੀ, ਮੈਨੂੰ ਵੀ ਇਵੇਂ ਹੀ ਮੁਸੀਬਤਾਂ ’ਚੋਂ ਲੰਘਣਾ ਪਿਆ ਸੀ। ਤੂੰ ’ਕੱਲਾ ਈ ਨਹੀਂ ਏਂ।” ਉਸ ਨੇ ਝੱਟ ਜਵਾਬ ਦਿੱਤਾ। ਫਿਰ ਉਸ ਨੇ ਮਿੰਨੀ ਟਰੱਕ ਕਿਰਾਏ ’ਤੇ ਮੰਗਾਇਆ ਤੇ ਆਪਣਾ ਸਾਮਾਨ ਚੁੱਕ ਕਿਤੇ ਹੋਰ ਮੂਵ ਹੋ ਗਿਆ।
ਹੁਣ ਮੈਂ ਕੀ ਕਰਾਂ? ਇੰਡੀਆ ਵਾਪਸ ਮੁੜ ਜਾਵਾਂ? ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਮੇਰਾ ਦਿਲ ਟੁੱਟ ਚੁੱਕਾ ਸੀ। ਕਮਰੇ ਵਿੱਚ ’ਕੱਲਾ ਬੈਠਾ ਮੈਂ ਫੁੱਟ-ਫੁੱਟ ਕੇ ਰੋਇਆ। ਫਿਰ ਮੈਂ ਇੰਡੀਆ ਡੈਡੀ ਨੂੰ ਫੋਨ ਕੀਤਾ।
“ਜਸਪ੍ਰੀਤ, ਮੇਰਾ ਇੱਕ ਦੂਰ ਦਾ ਰਿਸ਼ਤੇਦਾਰ ਅਮਰੀਕਾ ਵਿੱਚ ਰਹਿੰਦਾ ਏ। ਤੈਨੂੰ ਮੈਂ ਉਸ ਦਾ ਨੰਬਰ ਦਿੰਨਾ। ਉਹ ਕਈ ਸਾਲਾਂ ਤੋਂ ਇੱਥੇ ਰਹਿੰਦੈ। ਮੇਰੀ ਉਸ ਨਾਲ ਖ਼ਾਸੀ ਸਾਂਝ ਏ। ਉਹ ਮੇਰਾ ਰਿਸ਼ਤੇਦਾਰ ਵੀ ਏ ਤੇ ਮਿੱਤਰ ਵੀ। ਸਾਲ-ਛੇ ਮਹੀਨੇ ਬਾਅਦ ਮੈਨੂੰ ਉਹਦਾ ਫੋਨ ਜ਼ਰੂਰ ਆਉਂਦੈ। ਤੂੰ ਉਸ ਨੂੰ ਫੋਨ ਕਰ। ਉਹ ਤੇਰੀ ਮਦਦ ਜ਼ਰੂਰ ਕਰੇਗਾ।” ਡੈਡੀ ਨੇ ਫੋਨ ਸੁਣਦਿਆਂ ਹੀ ਮੈਨੂੰ ਹੌਸਲਾ ਦਿੱਤਾ। ਡੈਡੀ ਜੀ ਦਾ ਆਖਾ ਮੰਨ ਕੇ ਮੈਂ ਉਸੇ ਵਕਤ ਅੰਕਲ ਨੂੰ ਫੋਨ ਕੀਤਾ ਪਰ ਅੱਗੋਂ ਕਿਸੇ ਫੋਨ ਚੁੱਕਿਆ ਹੀ ਨਹੀਂ। ਮੈਂ ਡੈਡੀ ਨਾਲ ਗੱਲ ਕੀਤੀ।
“ਕਾਕਾ, ਕੰਮ ’ਤੇ ਹੋਣੈ। ਬਾਅਦ ਵਿੱਚ ਕਰ ਲਵੇਗਾ।” ਡੈਡੀ ਨੇ ਫਿਰ ਧਰਵਾਸ ਦਿੱਤਾ। ਕੁਝ ਚਿਰ ਬਾਅਦ ਅਚਾਨਕ ਰਿੰਗ ਖੜਕੀ। ਮੈਂ ਕਾਹਲੀ ਨਾਲ ਫੋਨ ਚੁੱਕਿਆ।
“ਅੰਕਲ ਜੀ, ਮੈਂ ਹੀ ਤੁਹਾਨੂੰ ਫੋਨ ਕੀਤਾ ਸੀ। ਮੈਂ ਜਸਦੇਵ ਸਿੰਘ ਦਾ ਲੜਕਾ ਬੋਲਦੈਂ।” ਪੁੱਛਣ ’ਤੇ ਮੈਂ ਆਪਣੇ ਬਾਰੇ ਦੱਸਿਆ।
“ਅੱਛਾ…ਅੱਛਾ ਕੀ ਹਾਲ ਏ ਕਾਕਾ ਤੇਰਾ?” ਉਸ ਨੇ ਆਖਿਆ।
“ਅੰਕਲ, ਹਾਲ ਤਾਂ ਖ਼ਰਾਬ ਈ ਏ। ਮੈਂ ਤੁਹਾਡੇ ਕੋਲ ਕੁਝ ਦਿਨ ਰਹਿਣਾ ਚਾਹੁੰਨੈਂ।” ਮੈਂ ਆਪਣੀ ਮੁਸ਼ਕਿਲ ਦੱਸੀ।
“ਆਂ-ਆਂ-ਆਂ, ਕਾਕਾ ਅਜੇ ਤਾਂ ਸਾਡੇ ਰਿਸ਼ਤੇਦਾਰ ਇੰਡੀਆ ਤੋਂ ਆਏ ਹੋਏ ਹਨ। ਜਦੋਂ ਇਹ ਚਲੇ ਜਾਣਗੇ, ਮੈਂ ਤੈਨੂੰ ਕਾਲ ਕਰਾਂਗਾ।” ਉਸ ਨੇ ਆਖਿਆ ਤੇ ਸੰਖੇਪ ਜਿਹੀ ਗੱਲਬਾਤ ਤੋਂ ਬਾਅਦ ਮੇਰਾ ਫੋਨ ਕੱਟ ਦਿੱਤਾ। ਮੈਂ ਦੁਖੀ ਜਿਹੇ ਮਨ ਨਾਲ ਫਿਰ ਡੈਡੀ ਨੂੰ ਫੋਨ ਕੀਤਾ ਤੇ ਵਾਪਰੀ ਸਾਰੀ ਗੱਲ ਦੱਸੀ।
“ਕਾਕਾ, ਘਬਰਾਈਂ ਨਾ। ਅਗਲੇ ਦੀ ਮਜਬੂਰੀ ਵੀ ਹੋ ਸਕਦੀ ਐ। ਤੂੰ ਇਕੱਲਾ ਹੀ ਕਮਰੇ ’ਚ ਰਹਿ ਲੈ। ਇੰਡੀਆ ਵਾਪਸ ਨ੍ਹੀਂ ਆਉਣੈਂ। ਮੈਂ ਥੋੜ੍ਹੀ ਜਿਹੀ ਜ਼ਮੀਨ ਹੋਰ ਧਰ ਕੇ ਤੈਨੂੰ ਕਿਰਾਏ ਜੋਗੇ ਪੈਸੇ ਭੇਜ ਦਿੰਦਾਂ।” ਡੈਡੀ ਨੇ ਮੈਨੂੰ ਫਿਰ ਹੌਸਲਾ ਦਿੱਤਾ। ਤਿੰਨ-ਚਾਰ ਮਹੀਨੇ ਮੈਂ ਇਕੱਲਾ ਹੀ ਉਸ ਕਮਰੇ ਵਿੱਚ ਰਿਹਾ। ਹੌਲੀ-ਹੌਲੀ ਮੇਰੀ ਵਾਕਫ਼ੀ ਵਧਣ ਲੱਗ ਪਈ। ਰੈਸਟੋਰੈਂਟ ਵਿੱਚ ਕੰਮ ਕਰਦੇ ਕਈ ਮੁੰਡੇ ਮੇਰੇ ਦੋਸਤ ਬਣ ਗਏ। ਇੱਕ ਦਿਨ ਟੈਕਸੀ ਵਾਲੇ ਕੁਲਦੀਪ ਅੰਕਲ ਦਾ ਮੈਨੂੰ ਫੋਨ ਆਇਆ।
“ਜਸਪ੍ਰੀਤ, ਅਗਲੇ ਐਤਵਾਰ ਛੁੱਟੀ ਕਰ ਸਕਦੈਂ?” ਉਸ ਨੇ ਮੈਨੂੰ ਪੁੱਛਿਆ।
“ਅੰਕਲ ਜੀ, ਛੁੱਟੀ ਦੀ ਕਿਹੜੀ ਗੱਲ ਏ, ਇੱਥੇ ਤਾਂ ਸਾਰੀ ਜ਼ਿੰਦਗੀ ਕੰਮ ਮੁੱਕਣੇ ਈ ਨਹੀਂ। ਮੈਂ ਕਾਰ ਵਾਸ਼ ’ਤੇ ਜਾਨਾ ਹੁੰਨੈਂ। ਉਸ ਦਿਨ ਆ ਜਾਊਂਗਾ।” ਮੈਂ ਝਬਦੇ ਜਵਾਬ ਮੋੜਿਆ। ਉਂਝ ਵੀ ਮੈਂ ਹੁਣ ਕੁਲਦੀਪ ਅੰਕਲ ਦੀਆਂ ਗੱਲਾਂ ਸੁਣਨ ਲਈ ਬੜਾ ਕਾਹਲਾ ਸੀ।
“ਚਲੋ ਠੀਕ ਏ। ਉਸ ਦਿਨ ਮੇਰੇ ਘਰ ਆ ਜਾਵੀਂ। ’ਕੱਠੇ ਬੈਠ ਕੇ ਚਾਹ ਦਾ ਕੱਪ ਪੀਵਾਂਗੇ।” ਇੰਨਾ ਆਖ ਉਸ ਨੇ ਫੋਨ ਕੱਟ ਦਿੱਤਾ।
ਐਤਵਾਰ ਵਾਲੇ ਦਿਨ ਮੈਂ ਆਪਣੇ ਖਾਣ-ਪੀਣ ਤੇ ਕੱਪੜੇ-ਲੀੜੇ ਧੋਣ ਦਾ ਕੰਮ ਨਿਬੇੜ ਕੇ ਦੁਪਹਿਰ ਤੋਂ ਬਾਅਦ ਉਸ ਦੇ ਘਰ ਜਾ ਪਹੁੰਚਿਆ।
“ਜਸਪ੍ਰੀਤ, ਉਸ ਦਿਨ ਤੇਰਾ ਘਰ ਨੇੜੇ ਆ ਜਾਣ ਕਾਰਨ ਗੱਲ ਵਿਚਾਲੇ ਹੀ ਰਹਿ ਗਈ ਸੀ। ਅੱਧ-ਅਧੂਰੀ ਗੱਲ ਦਾ ਨਾ ਤੈਨੂੰ ਕੋਈ ਮਜ਼ਾ ਆਇਆ, ਨਾ ਮੈਨੂੰ।” ਟੇਬਲ ’ਤੇ ਚਾਹ ਰੱਖਦਿਆਂ ਉਸ ਨੇ ਆਖਿਆ।
“ਅੰਕਲ ਜੀ, ਗੱਲ ਤਾਂ ਤੁਹਾਡੀ ਠੀਕ ਏ। ਇਨ੍ਹਾਂ ਦੇਸ਼ਾਂ ਵਿੱਚ ਗੱਲ ਕਰਨ ਲਈ ਆਪਣੇ ਬੰਦੇ ਕਿਹੜੇ ਮਿਲਦੇ ਆ। ਦੌੜ ਤਾਂ ਲੱਗੀ ਪਈ ਏ। ਮੈਂ ਵੀ ਸੋਚਿਆ, ਬਈ ਅੰਕਲ ਜੀ ਦੀ ਬਾਕੀ ਬਚਦੀ ਗੱਲ ਸੁਣਨੀ ਜ਼ਰੂਰ ਏ। ਉਸ ਦਿਨ ਤੁਹਾਡੀਆਂ ਗੱਲਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਸੀ।” ਮੈਂ ਜਵਾਬ ਮੋੜਿਆ।
“ਜਸਪ੍ਰੀਤ, ਮੈਂ ਤੈਨੂੰ ਇਹੋ ਜਿਹੀ ਕਿਹੜੀ ਗੱਲ ਦੱਸ ਦਿੱਤੀ ਸੀ, ਮੈਂ ਤਾਂ ਭਰਾਵਾ ਆਪਣੇ ਰੰਡੀ-ਰੋਣੇ ਰੋਏ ਸੀ।” ਕੁਲਦੀਪ ਹੱਸਦਿਆਂ ਬੋਲਿਆ।
“ਹਾਂ ਸੱਚ, ਉਸ ਦਿਨ ਗੱਲ ਕਿੱਥੇ ਛੱਡੀ ਸੀ?” ਫਿਰ ਉਸ ਨੇ ਆਪਣਾ ਹਾਸਾ ਰੋਕਦਿਆਂ ਮੈਨੂੰ ਪੁੱਛਿਆ।
“ਅੰਕਲ ਜੀ, ਮੈਂ ਪੁੱਛਿਆ ਸੀ ਕਿ ਤੁਸੀਂ ਅਮਰੀਕਾ ਵਿੱਚ ਪੱਕੇ ਕਿਵੇਂ ਹੋਏ ਸੀ?”
“ਜਸਪ੍ਰੀਤ, ਲੁਕ-ਛਿਪ ਕੇ ਕੰਮ ਕਰਨਾ, ਹਰ ਵੇਲੇ ਇਮੀਗ੍ਰੇਸ਼ਨ ਦਾ ਡਰ ਕਿ ਕਿਤੇ ਹੁਣ ਨਾ ਛਾਪਾ ਪੈ ਜਾਵੇ, ਹੁਣ ਨਾ ਪੈ ਜਾਵੇ। ਜਿਹੜੇ ਪੈਸੇ ਕਮਾਉਣੇ, ਉਹ ਬਸ ਵਕੀਲਾਂ ਦੀਆਂ ਫੀਸਾਂ ਜੋਗੇ ਹੀ ਹੁੰਦੇ ਸਨ। ਉਸ ਵੇਲੇ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀ। ਘਰਦਿਆਂ ਨੂੰ ਯਾਦ ਕਰ-ਕਰ ਕੇ ਇੱਧਰ ਅਸੀਂ ਤੜਫੀ ਜਾਣਾ ਤੇ ਉੱਧਰ ਉਨ੍ਹਾਂ ਨੇ ਫ਼ਿਕਰ ਕਰੀ ਜਾਣਾ। ਇਸ ਜ਼ਿੰਦਗੀ ਤੋਂ ਡਰ ਆਉਂਦਾ ਸੀ। ਫਿਰ ਕੁਦਰਤੀ ਮੈਨੂੰ ਵਿਆਹ ਕਰਾਉਣ ਲਈ ਇੱਕ ਗੋਰੀ ਮਿਲ ਗਈ। ਪੱਕੇ ਹੋਣ ਲਈ ਮੈਂ ਉਹਦੇ ਨਾਲ ਕਾਗਜ਼ੀ ਵਿਆਹ ਕਰਾ ਲਿਆ। ਹਰ ਮਹੀਨੇ ਉਹਨੂੰ ਬੱਝਵੇਂ ਡਾਲਰ ਦੇਣੇ। ਕਈ ਵਾਰ ਉਹਨੇ ਵਾਧੂ ਹੋਰ ਪੈਸੇ ਮੰਗ ਲੈਣੇ। ਜ਼ਿੰਦਗੀ ਹੋਰ ਕਸੂਤੀ ਫਸ ਗਈ। ਮਰਦਾ ਕੀ ਨ੍ਹੀਂ ਕਰਦਾ। ਦੋ-ਤਿੰਨ ਸਾਲ ਇਵੇਂ ਚੱਲਦਾ ਰਿਹਾ। ਫਿਰ ਉਹ ਆਪਣੇ ਪਾਰਟਨਰ ਨੂੰ ਛੱਡ ਕੇ ਪੱਕੇ ਤੌਰ ’ਤੇ ਮੇਰੇ ਨਾਲ ਹੀ ਰਹਿਣ ਲੱਗ ਪਈ। ਮੇਰੇ ਖ਼ਰਚੇ ਹੋਰ ਵਧ ਗਏ। ਭਰਾਵਾ ਰੋਜ਼ ਅਠਾਰਾਂ-ਅਠਾਰਾਂ ਘੰਟੇ ਕੰਮ ਕਰਨਾ। ਮਸਾਂ ਉਹਦੇ ਖ਼ਰਚੇ ਪੂਰੇ ਕਰਨੇ। ਨਾ ਮੇਰੀ ਫਾਈਲ ਅਜੇ ਖੁੱਲ੍ਹਦੀ ਸੀ। ਕੋਹਲੂ ਦੇ ਬੈਲ ਵਾਂਗ ਉਹਨੇ ਮੇਰੇ ਚੰਗੇ ਗੇੜੇ ਕਢਾਏ। ਜ਼ਿੰਦਗੀ ਦੇ ਉਹ ਚਾਰ ਪੰਜ ਸਾਲ ਮੈਨੂੰ ਕਦੇ ਨ੍ਹੀਂ ਭੁੱਲਣੇ। ਆਖਿਰ ਮੇਰੀ ਵਿਆਹ ਵਾਲੀ ਫਾਈਲ ਖੁੱਲ੍ਹ ਗਈ। ਫਿਰ ਥੋੜ੍ਹਾ ਜਿਹਾ ਮਨ ਨੂੰ ਧਰਵਾਸ ਬੱਝਿਆ ਪਰ ਜਿਸ ਦਿਨ ਮੇਰੀ ਤੇ ਉਹਦੀ ਇਮੀਗ੍ਰੇਸ਼ਨ ਕੋਲ ਇੰਟਰਵਿਊ ਸੀ, ਉਹਤੋਂ ਕੁਝ ਕੁ ਦਿਨ ਪਹਿਲਾਂ ਉਹ ਭੱਜ ਗਈ।”
“ਓਹ!” ਉਸ ਦੀ ਇਹ ਗੱਲ ਸੁਣ ਕੇ ਮੇਰੇ ਮੂੰਹੋਂ ਅਚਾਨਕ ਹਉਕਾ ਜਿਹਾ ਨਿਕਲਿਆ। ਉਸ ਨੇ ਮੇਰੇ ਵੱਲ ਵੇਖਿਆ।
“ਅੰਕਲ ਜੀ, ਤੁਹਾਡੀ ਤਾਂ ਸੱਚਮੁੱਚ ਹੀ ਬੜੀ ਦਿਲਚਸਪ ਤੇ ਦੁੱਖ ਭਰੀ ਕਹਾਣੀ ਹੈ।” ਹਮਦਰਦੀ ਵਜੋਂ ਮੈਂ ਆਖਿਆ ਤੇ ਫਿਰ ਉਹ ਆਪਣੀ ਗੱਲ ਅੱਗੇ ਸੁਣਾਉਣ ਲੱਗ ਪਿਆ।
“ਜਸਪ੍ਰੀਤ, ਮੈਂ ਹੌਸਲਾ ਨ੍ਹੀਂ ਛੱਡਿਆ। ਮੈਂ ਆਪਣੇ ਨਾਲ ਆਪਣੇ ਦੋ ਗਵਾਹ ਤੇ ਉਸ ਦੇ ਮੇਰੇ ਨਾਲ ਰਹਿਣ ਦੇ ਸਬੂਤ ਲੈ ਕੇ ਇੰਟਰਵਿਊ ’ਤੇ ਜਾਣ ਦਾ ਪੱਕਾ ਨਿਸ਼ਚਾ ਕਰ ਲਿਆ ਪਰ ਇੰਟਰਵਿਊ ਵਾਲੇ ਦਿਨ ਮੇਰਾ ਇੱਕ ਗਵਾਹ ਜੋ ਮੇਰਾ ਪੱਕਾ ਦੋਸਤ ਸੀ, ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਗਿਆ। ਫਿਰ ਮੈਂ ਆਪਣੇ ਇੱਕ ਗਵਾਹ ਨੂੰ ਹੀ ਨਾਲ ਲੈ ਕੇ ਇੰਟਰਵਿਊ ’ਤੇ ਚਲੇ ਗਿਆ।” ਅੰਕਲ ਦੇ ਇੰਝ ਆਖਣ ’ਤੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ ਪਰ ਉਸ ਨੇ ਆਪਣੀ ਗੱਲ ਜਾਰੀ ਰੱਖੀ।
“ਮਿਸਟਰ ਸਿੰਘ, ਆਰ ਯੂ ਮੈਰਿਡ?” ਇਮੀਗ੍ਰੇਸ਼ਨ ਅਫ਼ਸਰ ਨੇ ਮੈਨੂੰ ਪਹਿਲਾ ਸਵਾਲ ਕੀਤਾ।
“ਯੈੱਸ ਸਰ।” ਮੈਂ ਹੌਸਲੇ ਨਾਲ ਆਖਿਆ।
“ਵੇਅਰ ਇਜ਼ ਯੂਅਰ ਵਾਈਫ?” ਉਸ ਨੇ ਪੁੱਛਿਆ।
“ਸਰ, ਸ਼ੀ ਹੈਜ਼ ਲੈਫਟ ਮੀਂ।” ਮੈਂ ਸੱਚ ਦੱਸਿਆ।
“ਵਾਈ ਸ਼ੀ ਲੈਫਟ ਯੂ?”
“ਆਈ ਡੌਂਟ ਨੋਅ, ਸਰ।” ਮੇਰੇ ਇੰਝ ਕਹਿਣ ’ਤੇ ਗੋਰਾ ਅਫ਼ਸਰ ਨੀਵੀਂ ਪਾ ਕੇ ਹੱਸਿਆ।
“ਮਿਸਟਰ ਸਿੰਘ, ਯੂ ਨੋਅ! ਯੂਅਰ ਵਾਈਫ ਸ਼ੁੱਡ ਬੀ ਵਿਦ ਯੂ ਐਟ ਦਿ ਟਾਈਮ ਆਫ ਇੰਟਰਵਿਊ?” ਫਿਰ ਉਸ ਨੇ ਮੇਰੇ ਵੱਲ ਮੂੰਹ ਭੁਆਂਦਿਆਂ ਆਖਿਆ।
“ਸਰ, ਸ਼ੀ ਹੈਜ਼ ਲੈਫਟ ਮੀਂ ਜਸਟ ਵਨ ਮੰਥ ਬਿਫੋਰ।” ਮੈਂ ਝਿਜਕਦਿਆਂ ਜਵਾਬ ਦਿੱਤਾ।
“ਵਰ ਯੂ ਟੁਗੈਦਰ ਜਸਟ ਵਨ ਮੰਥ ਬਿਫੋਰ ਮਿਸਟਰ ਸਿੰਘ?”
“ਯੈੱਸ ਸਰ।”
“ਯੂ ਹੈਵ ਐਨੀ ਵਿਟਨਸ ਵਿਦ ਯੂ?”
“ਸਰ, ਦਿਸ ਗਾਏ ਇਜ਼ ਮਾਈ ਵਿਟਨਸ।”
“ਮਿਸਟਰ ਸਿੰਘ, ਯੂ ਨੋਅ! ਯੂ ਸ਼ੁੱਡ ਹੈਵ ਟੂ ਵਿਟਨੈਸ?”
ਉਸ ਦਾ ਇਹ ਸਵਾਲ ਸੁਣ ਕੇ ਮੈਂ ਬੇਵਸੀ ਜਿਹੀ ਜ਼ਾਹਰ ਕੀਤੀ। ਮੈਂ ਚੁੱਪ ਸਾਂ। “ਦੈਟ ਇਜ਼ ਓ.ਕੇ.। ਆਈ ਵੁੱਡ ਸੀ।” ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ। ਇੰਨਾ ਆਖ ਉਸ ਨੇ ਇੰਟਰਵਿਊ ਬੰਦ ਕਰ ਦਿੱਤੀ। ਮੈਂ ਤੇ ਮੇਰਾ ਦੋਸਤ ਨਮੋਸ਼ੀ ਵਿੱਚ ਡੁੱਬੇ ਇਮੀਗ੍ਰੇਸ਼ਨ ਦਫ਼ਤਰ ਤੋਂ ਬਾਹਰ ਆ ਗਏ। ਮੇਰੀ ਇੰਟਰਵਿਊ ਵਧੀਆ ਨਹੀਂ ਸੀ ਹੋਈ। ਪਤਨੀ ਵੀ ਛੱਡ ਗਈ ਸੀ ਤੇ ਵਿਟਨੈਸ ਵੀ ਪੂਰੇ ਨਹੀਂ ਸਨ। ਕਈ ਦਿਨ ਮੇਰਾ ਮਨ ਬੜਾ ਉਦਾਸ ਰਿਹਾ। ਮੈਂ ਸੋਚਿਆ ਅਮਰੀਕਾ ਵਿੱਚ ਲੱਗੇ ਮੇਰੇ ਦਸ-ਬਾਰਾਂ ਸਾਲ ਬੇਅਰਥ ਹੀ ਗਏ। ਫਿਰ ਅਚਾਨਕ ਮੇਰਾ ਗਰੀਨ ਕਾਰਡ ਆ ਗਿਆ, ਜਿਵੇਂ ਕੁਦਰਤ ਮੇਰੇ ’ਤੇ ਮਿਹਰਬਾਨ ਹੋ ਗਈ ਹੋਵੇ। ਸੱਚਮੁੱਚ ਇਹ ਮੇਰੇ ਲਈ ਕਿਸੇ ਅਚੰਭੇ ਤੋਂ ਘੱਟ ਨਹੀਂ ਸੀ। ਸ਼ਾਇਦ ਇਮੀਗ੍ਰੇਸ਼ਨ ਅਫ਼ਸਰ ਨੇ ਮੇਰੇ ’ਤੇ ਤਰਸ ਕਰ ਲਿਆ ਸੀ।
“ਫਿਰ ਤੇ ਅੰਕਲ ਜੀ, ਅਮਰੀਕਾ ਦਾ ਗਰੀਨ ਕਾਰਡ ਲੈਣ ਲਈ ਤੁਹਾਨੂੰ ਬੜੀ ਸਖ਼ਤ ਪ੍ਰੀਖਿਆ ਤੋਂ ਲੰਘਣਾ ਪਿਆ ਏ।” ਹੈਰਾਨ ਹੁੰਦਿਆਂ ਮੈਂ ਆਖਿਆ। ਇੰਨੀ ਕੁ ਗੱਲ ਸੁਣਾ ਕੇ ਉਹ ਚੁੱਪ ਕਰ ਗਿਆ, ਜਿਵੇਂ ਦੁੱਖਾਂ ਦੀ ਕੋਈ ਅਗਲੀ ਗੱਠ ਖੋਲ੍ਹ ਰਿਹਾ ਹੋਵੇ।
“ਅੰਕਲ ਜੀ, ਮੈਨੂੰ ਲੱਗਦੈ, ਤੁਸੀਂ ਇੱਥੇ ਇਕੱਲੇ ਈ ਰਹਿੰਨੇ ਓਂ। ਕੀ ਗੱਲ ਪੱਕੇ ਹੋ ਕੇ ਵਿਆਹ ਵਗੈਰਾ ਨ੍ਹੀਂ ਕਰਾਇਆ?” ਉਸ ਨੂੰ ਦੁਖੀ ਵੇਖ ਵਿਸ਼ਾ ਬਦਲਦਿਆਂ ਮੈਂ ਨਵਾਂ ਸਵਾਲ ਕੀਤਾ।
“ਜਸਪ੍ਰੀਤ, ਵਿਆਹ ਇੰਡੀਆ ਜਾ ਕੇ ਕਰਾਇਆ ਸੀ। ਕੁੜੀ ਐੱਮ.ਏ. ਪਾਸ ਏ। ਮੈਂ ਤਾਂ ਬਾਰ੍ਹਵੀਂ ਤੋਂ ਹਟ ਕੇ ਏਜੰਟਾਂ ਦੇ ਚੱਕਰ ਲਾਉਣ ਲੱਗ ਪਿਆ ਸੀ। ਤੈਨੂੰ ਪਤਾ ਈ ਹੋਣੈ, ਉਨ੍ਹਾਂ ਸਮਿਆਂ ਵਿੱਚ ਬਾਹਰਲਿਆਂ ਮੁੰਡਿਆਂ ਨੂੰ ਇੰਡੀਆ ਵਿੱਚ ਚੰਗੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਮਿਲ ਜਾਂਦੀਆਂ ਸਨ। ਹੁਣ ਤਾਂ ਲੋਕ ਪੜ੍ਹ ਲਿਖ ਗਏ ਆ।”
“ਆਂਟੀ ਜੀ ਕੰਮ ’ਤੇ ਗਏ ਨੇ?” ਮੈਂ ਸਰਸਰੀ ਪੁੱਛਿਆ।
“ਨਹੀਂ-ਨਹੀਂ ਜਸਪ੍ਰੀਤ। ਮੇਰਾ ਓਸ ਨਾਲ ਤਲਾਕ ਹੋ ਗਿਆ ਸੀ। ਮੇਰੀਆਂ ਦੋ ਬੇਟੀਆਂ ਨੇ। ਉਹ ਵੀ ਉਹਦੇ ਨਾਲ ਹੀ ਰਹਿੰਦੀਆਂ ਨੇ। ਕਦੇ-ਕਦੇ ਜਾ ਕੇ ਮਿਲ ਆਉਂਨੈਂ।” ਉਸ ਨੇ ਦੁੱਖ ਭਰੇ ਲਹਿਜੇ ਵਿੱਚ ਆਖਿਆ।
“ਅੰਕਲ ਜੀ, ਤਲਾਕ ਕਿਉਂ ਹੋ ਗਿਆ ਸੀ?”
“ਬਸ ਆਹੀ, ਅਖੇ ਮੈਂ ਤੇਰੇ ਨਾਲੋਂ ਵੱਧ ਪੜ੍ਹੀ ਆਂ। ਤੂੰ ਘੱਟ ਪੜ੍ਹਿਐਂ। ਗੱਲ ਕੀ, ਤਲਾਕ ਲੈਣ ਲਈ ਬਹਾਨਾ ਬਣਾ ਲਿਆ। ਹੁਣ ਉਹ ਮੇਰੇ ਇੱਕ ਪੁਰਾਣੇ ਦੋਸਤ ਨਾਲ ਰਹਿੰਦੀ ਏ। ਦੋਸਤ ਕਾਹਦਾ, ਹੁਣ ਤਾਂ ਮੇਰਾ ਉਹ ਦੁਸ਼ਮਣ ਏ ਦੁਸ਼ਮਣ।” ਉਸ ਨੇ ਕਚੀਚੀ ਵੱਟਦਿਆਂ ਆਖਿਆ, ਜਿਵੇਂ ਉਸ ਨੂੰ ਦੋਸਤ ਸ਼ਬਦ ਤੋਂ ਹੀ ਚਿੜ ਹੋ ਗਈ ਹੋਵੇ। ਉਸ ਦੀ ਇਹ ਦੁੱਖ ਭਰੀ ਵਿਥਿਆ ਸੁਣ ਕੇ ਮੇਰਾ ਵੀ ਗੱਚ ਭਰ ਆਇਆ। ਫਿਰ ਮੈਂ ਉਸ ਨੂੰ ਅੱਗੇ ਹੋਰ ਸਵਾਲ-ਜਵਾਬ ਕਰਨ ਤੋਂ ਹਟ ਗਿਆ। ਅਸਾਂ ਦੋਵੇਂ ਡੇਢ-ਦੋ ਘੰਟੇ ਆਪਸ ਵਿੱਚ ਗੱਲਬਾਤ ਕਰਦੇ ਰਹੇ।
“ਜਸਪ੍ਰੀਤ, ਕਦੇ-ਕਦੇ ਮਿਲਦਾ-ਗਿਲਦਾ ਰਿਹਾ ਕਰ। ਆਪਸ ਵਿੱਚ ਗੱਲਾਂ ਕਰਕੇ ਬੰਦੇ ਦਾ ਮਨ ਹੌਲੀ ਹੋ ਜਾਂਦੈ।” ਮੇਰੇ ਤੁਰਨ ਲੱਗਿਆਂ ਉਸ ਨੇ ਬੜੇ ਮੋਹ ਨਾਲ ਆਖਿਆ।
“ਯਾਰ, ਇਹ ਬੰਦਾ ਤਾਂ ਸੱਚਮੁੱਚ ਹੀ ਜ਼ਿੰਦਗੀ ਦੀਆਂ ਠੋਕਰਾਂ ਨੇ ਤੋੜਿਆ ਪਿਆ ਏ। ਇਹ ਕਿਸੇ ’ਤੇ ਵਿਸ਼ਵਾਸ ਵੀ ਕਿਵੇਂ ਕਰੇ? ਇਹਦੇ ਨਾਲ ਤਾਂ ਇਹਦੇ ਦੋਸਤਾਂ ਨੇ ਹੀ ਬੜਾ ਦਗਾ ਕਮਾਇਆ ਏ।”
“ਪਰ ਸਾਰੀ ਦੁਨੀਆ ਇਕੋ ਜਿਹੀ ਨ੍ਹੀਂ ਹੁੰਦੀ। ਦੁਨੀਆ ਵਿੱਚ ਬਥੇਰੇ ਚੰਗੇ ਬੰਦੇ ਵੀ ਨੇ। ਇਹ ਹਰ ਬੰਦੇ ਦਾ ਨਿੱਜੀ ਤਜਰਬਾ ਹੁੰਦੈ। ਕੁਝ ਨੁਕਸ ਆਪਣੇ ਵਿੱਚ ਵੀ ਹੁੰਦੇ ਨੇ ਤੇ ਕੁਝ ਦੂਜਿਆਂ ਵਿੱਚ। ਅਸਾਂ ਸਾਰਾ ਦੋਸ਼ ਦੂਜਿਆਂ ਸਿਰ ਥੋੜ੍ਹੇ ਮੜ੍ਹ ਸਕਦੇ ਆਂ।” ਕਈ ਦਿਨ ਮੇਰੇ ਜ਼ਿਹਨ ਵਿੱਚ ਇਹੋ-ਜਿਹੇ ਕਈ ਸਵਾਲ ਕਰਵਟਾਂ ਲੈਂਦੇ ਰਹੇ।
“ਜਸਪ੍ਰੀਤ, ਮੈਂ ਤੇਰਾ ਅੰਕਲ ਬੋਲਦੈਂ। ਪਛਾਣਿਐਂ ਮੈਨੂੰ?” ਰਿੰਗ ਖੜਕਣ ’ਤੇ ਫੋਨ ਚੁੱਕਦਿਆਂ ਹੀ ਮੇਰੀ ਕੰਨੀਂ ਇਹ ਆਵਾਜ਼ ਪਈ।
“ਹਾਂ-ਹਾਂ-ਅੰਕਲ। ਮੈਂ ਪਛਾਣ ਲਿਆ ਤੁਹਾਨੂੰ। ਤੁਸੀਂ ਮੇਰੇ ਡੈਡੀ ਦੇ ਦੋਸਤ ਹੋ।” ਆਵਾਜ਼ ਪਛਾਣ ਕੇ ਮੈਂ ਝਬਦੇ ਨੇ ਆਖਿਆ।
“ਜਸਪ੍ਰੀਤ, ਮੈਂ ਤੈਨੂੰ ਆਖਿਆ ਸੀ ਨਾ ਬਈ ਇੰਡੀਆ ਵਾਲੇ ਰਿਸ਼ਤੇਦਾਰਾਂ ਦੇ ਜਾਣ ਤੋਂ ਬਾਅਦ ਤੂੰ ਮੇਰੇ ਕੋਲ ਆ ਜਾਵੀਂ।”
“ਹਾਂ, ਅੰਕਲ।”
“ਜਸਪ੍ਰੀਤ, ਅਸਲ ਵਿੱਚ ਹੁਣ ਉਨ੍ਹਾਂ ਨੇ ਆਪਣਾ ਵੀਜ਼ਾ ਹੋਰ ਵਧਾ ਲਿਆ ਏ। ਉਹ ਕੁਝ ਸਮਾਂ ਹੋਰ ਇੱਥੇ ਰਹਿਣਾ ਚਾਹੁੰਦੇ ਨੇ। ਤੂੰ ਸਮਝ ਗਿਆ ਏਂ ਨਾ!”
“ਅੰਕਲ ਜੀ, ਕੋਈ ਗੱਲ ਨਹੀਂ। ਠੀਕ ਏ… ਠੀਕ ਏ…। ਮੈਂ ਸਮਝ ਗਿਐਂ ਪਰ ਹੁਣ ਅਸਾਂ ਤਿੰਨ ਮੁੰਡਿਆਂ ਨੇ ਰਲ ਕੇ ਇੱਕ ਕਮਰਾ ਕਿਰਾਏ ’ਤੇ ਲੈ ਲਿਆ ਏ।”
“ਕਾਕਾ, ਫਿਰ ਤੇ ਵਧੀਆ ਹੋ ਗਿਐ। ਮੈਂ ਤੈਨੂੰ ਇਹ ਦੱਸਣ ਲਈ ਹੀ ਫੋਨ ਕੀਤਾ ਸੀ ਕਿ ਕਿਧਰੇ ਮੁੰਡਾ ਪਰੇਸ਼ਾਨ ਨਾ ਹੋਵੇ।”
“ਅੰਕਲ ਜੀ, ਫੋਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!” ਫੋਨ ਛੇਤੀ ਕੱਟਿਆ ਗਿਆ।
“ਕੀ ਲਖਬੀਰ ਨੇ ਵੀ ਮੈਨੂੰ ਆਪਣੇ ’ਤੇ ਭਾਰ ਸਮਝ ਕੇ ਆਪਣਾ ਕਮਰਾ ਤਾਂ ਨਹੀਂ ਸੀ ਬਦਲ ਲਿਆ?” ਮੇਰੀ ਸੋਚ ਪਰਤੀ।
ਕਈ ਦਿਨਾਂ ਬਾਅਦ ਅੱਜ ਫਿਰ ਮੇਰੇ ਦਿਮਾਗ਼ ਵਿੱਚ ਟੈਕਸੀ ਵਾਲੇ ਕੁਲਦੀਪ ਅੰਕਲ ਦੀ ਸੁਣਾਈ ਵਿਥਿਆ ਚੱਕਰ ਕੱਟਣ ਲੱਗ ਪਈ ਸੀ।
ਸੰਪਰਕ: +61431696030